ਬਰਸਾਤੀ ਪਾਣੀ ਨੇ ਖੋਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ

ਸ਼ਹਿਰੀ ਖੇਤਰ ਤੇ ਪਿੰਡਾਂ ’ਚ ਪਾਣੀ ਵੜਿਆ, ਗੁਰਦੁਆਰਾ ਸਾਹਿਬ ਦਾਊਂ ਦਾ ਲਾਂਘਾ ਕਈ ਘੰਟੇ ਰਿਹਾ ਬੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਅੱਜ ਹੋਈ ਤੇਜ਼ ਬਾਰਸ਼ ਕਾਰਨ ਮੁਹਾਲੀ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਜਲਥਲ ਹੋ ਗਈ। ਭਰਵਾਂ ਮੀਂਹ ਪੈਣ ਨਾਲ ਭਾਵੇਂ ਕੜਾਕੇ ਦੀ ਗਰਮੀ ਤੋਂ ਵੱਡੀ ਰਾਹਤ ਮਿਲੀ ਅਤੇ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਰੌਣਕ ਪਰਤ ਆਈ ਪ੍ਰੰਤੂ ਦੂਜੇ ਪਾਸੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਮਹਿਜ਼ ਇਕ ਘੰਟੇ ਦੀ ਬਾਰਸ਼ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕਈ ਨੀਵੇਂ ਇਲਾਕਿਆਂ ਵਿੱਚ ਮੀਂਹ ਦਾ ਗੰਦਾ ਪਾਣੀ ਜਮ੍ਹਾ ਹੋ ਗਿਆ। ਇੱਥੋਂ ਦੇ ਫੇਜ਼-3ਬੀ2 ਦੇ ਰਿਹਾਇਸ਼ੀ ਖੇਤਰ ਵਿੱਚ ਅੱਜ ਮੀਂਹ ਦਾ ਕਾਫੀ ਪਾਣੀ ਜਮ੍ਹਾ ਹੋ ਗਿਆ।
ਇਲਾਕੇ ਦੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਵਰ੍ਹਦੇ ਮੀਂਹ ਵਿੱਚ ਮੌਕੇ ਦਾ ਜਾਇਜ਼ਾ ਲਿਆ ਅਤੇ ਤੁਰੰਤ ਮੋਟਰ ਚਾਲੂ ਕਰਵਾ ਕੇ ਰਿਹਾਇਸ਼ੀ ਖੇਤਰ ਵਿੱਚ ਜਮ੍ਹਾ ਹੋਏ ਪਾਣੀ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕ ਸ਼ੁਰੂ ਤੋਂ ਹੀ ਜਲ ਨਿਕਾਸੀ ਸਮੱਸਿਆ ਨਾਲ ਜੂਝ ਰਹੇ ਹਨ ਲੇਕਿਨ ਪਿੱਛੇ ਜਿਹੇ ਉਨ੍ਹਾਂ ਨੇ ਜ਼ਮੀਨ ਵਿੱਚ 20 ਫੁੱਟ ਡੂੰਘੇ ਤਿੰਨ ਵੱਡੇ ਟੈਂਕ ਬਣਾਏ ਗਏ। ਇਨ੍ਹਾਂ ਟੈਂਕਾਂ ਵਿੱਚ ਮੀਂਹ ਦਾ ਪਾਣੀ ਆਟੋਮੈਟਿਕ ਸਟੋਰ ਹੋ ਜਾਂਦਾ ਹੈ। ਪ੍ਰੰਤੂ ਬਾਰਸ਼ ਤੇਜ਼ ਹੋਣ ਕਾਰਨ ਖਾਲੀ ਥਾਵਾਂ ਅਤੇ ਸੜਕਾਂ ’ਤੇ ਪਾਣੀ ਜਮ੍ਹਾ ਹੋ ਗਿਆ। ਉਨ੍ਹਾਂ ਤੁਰੰਤ ਮੋਟਰ ਚਲਾ ਕੇ ਪਾਣੀ ਨੂੰ ਬਾਹਰ ਕੱਢਿਆ ਗਿਆ।
ਉਧਰ, ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਾਹਿਬ ਨੂੰ ਜਾਣ ਵਾਲੀ ਸੜਕ ’ਤੇ ਵੱਡੀ ਮਾਤਰਾ ਵਿੱਚ ਪਾਣੀ ਇਕੱਠਾ ਹੋਣ ਕਾਰਨ ਸ਼ਰਧਾਲੂਆਂ ਨੂੰ ਗੁਰੂਘਰ ਜਾਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਹ ਸੜਕ ਬਣਾਉਣ ਸਮੇਂ ਕੰਵਰਦੀਪ ਸਿੰਘ, ਸੰਤ ਸਿੰਘ ਅਤੇ ਹੋਰ ਵਿਅਕਤੀਆਂ ਨੇ ਪਾਣੀ ਦੀ ਨਿਕਾਸੀ ਦਾ ਮਾਮਲਾ ਐਸਡੀਓ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਉਨ੍ਹਾਂ ਇਕ ਨਹੀਂ ਸੁਣੀ ਅਤੇ ਪੁਲੀਸ ਦੀ ਮਦਦ ਨਾਲ ਗਲੀ ਬਣਾ ਦਿੱਤੀ ਗਈ। ਜਿਸ ਦਾ ਖ਼ਮਿਆਜ਼ਾ ਗਰੀਬ ਵਰਗ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿ ਗਲੀ ਦਾ ਮੁੜ ਤੋਂ ਸਰਵੇ ਕਰਵਾ ਕੇ ਪਾਣੀ ਦੀ ਢਾਲ ਬਰਾਬਰ ਕੀਤੀ ਜਾਵੇ।
ਉਧਰ, ਲੋਕ ਨਿਰਮਾਣ ਵਿਭਾਗ ਦੇ ਐਸਡੀਓ ਰਜੀਵ ਗੌੜ ਨੇ ਕਿਹਾ ਕਿ ਉਨ੍ਹਾਂ ਬਦਲੀ ਹੋ ਗਈ ਹੈ ਜਦੋਂਕਿ ਮੌਜੂਦਾ ਐਸਡੀਓ ਸੁਨੀਲ ਕੁਮਾਰ ਦਾ ਫੋਨ ਬੰਦ ਆ ਰਿਹਾ ਸੀ। ਜਦੋਂਕਿ ਐਕਸੀਅਨ ਰਾਜਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਜਾਇਜ਼ਾ ਲੈਣ ਲਈ ਐਸਡੀਓ ਨੂੰ ਮੌਕੇ ’ਤੇ ਭੇਜਿਆ ਜਾ ਰਿਹਾ ਹੈ ਅਤੇ ਰਿਪੋਰਟ ਮਿਲਣ ’ਤੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles

Check Also

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ…