ਮੀਂਹ ਦਾ ਪਾਣੀ ਘਰਾਂ ’ਚ ਵੜਿਆ, ਜਲ ਨਿਕਾਸੀ ਪ੍ਰਬੰਧਾਂ ਦਾ ਮਾੜਾ ਹਾਲ, ਲੋਕ ਪ੍ਰੇਸ਼ਾਨ

ਗੰਦੇ ਪਾਣੀ ’ਚੋਂ ਲੰਘ ਕੇ ਸਕੂਲ ਗਏ ਬੱਚੇ, ਬਜ਼ੁਰਗ ਜੋੜੇ ਨੂੰ ਘਰ ’ਚੋਂ ਪਾਣੀ ਕੱਢਣ ਲਈ ਦਿੱਕਤਾਂ ਆਈਆਂ

ਨਬਜ਼-ਏ-ਪੰਜਾਬ, ਮੁਹਾਲੀ, 1 ਸਤੰਬਰ:
ਅੱਜ ਸਵੇਰੇ ਅਚਾਨਕ ਤੇਜ਼ ਬਾਰਸ਼ ਹੋਣ ਨਾਲ ਭਾਵੇਂ ਅਤਿ ਦੀ ਗਰਮੀ ਤੋਂ ਥੋੜ੍ਹੀ ਬਹੁਤ ਰਾਹਤ ਜ਼ਰੂਰ ਮਿਲੀ ਹੈ ਪ੍ਰੰਤੂ ਸ਼ਹਿਰ ਵਿੱਚ ਕਈ ਹਿੱਸਿਆਂ ਵਿੱਚ ਜਮ੍ਹਾ ਹੋਏ ਮੀਂਹ ਦੇ ਪਾਣੀ ਨੇ ਮੁਹਾਲੀ ਪ੍ਰਸ਼ਾਸਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜੇ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਵੀਆਈਪੀ ਸ਼ਹਿਰ ਮੁਹਾਲੀ ਦਾ ਇਹ ਹਾਲ ਹੈ ਤਾਂ ਹੋਰਨਾਂ ਇਲਾਕਿਆਂ ਦੀ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇੱਥੋਂ ਦੇ ਫੇਜ਼-11 ਦਾ ਰਿਹਾਇਸ਼ੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇੱਥੇ ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਵੜ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਸਵੇਰੇ ਬੱਚਿਆਂ ਨੂੰ ਮੀਂਹ ਦੇ ਗੰਦੇ ਪਾਣੀ ’ਚੋਂ ਲੰਘ ਕੇ ਸਕੂਲ ਜਾਣਾ ਪਿਆ। ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਜ਼ਿਲ੍ਹਾ ਅਧਿਕਾਰੀ ਇਸ ਮਸਲੇ ਦੇ ਪੱਕੇ ਹੱਲ ਲਈ ਗੰਭੀਰ ਨਹੀਂ ਹਨ।
ਧੀਰਜ ਕੁਮਾਰ, ਬਿਕਰਮ ਸਿੰਘ, ਧਰਮ ਸਿੰਘ, ਸੁਮਨਦੀਪ ਸਿੰਘ, ਜਤਿੰਦਰ ਸਿੰਘ, ਦੁਰਗੇਸ਼ ਕੁਮਾਰ, ਹਰਦੇਵ ਕੁਮਾਰ, ਰਵਿੰਦਰ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ, ਮਲਕੀਤ ਸਿੰਘ ਅਤੇ ਪਵਨਜੀਤ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਜਲ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਲੇਕਿਨ ਹੁਣ ਤੱਕ ਇਸ ਦਾ ਢੁਕਵਾਂ ਹੱਲ ਨਹੀਂ ਕੀਤਾ ਗਿਆ। ਹਾਲਾਂਕਿ ਮੁਹਾਲੀ ਨਗਰ ਨਿਗਮ ਵੱਲੋਂ ਇੱਥੇ ਲੱਖਾਂ ਰੁਪਏ ਖਰਚ ਕਰਕੇ ਅੰਡਰ ਗਰਾਉਂਡ ਟੈਂਕ ਬਣਾਏ ਗਏ। ਜਲ ਨਿਕਾਸੀ ਲਈ ਪੰਪ ਅਤੇ ਜਨਰੇਟਰ ਦੀ ਵਿਵਸਥਾ ਕੀਤੀ ਗਈ। ਇਸ ਦੇ ਬਾਵਜੂਦ ਬੱਦਲਵਾਈ ਹੋਣ ’ਤੇ ਸਥਾਨਕ ਲੋਕਾਂ ਨੂੰ ਨੁਕਸਾਨ ਹੋਣ ਦਾ ਡਰ ਸਤਾਉਣ ਲੱਗ ਪੈਂਦਾ ਹੈ। ਸੋਨੀਆ ਸੰਧੂ ਨੇ ਹਲਕਾ ਜਿਹੀ ਬਾਰਸ਼ ਹੋਣ ’ਤੇ ਫੇਜ਼-11 ਦੀਆਂ ਸੜਕਾਂ ਤਲਾਬ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਕਈ ਕਈ ਦਿਨ ਗੰਦਗੀ ਸੜਕਾਂ ’ਤੇ ਪਈ ਰਹਿੰਦੀ ਹੈ।
