nabaz-e-punjab.com

ਮੁਹਾਲੀ ਸ਼ਹਿਰ ਵਿੱਚ ਥਾਂ ਥਾਂ ’ਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਜਨ ਜੀਵਨ ਅਸਤ ਵਿਅਸਤ

ਫੇਜ਼-11 ਦੇ ਮਕਾਨਾਂ ਵਿੱਚ ਪਾਣੀ ਦਾਖ਼ਲ, ਪੀਸੀਐਲ ਚੌਕ, ਡਿਪਲਾਸਟ ਚੌਕ, ਫੇਜ਼-3\5 ਲਾਈਟਾਂ ’ਤੇ ਲੱਗਿਆ ਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਮੁਹਾਲੀ ਵਿੱਚ ਵੀਰਵਾਰ ਨੂੰ ਸਵੇਰੇ ਹੋਈ ਲਗਾਤਾਰ ਅਤੇ ਤੇਜ ਬਰਸਾਤ ਕਾਰਨ ਇੱਕ ਵਾਰ ਤਾਂ ਜਿਵੇਂ ਪੂਰਾ ਸ਼ਹਿਰ ਹੀ ਜਲਥਲ ਹੋ ਗਿਆ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਥਾਂ ਥਾਂ ਤੇ ਪਾਣੀ ਖੜ੍ਹਾ ਹੋ ਗਿਆ। ਇਸ ਦੌਰਾਨ ਜਿੱਥੇ ਫੇਜ਼-11 ਦੇ 1300 ਨੰਬਰ ਵਾਲੇ ਕੁੱਝ ਮਕਾਨਾਂ ਵਿੱਚ ਪਾਣੀ ਦਾਖਿਲ ਹੋਣ ਕਾਰਨ ਵਸਨੀਕਾਂ ਦਾ ਨੁਕਸਾਨ ਹੋਇਆ ਹੈ ਉੱਥੇ ਸ਼ਹਿਰ ਵਿੱਚ ਥਾਂ ਥਾਂ ਤੇ ਖੜ੍ਹੇ ਪਾਣੀ ਕਾਰਨ ਸੜਕਾਂ ਤੇ ਜਾਮ ਲਗ ਗਏ ਅਤੇ ਲੋਕਾਂ ਨੂੰ ਘੰਟਿਆਂ ਬੱਧੀ ਪਰੇਸ਼ਾਨ ਹੋਣਾ ਪਿਆ। ਇਸ ਦੌਰਾਨ ਸੜਕਾਂ ਉਪਰ ਖੜੇ ਪਾਣੀ ਵਿੱਚ ਦੋ ਪਹੀਆਂ ਵਾਹਨਾਂ ਦੇ ਨਾਲ ਨਾਲ ਆਟੋ ਅਤੇ ਕਾਰਾਂ ਵੀ ਇੰਜਣ ਵਿੱਚ ਪਾਣੀ ਪੈ ਜਾਣ ਕਾਰਨ ਬੰਦ ਹੋ ਕੇ ਖੜੀਆਂ ਦੇਖੀਆਂ ਗਈਆਂ ਅਤੇ ਇਹਨਾਂ ਦੇ ਚਾਲਕ ਪ੍ਰੇਸ਼ਾਨ ਹੁੰਦੇ ਰਹੇ।
ਇਸ ਦੌਰਾਨ ਜਿੱਥੇ ਫੇਜ਼-3ਬੀ2 ਵਿੱਚ ਇਕੱਠੇ ਹੋਏ ਪਾਣੀ ਨੂੰ ਪੰਪ ਚਲਾ ਕੇ ਬਾਹਰ ਕੱਢਣਾ ਪਿਆ ਉੱਥੇ ਫੇਜ਼-4 ਦੇ ਕਵਾਟਰਾਂ ਵਿੱਚ ਦਾਖਿਲ ਹੋਣ ਵਾਲੇ ਪਾਣੀ ਨੂੰ ਕਢਵਾਉਣ ਲਈ ਉੱਥੇ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ ਜਿਸ ਵੱਲੋਂ ਉੱਥੋਂ ਪਾਣੀ ਕੱਢਿਆ ਗਿਆ। ਹਾਲਾਂਕਿ ਇਸ ਬਰਸਾਤ ਦੌਰਾਨ ਪਿਛਲੇ ਸਾਲ ਵਾਂਗ ਨੁਕਸਾਨ ਤਾਂ ਨਹੀਂ ਹੋਇਆ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਪਹਿਲਾਂ ਨਾਲੋਂ ਬਿਹਤਰ ਹੋਣ ਕਾਰਨ ਇਹ ਪਾਣੀ ਦੋ ਕੁ ਘੰਟਿਆਂ ਵਿੱਚ ਅੱਗੇ ਨਿਕਲ ਗਿਆ ਪਰੰਤੂ ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪਈ।
ਫੇਜ਼-11 ਦੇ ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਨੇ ਦੱਸਿਆ ਕਿ ਫੇਜ਼-11 ਦੇ ਕਵਾਟਰਾਂ 1300 ਤੋਂ 1457 ਬਲਾਕ ਤਕ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਸੜਕਾਂ ਤੇ ਕਾਫੀ ਸਮਾਂ ਪਾਣੀ ਖੜ੍ਹਾ ਰਿਹਾ ਉੱਥੇ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਦਾਖਿਲ ਹੋਣ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਦੋਸ਼ ਲਗਾਇਆ ਕਿ ਨਿਗਮ ਵੱਲੋਂ ਇਸ ਖੇਤਰ ਦਾ ਪਾਣੀ ਬਾਹਰ ਕੱਢਣ ਲਈ ਚੰਡੀਗੜ੍ਹ ਵਾਲੇ ਪਾਸੇ ਵੱਡੀਆਂ ਪਾਈਪਾਂ ਪਾਉਣ ਲਈ ਪਾਸ ਕੀਤੇ ਐਸਟੀਮੇਟ ਦਾ ਕੰਮ ਮੁਕੰਮਲ ਕਰਨ ਦੀ ਥਾਂ ਅੰਦਰੂਨੀ ਪਾਈਪਾਂ ਨਵੀਆਂ ਪਾ ਕੇ ਕੰਮ ਸਾਰ ਲਿਆ ਜਿਸ ਨਾਲ ਜਿੱਥੇ ਪੈਸੇ ਦੀ ਬਰਬਾਦੀ ਹੋਈ ਉੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਨਹੀਂ ਹੋਇਆ ਹੈ।
ਫੇਜ਼-3ਬੀ2 ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਵਾਰ ਪਾਣੀ ਨਾਲ ਕੋਈ ਨੁਕਸਾਨ ਨਹੀਂ ਹੋਇਆ ਅਤੇ ਜਦੋਂ ਪਾਣੀ ਜਿਆਦਾ ਭਰਦਾ ਵਿਖਿਆ ਤਾਂ ਪੰਪ ਚਲਾ ਕੇ ਪਾਣੀ ਦੀ ਨਿਕਾਸੀ ਕਰ ਦਿੱਤੀ ਗਈ ਜਿਸ ਨਾਲ ਪਾਣੀ ਨਿਕਲ ਗਿਆ। ਉਹਨਾਂ ਕਿਹਾ ਕਿ ਨਿਗਮ ਦੇ ਪਿਛਲੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਵਲੋੱ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਿੱਜੀ ਦਿਲਚਸਪੀ ਲੈ ਕੇ ਕੀਤੇ ਉਪਰਾਲਿਆਂ ਦਾ ਨਤੀਜਾ ਹੈ ਕਿ ਇਸ ਵਾਰ ਸ਼ਹਿਰ ਵਾਸੀਆਂ ਦਾ ਬਰਸਾਤ ਦੌਰਾਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਜਿਸਦੇ ਲਈ ਸ੍ਰੀ ਹੰਸ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ।
ਮਿਉੱਸਪਲ ਕੌਂਸਲਰ ਸ੍ਰੀਮਤੀ ਕੁਲਦੀਪ ਕੌਰ ਕੰਗ ਅਨੁਸਾਰ ਫੇਜ਼-4 ਵਿੱਚ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਫੇਜ਼-4 ਦੇ ਐਚਐਮ ਕਵਾਟਰਾਂ ਵਿੱਚ ਦਾਖਿਲ ਹੋ ਰਹੇ ਪਾਣੀ ਨੂੰ ਕੱਢਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ ਜਿਸ ਵੱਲੋਂ ਉੱਥੋਂ ਪਾਣੀ ਕੱਢਿਆ ਗਿਆ। ਮਿਉੱਸਪਲ ਕੌਂਸਲਰ ਅਸ਼ੋਕ ਝਾਅ ਅਨੁਸਾਰ ਇਸ ਵਾਰ ਫੇਜ਼-5 ਵਿੱਚ ਪਾਣੀ ਦੀ ਨਿਕਾਸੀ ਦਾ ਬਿਹਤਰ ਪ੍ਰਬੰਧ ਹੋਣ ਅਤੇ ਜੇ ਸੀ ਟੀ ਚੌਂਕ ਨੇੜੇ ਕਾਜ ਵੇ ਚਲਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਹੋ ਗਈ ਅਤੇ ਲੋਕਾਂ ਦਾ ਨੁਕਸਾਨ ਤੋਂ ਬਚਾਓ ਹੋ ਗਿਆ।
ਬਰਸਾਤ ਰੁਕਣ ਦੇ ਲਗਭਗ ਇੱਕ ਘੰਟੇ ਬਾਅਦ ਵੀ ਫੇਜ਼-11 ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਸੀ ਜਦੋਂਕਿ ਸ਼ਹਿਰ ਦੇ ਬਾਕੀ ਖੇਤਰਾਂ ’ਚੋਂ ਪਾਣੀ ਦੀ ਨਿਕਾਸੀ ਹੋ ਜਾਣ ਉਪਰੰਤ ਲੋਕਾਂ ਨੂੰ ਇਸ ਕਾਰਨ ਆ ਰਹੀ ਮੁਸ਼ਕਲਾਂ ਤੋਂ ਰਾਹਤ ਮਿਲੀ। ਬਰਸਾਤ ਕਾਰਨ ਦੁਕਾਨਦਾਰਾਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਅਤੇ ਬਰਸਾਤ ਕਾਰਨ ਲੋਕਾਂ ਨੇ ਖਰੀਦਦਾਰੀ ਲਈ ਦੁਕਾਨਾਂ ਉਪਰ ਜਾਣ ਤੋਂ ਗੁਰੇਜ ਕੀਤਾ ਪਰ ਹਲਵਾਈਆਂ ਅਤੇ ਚਾਹ ਪਕੌੜਿਆਂ ਦੀਆਂ ਦੁਕਾਨਾਂ ਉਪਰ ਭੀੜ ਦੇਖੀ ਗਈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …