nabaz-e-punjab.com

ਬਾਰਿਸ਼ ਨੇ ਖੋਲ੍ਹੀ ਮੁਹਾਲੀ ਪ੍ਰਸ਼ਾਸਨ ਦੇ ਜਲ ਪ੍ਰਬੰਧਾਂ ਦੀ ਪੋਲ, ਨੀਵੇਂ ਇਲਾਕਿਆਂ ਵਿੱਚ ਖੜਾ ਮੀਂਹ ਦਾ ਪਾਣੀੇ, ਆਵਾਜਾਈ ਹੋਈ ਪ੍ਰਭਾਵਿਤ

ਪਿੰਡ ਬਲੌਂਗੀ ਵਿੱਚ ਪਾਣੀ ਵਿੱਚ ਕਰੰਟ ਆਉਣ ਨਾਲ ਅੌਰਤ ਦੀ ਮੌਤ, ਪਿੰਡ ਵਿੱਚ ਸੋਗ ਫੈਲਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਅੱਜ ਸਵੇਰੇ ਭਰਵੀਂ ਬਰਸਾਤ ਪੈਣ ਕਾਰਨ ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿਚ ਹਰ ਪਾਸੇ ਹੀ ਜਲ ਥੱਲ ਹੋ ਗਈ। ਇਸ ਬਰਸਾਤ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਇਕ ਫੁੱਟ ਤੱਕ ਪਾਣੀ ਭਰ ਗਿਆ ਅਤੇ ਪਿੰਡ ਬਲੌਂਗੀ ਵਿੱਚ ਪਾਣੀ ਵਿੱਚ ਕਰੰਟ ਹੋਣ ਕਾਰਨ ਇਕ ਮਹਿਲਾ ਰਾਣੀ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਬਲੌਂਗੀ ਕਲੋਨੀ ਦੀ ਸਰਪੰਚ ਬੀਬੀ ਭਿੰਦਰਜੀਤ ਕੌਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਤਲਾਹ ਭੇਜੀ। ਇਸ ਮਗਰੋਂ ਤਹਿਸੀਲਦਾਰ ਅਤੇ ਪਟਵਾਰੀ ਵੀ ਘਟਨਾ ਸਥਾਨ ’ਤੇ ਪੁੱਜ ਗਏ। ਸਰਪੰਚ ਨੇ ਦੱਸਿਆ ਕਿ ਰਾਣੀ ਦੇ ਘਰ ਵਿੱਚ ਮੀਂਹ ਦਾ ਪਾਣੀ ਭਰ ਗਿਆ ਸੀ। ਉਹ ਜਿਵੇਂ ਹੀ ਇਨਵਟਰ ਦਾ ਸਵਿੱਚ ਬੰਦ ਕਰਨ ਲੱਗੀ ਤਾਂ ਉਸ ਨੂੰ ਜਬਰਦਸਤ ਕਰੰਟ ਲੱਗਾ ਅਤੇ ਉਸ ਦੀ ਮੌਤ ਹੋ ਗਈ। ਸਮਾਜ ਸੇਵੀ ਆਗੂ ਬੀ.ਸੀ. ਪ੍ਰੇਮੀ ਅਤੇ ਪ੍ਰਿਤਪਾਲ ਸਿੰਘ ਵੀ ਉਥੇ ਪਹੁੰਚ ਗਏ ਅਤੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ।
ਅੱਜ ਸਵੇਰੇ 11 ਵਜੇ ਦੇ ਕਰੀਬ ਬਰਸਾਤ ਪੈਣੀ ਸ਼ੁਰੂ ਹੋਈ,ਜੋ ਕਿ ਡੇਢ ਘੰਟੇ ਤਕ ਜਾਰੀ ਰਹੀ। ਇਸ ਤੇਜ ਬਰਸਾਤ ਕਾਰਨ ਇਕ ਵਾਰ ਤਾਂ ਹਰ ਪਾਸੇ ਹੀ ਹਨੇਰਾ ਹੀ ਛਾ ਗਿਆ ਅਤੇ ਵਾਹਨ ਚਾਲਕਾਂ ਨੂੰ ਵੀ ਆਪਣੇ ਵਾਹਨ ਲਾਈਟਾਂ ਜਗਾ ਕੇ ਚਲਾਉਣੇ ਪਏ। ਮੁਹਾਲੀ ਦੇ ਕਈ ਇਲਾਕਿਆਂ ਵਿਚ ਤਾਂ ਸੜਕਾਂ ਨਦੀ ਦਾ ਰੂਪ ਧਾਰ ਗਈਆਂ। ਇਸ ਬਰਸਾਤ ਕਾਰਨ ਮੁਹਾਲੀ ਦੀ ਮੁੱਖ ਸੜਕ, ਜੋ ਕਿ ਫੇਜ਼ 4 ਅਤੇ ਫੇਜ਼ 5 ਨੂੰ ਵੰਡਦੀ ਹੈ, ਵੀ ਨਦੀ ਦਾ ਰੂਪ ਧਾਰ ਗਈ। ਇਸ ਸੜਕ ਉਪਰ ਹਰ ਪਾਸੇ ਹੀ ਪਾਣੀ ਹੀ ਪਾਣੀ ਨਜਰ ਆ ਰਿਹਾ ਸੀ। ਇਸ ਪਾਣੀ ਵਿਚ ਜਾ ਰਹੇ ਕਈ ਵਾਹਨ ਇੰਜਣ ਵਿਚ ਪਾਣੀ ਪੈ ਜਾਣ ਕਾਰਨ ਅੱਧਵਿਚਾਲੇ ਜਿਹੇ ਹੀ ਖਰਾਬ ਹੋ ਕੇ ਰੁਕ ਗਏ, ਜਿਸ ਕਾਰਨ ਵਾਹਨ ਚਾਲਕਾਂ ਅਤੇ ਹੋਰ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀਆਂ ਸਾਰੀਆਂ ਬੀ ਸੜਕਾਂ ਉਪਰ ਕਰੀਬ ਇਕ ਇਕ ਫੁੱਟ ਪਾਣੀ ਖੜ ਗਿਆ ਜੋ ਕਿ ਲੰਮਾਂ ਸਮਾਂ ਖੜਾ ਰਿਹਾ, ਜਿਸ ਕਾਰਨ ਲੋਕਾਂ ਨੁੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਬਰਸਾਤ ਕਾਰਨ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੀਤੇ ਪ੍ਰਬੰਧਾਂ ਦੀ ਪੋਲ ਵੀ ਖੁੱਲ ਕੇ ਸਾਹਮਣੇ ਆ ਗਈ। ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਹਰ ਪਾਸੇ ਹੀ ਪਾਣੀ ਹੀ ਪਾਣੀ ਨਜਰ ਆ ਰਿਹਾ ਸੀ। ਇਸ ਤੋੱ ਇਲਾਵਾ ਰੋੜ ਗਲੀਆਂ ਦੀ ਵੀ ਸਮੇੱ ਸਿਰ ਸਫਾਈ ਨਾ ਹੋਣ ਕਰਕੇ ਬਰਸਾਤੀ ਪਾਣੀ ਸੜਕਾਂ ਉਪਰ ਹੀ ਘੁੰਮਦਾ ਰਿਹਾ ਜੋ ਕਿ ਲੋਕਾਂ ਲਈ ਸਿਰਦਰਦੀ ਬਣਦਾ ਰਿਹਾ। ਇਸ ਬਰਸਾਤ ਦਾ ਨੌਜਵਾਨ ਮੁੰਡੇ ਕੁੜੀਆਂ ਨੇ ਕਾਫੀ ਆਨੰਦ ਮਾਣਿਆ। ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਬਣੇ ਕੌਫੀ ਹਾਊਸਾਂ ਅਤੇ ਹੋਰ ਦੁਕਾਨਾਂ ਉਪਰ ਬਰਸਾਤ ਸਮੇਂ ਨੌਜਵਾਨ ਮੁੰਡੇ ਕੁੜੀਆਂ ਕੌਫੀ ਦੀਆਂ ਚੁਸਕੀਆਂ ਭਰਦੇ ਵੇਖੇ ਗਏ। ਅਨੇਕਾਂ ਹੀ ਮੁੰਡੇ ਕੁੜੀਆਂ ਮਾਰਕੀਟਾਂ ਵਿਚ ਸ਼ੋਅਰੂਮਾਂ ਅੱਗੇ ਬਣੀਆਂ ਗੈਲਰੀਆਂ ਵਿਚ ਖੜੇ ਬਰਸਾਤ ਦਾ ਆਨੰਦ ਮਾਣਦੇ ਵੇਖੇ ਗਏ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…