ਨੌਜਵਾਨ ਕੁਸ਼ਤੀ ਦੰਗਲ ਦੇ ਪ੍ਰਧਾਨ ਲਖਮੀਰ ਸਿੰਘ ਲੱਖਾ ਪਹਿਲਵਾਨ ਅਤੇ ਜਨਰਲ ਸਕੱਤਰ ਆਸ਼ੂ ਵੈਦ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-70 ਅਤੇ ਸੈਕਟਰ-71 ਨੂੰ ਵੰਡਦੀ ‘ਬੀ’ ਸੜਕ ਅਤੇ ਅੰਦਰਲੀ ਸੜਕ ਤਲਾਬ ਬਣੀ ਹੋਈ ਸੀ। ਮਟੌਰ ਟੀ-ਪੁਆਇੰਟ ਤੋਂ ਇਨ੍ਹਾਂ ਸੈਕਟਰਾਂ ਨੂੰ ਜਾਣ ਵਾਲੀ ਸੜਕ ’ਤੇ ਗੋਡੇ ਗੋਡੇ ਪਾਣੀ ਖੜਾ ਹੋਣ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੰਜ ਹੀ ਬਲੌਂਗੀ ਤੋਂ ਮੁਹਾਲੀ ਜਾਣ ਵਾਲੀ ਸੜਕ ’ਤੇ ਗਊਸ਼ਾਲਾ ਦੇ ਬਾਹਰ ਪੁਲ ਉੱਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਰਾਹਗੀਰਾਂ ਨੂੰ ਚਿੱਕੜ ’ਚੋਂ ਲੰਘਣਾ ਪਿਆ। ਇੰਜ ਹੀ ਕੁੰਭੜਾ ਚੌਂਕ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਕਾਫ਼ੀ ਪਾਣੀ ਜਮ੍ਹਾ ਹੋਣ ਕਾਰਨ ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ।
ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਦਾ ਕਹਿਣਾ ਹੈ ਕਿ ਫੇਜ਼-11 ਵਿੱਚ 34 ਲੱਖ ਰੁਪਏ ਖਰਚ ਕਰਕੇ ਅੰਡਰ ਗਰਾਉਂਡ ਟੈਂਕ ਬਣਾਏ ਗਏ ਸਨ। ਜਲ ਨਿਕਾਸੀ ਲਈ ਪੰਪ ਅਤੇ ਜਨਰੇਟਰ ਦੀ ਵਿਵਸਥਾ ਕੀਤੀ ਗਈ ਹੈ ਪ੍ਰੰਤੂ ਤੇਜ਼ ਬਾਰਸ਼ ਹੋਣ ਨਾਲ ਪਾਣੀ ਜ਼ਿਆਦਾ ਜਮ੍ਹਾ ਹੋ ਗਿਆ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਇੱਕ ਹੋਰ ਪੰਪ ਲਾਇਆ ਜਾਵੇਗਾ ਅਤੇ ਇੱਕ ਮਿੰਟ ਵਿੱਚ 18 ਹਜ਼ਾਰ ਲਿਟਰ ਪਾਣੀ ਨਿਕਾਸੀ ਹੋਵੇਗੀ। ਇਸ ਤੋਂ ਇਲਾਵਾ 2.5 ਕਰੋੜ ਦਾ ਪ੍ਰਾਜੈਕਟ ਹਾਲੇ ਅੱਧ ਵਿਚਾਲੇ ਹੈ। ਅਧਿਕਾਰੀ ਕੋਈ ਆਈ ਗਈ ਨਹੀਂ ਦੇ ਰਹੇ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਫੇਜ਼-11 ਵਿੱਚ ਜਲ ਨਿਕਾਸੀ ਦੀ ਵੱਡੀ ਸਮੱਸਿਆ ਹੈ। ਹਾਲਾਂਕਿ ਪਹਿਲਾਂ ਵੀ ਇੱਥੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਪ੍ਰੰਤੂ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਹੁਣ ਨਵੇਂ ਸਿਰਿਓਂ ਸਰਵੇ ਕਰਵਾਇਆ ਗਿਆ ਹੈ। ਜਿਸ ਵਿੱਚ ਓਪਨ ਜਲ ਨਿਕਾਸੀ, ਅੰਡਰ ਗਰਾਉਂਡ ਪਾਈਪਲਾਈਨ ਪਾਉਣ ਅਤੇ ਪੰਪਾਂ ਰਾਹੀਂ ਨਿਕਾਸੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਬਾਰੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ।

‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗਮਾਡਾ ਵੱਲੋਂ ਸੜਕ ਉੱਚੀ ਚੁੱਕ ਕੇ ਬਣਾਉਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ ਅਤੇ ਨਗਰ ਨਿਗਮ ਵੀ ਜਲ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਖੇਤਰ ਵਿੱਚ ਵੱਡੀ ਪਾਈਪਲਾਈਨ ਪਾ ਕੇ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇਗਾ। ਇਹ ਕੰਮ 6 ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਪੰਜਾਬ ਦੀਆਂ…