nabaz-e-punjab.com

ਮੁਹਾਲੀ ਵਿੱਚ ਮਕਾਨ ਧਸੇ, ਬਰਸਾਤੀ ਪਾਣੀ ਦੀ ਨਿਕਾਸੀ ਵਾਲੀਆਂ ਪਾਈਪਾਂ ਟੁੱਟਣ ਕਾਰਨ ਸੜਕਾਂ ’ਚ ਟੋਏ ਪਏ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਬੀਤੇ ਕੱਲ੍ਹ ਭਰਵੀਂ ਬਰਸਾਤ ਮੁਹਾਲੀ ਸ਼ਹਿਰ ’ਤੇ ਜਿਵੇਂ ਕਹਿਰ ਬਣ ਕੇ ਪਈ ਹੈ। ਭਾਵੇਂ ਦੁਪਹਿਰ ਡੇਢ ਵਜੇ ਤੱਕ ਸ਼ਹਿਰ ਦੇ ਹਰ ਇਲਾਕੇ ਵਿੱਚ ਖੜੇ ਬਰਸਾਤੀ ਪਾਣੀ ਦੀ ਲਗਭਗ ਨਿਕਾਸੀ ਹੋ ਗਈ ਸੀ ਪਰ ਇਸ ਬਰਸਾਤ ਕਾਰਨ ਸ਼ਹਿਰ ਦੇ ਵੱਡੀ ਗਿਣਤੀ ਹਿੱਸਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਆਂ ਗਈਆਂ ਪਾਈਪਾਂ ਹੀ ਟੁੱਟ ਭਜ ਗਈਆਂ ਹਨ। ਇਸ ਤੋਂ ਇਲਾਵਾ ਅਨੇਕਾਂ ਥਾਂਵਾਂ ਉਪਰ ਸੜਕਾਂ ਵੀ ਧੱਸ ਗਈਆਂ ਹਨ ਅਤੇ ਫੇਜ਼-7 ਦੇ ਐਚਈ ਮਕਾਨਾਂ ਵਿਚਲੇ 1 ਦਰਜਨ ਦੇ ਕਰੀਬ ਮਕਾਨ ਜ਼ਮੀਨ ਵਿਚ ਧੱਸ ਗਏ ਹਨ ਅਤੇ ਅਨੇਕਾਂ ਹੀ ਮਕਾਨਾਂ ਵਿਚ ਤਰੇੜਾਂ ਆ ਗਈਆਂ ਹਨ। ਜਿਸ ਕਾਰਨ ਇਹਨਾਂ ਮਕਾਨਾਂ ਵਿਚ ਰਹਿਣ ਵਾਲੇ ਲੋਕਾਂ ਦੀ ਜਾਨ ਤੇ ਮਾਲ ਨੁੰ ਖਤਰਾ ਪੈਦਾ ਹੋ ਗਿਆ ਹੈ। ਇਸੇ ਦੌਰਾਨ ਸਥਾਨਕ ਫੇਜ-7 ਦੇ ਚਾਵਲਾ ਚੌਂਕ ਨੇੜੇ ਕੱਲ ਪਏ ਖੱਡੇ ਦੀ ਰਿਪੇਅਰ ਦਾ ਕੰਮ ਅੱਜ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਉਥੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਿਛਲੇ ਚੌਂਕ ਤੱਕ ਪੂਰੀ ਪਾਈਪ ਹੀ ਨੁਕਸਾਨੀ ਗਈ ਹੈ। ਇਸੇ ਤਰ੍ਹਾਂ ਹੀ ਵਾਈਪੀਐਸ ਸਕੂਲ ਨੇੜੇ ਵੀ ਪਾਣੀ ਵਾਲੀ ਪਾਈਪ ਟੁੱਟ ਗਈ ਹੈ, ਜਿਸ ਕਾਰਨ ਕਾਫੀ ਵੱਡਾ ਖੱਡਾ ਪੈ ਗਿਆ ਹੈ।
ਇੱਥੋਂ ਦੇ ਫੇਜ਼-7 ਦੇ ਵਸਨੀਕ ਅਤੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਲਾਂਬਾ ਨੇ ਦਸਿਆ ਕਿ ਫੇਜ਼ 7 ਵਿਚ ਐਚ ਈ 318, 222,316 ਵਾਲੀ ਲਾਈਨ ਵਿਚ ਅਨੇਕਾਂ ਹੀ ਮਕਾਨ ਜਮੀਨ ਵਿਚ ਧੱਸ ਗਏ ਹਨ ਅਤੇ ਇਹਨਾ ਮਕਾਨਾਂ ਵਿਚ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਇਹਨਾਂ ਮਕਾਨਾਂ ਵਿਚ ਰਹਿਣ ਵਾਲੇ ਲੋਕਾਂ ਲਈ ਜਾਨ ਅਤੇ ਮਾਲ ਦਾ ਖਤਰਾ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਇਲਾਕੇ ਵਿਚ ਪਿਆ ਹੋਇਆ ਸੀਵਰੇਜ ਸਿਸਟਮ ਬਹੁਤ ਹੀ ਪੁਰਾਣਾ ਹੋ ਗਿਆ ਹੈ ਅਤੇ ਇਹ ਸੀਵਰੇਜ ਸਿਸਟਮ ਬਲਾਕ ਹੋ ਚੁਕਿਆ ਹੈ। ਜਿਸ ਕਰਕੇ ਪਾਣੀ ਗਟਰ ਵਿਚੋ ਹੀ ਬਾਹਰ ਆਉੱਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਇਲਾਕੇ ਵਿਚ ਪਿਛਲੇ ਇਕ ਸਾਲ ਤੋਂ ਸੀਵਰੇਜ ਦੀ ਸਫਾਈ ਹੀ ਨਹੀਂ ਹੋਈ, ਜਿਸ ਕਰਕੇ ਵੀ ਬਰਸਾਤ ਵੇਲੇ ਵੱਡੀ ਸਮਸਿਆ ਖੜੀ ਹੋ ਜਾਂਦੀ ਹੈ। ਇਸ ਤੋੱ ਇਲਾਵਾ ਇਸ ਇਲਾਕੇ ਵਿਚ ਮੇਨ ਹੋਲ ਟੁੱਟ ਚੁਕੇ ਹਨ, ਜਿਹਨਾਂ ਦੀ ਕੋਈ ਰਿਪੇਅਰ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਐਚ ਈ ਕੁਆਟਰਾਂ ਵਿਚ ਚਾਰ ਘਰਾਂ ਲਈ ਸਿਰਫ ਇਕ ਹੀ ਪੌੜੀ ਹੈ, ਜਿਸਦੀ ਕਦੇ ਵੀ ਰਿਪੇਅਰ ਨਹੀਂ ਕੀਤੀ ਗਈ ਹੈ, ਇਹਨਾਂ ਪੋੜੀਆਂ ਦੀ ਹਾਲਤ ਵੀ ਖਸਤਾ ਹੋ ਚੁਕੀ ਹੈ ਅਤੇ ਕਦੇ ਵੀ ਹਾਦਸਾ ਵਾਪਰ ਸਕਦਾ ਹੈ।
ਇਸ ਮੌਕੇ ਫੇਜ਼-7 ਦੇ ਵਸਨੀਕਾਂ ਕਿਰਨਾ, ਭੁਪਿੰਦਰ, ਸਤੀਸ਼ ਕੁਮਾਰ, ਲਕਸ਼ਮੀ ਨੇ ਕਿਹਾ ਕਿ ਇਸ ਇਲਾਕੇ ਦੇ ਮਕਾਨਾਂ ਦੀਆਂ ਨੀਹਾਂ ਵਿਚ ਵੀ ਪਾਣੀ ਪੈ ਜਾ ਜਾਣ ਕਾਰਨ ਉਥੇ ਦਲਦਲ ਬਣ ਗਈ ਹੈ ਅਤੇ ਮਕਾਨਾਂ ਦੀਆਂ ਨੀਂਹਾਂ ਕਮਜ਼ੋਰ ਹੋ ਚੁੱਕੀਆਂ ਹਨ ਜਿਸ ਕਾਰਨ ਕਦੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ, ਜਿਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਦੌਰਾਨ ਐਚਈ ਅਤੇ ਐਚਐਲ ਕੁਆਟਰਾਂ ਨੂੰ ਜਾਂਦੀ ਮੁੱਖ ਸੜਕ ਤੇ ਕਈ ਥਾਵਾਂ ਉਪਰ ਜਮੀਨ ਧੱਸ ਗਈ ਹੈ, ਇਸ ਸੜਕ ਉਪਰ ਇਕ ਵੱਡਾ ਖੱਡਾ ਵੀ ਬਣ ਗਿਆ ਹੈ। ਐਚ ਐਲ ਕੁਆਟਰਾਂ ਦੇ ਵਸਨੀਕ ਐਸ ਐਸ ਮੱਖਣ ਦੱਸਦੇ ਹਨ ਕਿ ਉਹ ਇਸ ਖੱਡੇ ਬਾਰੇ ਅਤੇ ਸੜਕ ਦੀ ਮਾੜੀ ਹਾਲਤ ਬਾਰੇ ਕਈ ਵਾਰ ਸਥਾਨਕ ਐਮ ਸੀ ਅਤੇ ਨਗਰ ਨਿਗਮ ਨੁੰ ਸ਼ਿਕਾਇਤ ਕਰ ਚੁਕੇ ਹਨ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਸੜਕ ਵਿਚ ਪਏ ਖੱਡੇ ਉਪਰ ਉਹਨਾਂ ਨੇ ਖ਼ੁਦ ਹੀ ਇਕ ਪੱਥਰ ਰਖਿਆ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰ ਜਾਵੇ। ਉਹਨਾਂ ਕਿਹਾ ਕਿ ਇਸ ਇਲਾਕੇ ਦੇ ਵਸਨੀਕਾਂ ਲਈ ਇਹ ਹੀ ਮੁੱਖ ਸੜਕ ਹੈ, ਜੋ ਕਿ ਮੰਦਰ, ਸਕੂਲ ਅਤੇ ਮਾਰਕੀਟ ਨੂੰ ਜਾਂਦੀ ਹੈ। ਇਸ ਸੜਕ ਉਪਰ ਪਏ ਖੱਡੇ ਕਾਰਨ ਕਦੇ ਵੀ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਮੌਕੇ ਕਾਂਗਰਸੀ ਆਗੂ ਗਿੰਦਰ ਕੌਰ, ਦਰਸ਼ਨ ਸਿੰਘ, ਨਿਰਮਲ ਕੌਸ਼ਲ, ਬੌਬੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…