
ਮੀਂਹ ਦੇ ਪਾਣੀ ਨੇ ਖੋਲ੍ਹੀ ਪ੍ਰਸ਼ਾਸਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ, ਲੋਕ ਪ੍ਰੇਸ਼ਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਈ ਥਾਵਾਂ ’ਤੇ ਜਮ੍ਹਾ ਹੋਏ ਮੀਂਹ ਦੇ ਪਾਣੀ ਨੇ ਨਗਰ ਨਿਗਮ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਅਗਾਊਂ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇੱਥੋਂ ਦੇ ਫੇਜ਼-2, ਫੇਜ਼-4, ਫੇਜ਼-5, ਫੇਜ਼-7 ਲਾਲ ਬੱਤੀ ਚੌਂਕ, ਚਾਵਲਾ ਹਸਪਤਾਲ ਤੋਂ ਸੈਕਟਰ-70 ਤੇ ਸੈਕਟਰ-71 ਨੂੰ ਜਾਂਦੀ ਸੜਕ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਜਮ੍ਹਾ ਹੋ ਗਿਆ ਅਤੇ ਫੇਜ਼-2 ਤੇ ਫੇਜ਼-4 ਵਿੱਚ ਸੜਕ ਕਿਨਾਰੇ ਖੜਾ ਦਰਖਤ ਟੁੱਟ ਕੇ ਬਿਜਲੀ ਦੀਆਂ ਤਾਰਾਂ ਉੱਤੇ ਡਿੱਗਣ ਕਾਰਨ ਬਿਜਲੀ ਗੁੱਲ ਹੋ ਗਈ। ਇੱਥੋਂ ਦੇ ਫੇਜ਼-3 ਦੇ ਰਿਹਾਇਸ਼ੀ ਖੇਤਰ ਵਿੱਚ ਗੋਡੇ ਤੋਂ ਉੱਤੇ ਤੱਕ ਪਾਣੀ ਜਮ੍ਹਾ ਹੋ ਗਿਆ ਅਤੇ ਕਈ ਲੋਕਾਂ ਦੇ ਘਰਾਂ ਅੰਦਰ ਪਾਣੀ ਚਲਾ ਗਿਆ। ਸਥਾਨਕ ਕੌਂਸਲਰ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੇਅਰ ਜੀਤੀ ਸਿੱਧੂ ਦੀ ਮਦਦ ਨਾਲ ਜਮ੍ਹਾ ਹੋਏ ਮੀਂਹ ਦੇ ਪਾਣੀ ਦੀ ਨਿਕਾਸੀ ਕਰਵਾਈ ਗਈ।
ਇੱਥੋਂ ਦੇ ਫੇਜ਼-4 ਅਤੇ ਫੇਜ਼-5 ਦੇ ਵਸਨੀਕ ਸ਼ੁਰੂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹਲਾਂਕਿ ਇਸ ਵਾਰ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਗੰਦੇ ਪਾਣੀ ਦੇ ਨਾਲੇ, ਐਨ ਚੋਅ ਸਮੇਤ ਰੋਡ ਗਲੀਆਂ ਦੀ ਸਫ਼ਾਈ ਕਰਵਾਉਣ ਦਾ ਦਾਅਵਾ ਕੀਤਾ ਰਿਹਾ ਸੀ ਪ੍ਰੰਤੂ ਅੱਜ ਹੋਈ ਹਲਕੀ ਜਿਹੀ ਬਾਰਸ਼ ਦਾ ਪਾਣੀ ਸ਼ਹਿਰ ਦੇ ਕਈ ਹਿੱਸਿਆ ਵਿੱਚ ਜਮ੍ਹਾ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੋਗਨਵਿਲੀਆ ਪਾਰਕ ਫੇਜ਼-4 ਦੇ ਸਾਹਮਣੇ ਐਚਐਮ ਦੇ ਮਕਾਨਾਂ ਵਿੱਚ ਮੀਂਹ ਦਾ ਪਾਣੀ ਜਮ੍ਹਾ ਹੋਣ ਦੀ ਸੂਚਨਾ ਮਿਲਦੇ ਹੀ ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਤੁਰੰਤ ਮੌਕੇ ’ਤੇ ਫਾਇਰ ਬ੍ਰਿਗੇਡ ਦਫ਼ਤਰ ਤੋਂ ਫਾਇਰ ਟੈਂਡਰ ਬੁਲਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਕਰਵਾਈ ਗਈ। ਇੰਜ ਹੀ ਫੇਜ਼-4 ਦੇ ਮੰਦਰ ਦੇ ਪਿੱਛੇ ਮਾਰਕੀਟ ਅਤੇ ਰਿਹਾਇਸ਼ੀ ਖੇਤਰ ਨੂੰ ਜਾਂਦੀ ਸੜਕ ’ਤੇ ਪਾਣੀ ਖੜ੍ਹਾ ਹੋ ਗਿਆ। ਜਿਸ ਕਾਰਨ ਵਾਹਨਾਂ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਆਈਆਂ।
ਇਸੇ ਤਰ੍ਹਾਂ ਫੇਜ਼-5 ਵਿੱਚ ਕੌਂਸਲਰ ਬਲਜੀਤ ਕੌਰ ਨੇ ਇਲਾਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਮੌਕੇ ’ਤੇ ਸੱਦ ਕੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਮੋਰਚਾ ਸੰਭਾਲਿਆ। ਉਧਰ, ਫੇਜ਼-7 ਲਾਲ ਬੱਤੀ ਚੌਕ ਅਤੇ ਸੜਕ ’ਤੇ ਮੀਂਹ ਦਾ ਕਾਫ਼ੀ ਪਾਣੀ ਜਮ੍ਹਾ ਹੋ ਗਿਆ। ਚਾਵਲਾ ਚੌਂਕ ਤੋਂ ਸੈਕਟਰ-70 ਅਤੇ 71 ਨੂੰ ਜਾਂਦੀ ਸੜਕ ’ਤੇ ਪਾਣੀ ਖੜ੍ਹਾ ਹੋਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਪੇਸ਼ ਆਈਆਂ। ਇੰਜ ਹੀ ਡੀਪਲਾਸਟ ਚੌਕ ਤੋਂ ਮਦਨਪੁਰ ਸੜਕ ’ਤੇ ਵੀ ਕਾਫ਼ੀ ਪਾਣੀ ਜਮ੍ਹਾ ਹੋ ਗਿਆ। ਜਿਸ ਕਾਰਨ ਲੋਕਾਂ ਨੇ ਇੱਧਰ ਆਵਾਜਾਈ ਬੰਦ ਕੀਤੀ ਗਈ।

ਉਧਰ, ਫੇਜ਼-2 ਵਿੱਚ ਸੜਕ ਨਿਕਾਰੇ ਖੜਾ ਦਰੱਖ਼ਤ ਬਿਜਲੀ ਦੀਆਂ ਤਾਰਾਂ ’ਤੇ ਡਿੱਗਣ ਕਾਰਨ ਰਿਹਾਇਸ਼ੀ ਬਲਾਕ ਵਿੱਚ ਬਿਜਲੀ ਗੁੱਲ ਹੋ ਗਈ। ਇਲਾਕੇ ਦੀ ਕੌਂਸਲਰ ਜਸਪ੍ਰੀਤ ਕੌਰ ਅਤੇ ਕਾਂਗਰਸ ਆਗੂ ਰਾਜਾ ਕੰਵਰਜੋਤ ਸਿੰਘ ਨੇ ਤੁਰੰਤ ਪਾਵਰਕੌਮ ਦੇ ਅਮਲੇ ਨਾਲ ਤਾਲਮੇਲ ਕਰਨ ਲਈ ਕਈ ਫੋਨ ਕੀਤੇ ਪ੍ਰੰਤੂ ਕਿਸੇ ਨੇ ਫੋਨ ਨਹੀਂ ਚੁੱਕਿਆ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਉਨ੍ਹਾਂ ਨੇ ਨਗਰ ਨਿਗਮ ਦੀ ਟੀਮ ਨੂੰ ਸੱਦ ਕੇ ਟੁੱਟੇ ਹੋਏ ਦਰੱਖ਼ਤ ਨੂੰ ਪਾਸੇ ਹਟਾਇਆ। ਹਾਲਾਂਕਿ ਸਖ਼ਤੀ ਨਾਲ ਪੇਸ਼ ਆਉਣ ’ਤੇ ਪਾਵਰਕੌਮ ਦੀ ਟੀਮ ਮੌਕੇ ਉ੍ਵਤੇ ਪਹੁੰਚ ਗਈ ਸੀ ਪ੍ਰੰਤੂ ਸ਼ਿਕਾਇਤ ਕਰਤਾਵਾਂ ਦੀ ਜਾਣਕਾਰੀ ਅਨੁਸਾਰ ਦੇਰ ਰਾਤ ਤੱਕ ਬਿਜਲੀ ਗੁੱਲ ਰਹੀ।