Nabaz-e-punjab.com

ਮੌਨਸੂਨ ਦੀ ਪਹਿਲੀ ਬਾਰਸ਼: ਰੋਡ ਗਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ’ਤੇ ਜਮ੍ਹਾ ਹੋਇਆ ਮੀਂਹ ਦਾ ਪਾਣੀ

ਆਰਟੀਆਈ ਕਾਰਕੁਨ ਕੁਲਜੀਤ ਬੇਦੀ ਨੇ ਸ਼ਹਿਰ ਦਾ ਦੌਰਾ ਕਰਕੇ ਜਲ ਨਿਕਾਸੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਮੌਨਸੂਨ ਦੀ ਪਹਿਲੀ ਬਾਰਸ਼ ਨੇ ਮੁਹਾਲੀ ਪ੍ਰਸ਼ਾਸਨ, ਨਗਰ ਨਿਗਮ ਅਤੇ ਗਮਾਡਾ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਨਿਕਾਸੀ ਨਾਲਿਆਂ ਅਤੇ ਰੋਡ ਗਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਅੱਜ ਸਵੇਰੇ ਹੋਈ ਬਾਰਸ਼ ਦਾ ਪਾਣੀ ਸੜਕਾਂ ’ਤੇ ਜਮ੍ਹਾ ਹੋ ਗਿਆ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਹੋਰ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਅੱਜ ਸ਼ਹਿਰ ਦਾ ਦੌਰਾ ਕਰਕੇ ਜਲ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜੇਕਰ ਲਗਾਤਾਰ ਬਾਰਸ਼ ਹੋ ਜਾਂਦੀ ਤਾਂ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਦਾਖ਼ਲ ਹੋ ਸਕਦਾ ਸੀ।
ਸ੍ਰੀ ਬੇਦੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੀਸੀਏ ਸਟੇਡੀਅਮ ਨੇੜਿਓਂ ਲੰਘਦੇ ਗੰਦੇ ਪਾਣੀ ਦੇ ਨਾਲੇ ਸਮੇਤ ਲਖਨੌਰ ਐਨ ਚੋਅ ਅਤੇ ਪਟਿਆਲਾ ਦੀ ਰਾਓ ਵਿੱਚ ਪਏ ਮਲਬੇ, ਉੱਥੇ ਖੜੀਆਂ ਝਾੜੀਆਂ ਅਤੇ ਹੋਰ ਗੰਦਗੀ ਦੀ ਸਫ਼ਾਈ ਕਰਨ ਦੀ ਮੰਗ ਕੀਤੀ ਗਈ ਸੀ ਕਿਉਂਕਿ ਪੂਰੇ ਸ਼ਹਿਰ ਦਾ ਬਰਸਾਤੀ ਪਾਣੀ ਇਨ੍ਹਾਂ ਥਾਵਾਂ ਰਾਹੀਂ ਅੱਗੇ ਜਾਂਦਾ ਹੈ। ਜੇਕਰ ਇਨ੍ਹਾਂ ਵਿੱਚ ਪਾਣੀ ਦਾ ਪ੍ਰਵਾਹ ਠੀਕ ਢੰਗ ਨਾਲ ਨਹੀਂ ਹੋਇਆ ਤਾਂ ਇਹ ਪਾਣੀ ਸ਼ਹਿਰ ਵਾਸੀਆਂ ਦਾ ਕਾਫੀ ਨੁਕਸਾਨ ਕਰ ਸਕਦਾ ਹੈ। ਲੇਕਿਨ ਨਗਰ ਨਿਗਮ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਨ੍ਹਾਂ ਥਾਵਾਂ ’ਤੇ 10 ਤੋਂ 15 ਫੁੱਟ ਉੱਚੀਆਂ ਝਾੜੀਆਂ, ਮਲਬੇ ਅਤੇ ਗੰਦਗੀ ਦੀ ਭਰਮਾਰ ਹੈ। ਜਿਸ ਕਾਰਨ ਪਾਣੀ ਦੀ ਨਿਕਾਸੀ ਵਿੱਚ ਭਾਰੀ ਰੁਕਾਵਟ ਆਉਣੀ ਤੈਅ ਹੈ। ਇਸ ਤੋਂ ਇਲਾਵਾ ਰੋਡ ਗਲੀਆਂ ਅਤੇ ਹੋਰ ਜਲ ਨਿਕਾਸੀ ਨਾਲੇ ਵੀ ਕੂੜੇ ਨਾਲ ਬੰਦ ਪਏ ਹਨ। ਉਂਜ ਕਈ ਇਲਾਕਿਆਂ ਵਿੱਚ ਰੋਡ ਗਲੀਆਂ ਦੀ ਸਫ਼ਾਈ ਕਰਵਾਈ ਗਈ ਹੈ ਪ੍ਰੰਤੂ ਇਹ ਕੰਮ ਤਸੱਲੀਬਖ਼ਸ਼ ਨਹੀਂ ਹੋਇਆ। ਇਸੇ ਤਰ੍ਹਾਂ ਸਨਅਤੀ ਏਰੀਆ ਵੀ ਕਈ ਥਾਵਾਂ ’ਤੇ ਬਾਰਸ਼ ਦਾ ਪਾਣੀ ਖੜਾ ਸੀ। ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ70 ਸਥਿਤ ਨੇਬਰਹੁੱਡ ਪਾਰਕ ਵਿੱਚ ਲੰਘਦੀ ਸੀਵਰ ਲਾਈਨ ਦੇ ਤਿੰਨ ਪੁਆਇੰਟਾਂ ਤੋਂ ਗੰਦਾ ਪਾਣੀ ਨਿਕਲਦਾ ਹੈ ਅੱਜ ਬਾਰਸ਼ ਹੋਣ ਕਾਰਨ ਗੰਦਾ ਪਾਣੀ ਓਵਰ ਫਲੋ ਹੋ ਕੇ ਸਾਰੀ ਪਾਰਕ ਵਿੱਚ ਫੈਲ ਗਿਆ। ਜਿਸ ਕਾਰਨ ਆਸਪਾਸ ਇਲਾਕੇ ਵਿੱਚ ਬਦਬੂ ਫੈਲ ਗਈ ਹੈ। ਇਸ ਸਬੰਧੀ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਲੇਕਿਲ ਹੁਣ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…