ਬਰਸਾਤੀ ਪਾਣੀ ਦੀ ਸਮੱਸਿਆ: ਸ਼ਹਿਰ ਵਾਸੀਆਂ ਰੋਸ ਪ੍ਰਦਰਸ਼ਨ, ਨਾਅਰੇਬਾਜ਼ੀ ਕੀਤੀ

ਲੋਕਾਂ ਵੱਲੋਂ ਹਫ਼ਤੇ ਦਾ ਅਲਟੀਮੇਟਮ, 16 ਸਤੰਬਰ ਤੋਂ ਨਿਗਮ ਬਾਹਰ ਧਰਨਾ ਲਾਉਣ ਦੀ ਚਿਤਾਵਨੀ

ਨਬਜ਼-ਏ-ਪੰਜਾਬ, ਮੁਹਾਲੀ, 8 ਸਤੰਬਰ:
ਇੱਥੋਂ ਦੇ ਫੇਜ਼-11 ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸਥਾਨਕ ਵਸਨੀਕ ਹੁਣ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ ਅਤੇ ਲੜੀਵਾਰ ਸੰਘਰਸ਼ ਸ਼ੁਰੂ ਕਰਨ ਦੇ ਰੌਂਅ ਵਿੱਚ ਹਨ। ਰੋਡ ਗਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਥੋੜੀ ਜਿਹੀ ਬਾਰਸ਼ ਹੋਣ ’ਤੇ ਮੀਂਹ ਦਾ ਪਾਣੀ ਘਰਾਂ ਵਿੱਚ ਵੜ ਜਾਂਦਾ ਹੈ। ਸਰਕਾਰੀ ਅਣਦੇਖੀ ਦਾ ਸ਼ਿਕਾਰ ਪੀੜਤ ਲੋਕਾਂ ਨੇ ਐਤਵਾਰ ਨੂੰ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕੁੱਝ ਦਿਨ ਪਹਿਲਾਂ ਵੀ ਸਥਾਨਕ ਵਸਨੀਕਾਂ ਨੇ ਦੁਖੀ ਹੋ ਕੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ ਲੇਕਿਨ ਉਦੋਂ ਨਿਗਮ ਪ੍ਰਸ਼ਾਸਨ ਨੇ ਜਲ ਨਿਕਾਸੀ ਲਈ ਵੱਡੀ ਪਾਈਪਲਾਈਨ ਪਾਉਣ ਬਾਬਤ 15 ਸਤੰਬਰ ਤੱਕ ਦੀ ਮੋਹਲਤ ਮੰਗੀ ਸੀ। ਲੇਕਿਨ ਹੁਣ ਤੱਕ ਕੰਮ ਸ਼ੁਰੂ ਨਹੀਂ ਹੋਇਆ। ਧੀਰਜ ਕੁਮਾਰ, ਬਿਕਰਮ ਸਿੰਘ, ਧਰਮ ਸਿੰਘ, ਸੁਮਨਦੀਪ ਸਿੰਘ, ਸੰਜੀਵ ਜੋਸ਼ੀ, ਮਦਨ ਗੋਪਾਲ, ਰਵਿੰਦਰ ਸਿੰਘ, ਭੁਪਿੰਦਰ ਸਿੰਘ, ਸੱਤ ਪ੍ਰਕਾਸ਼ ਸ਼ਰਮਾ, ਮਲਕੀਤ ਸਿੰਘ ਅਤੇ ਪਵਨਜੀਤ ਸਿੰਘ ਨੇ ਦੱਸਿਆ ਕਿ ਹਫ਼ਤੇ ਵਿੱਚ ਹੁਣ ਤੱਕ ਤਿੰਨ ਵਾਰ ਬਾਰਸ਼ ਹੋ ਚੁੱਕੀ ਹੈ ਅਤੇ ਗੰਦੇ ਪਾਣੀ ਨੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਕਾਫ਼ੀ ਨੁਕਸਾਨ ਕੀਤਾ ਹੈ। ਹੁਣ ਫਿਰ ਬਰਸਾਤ ਹੋਣ ਦੇ ਆਸਾਰ ਬਣੇ ਹੋਏ ਹਨ। ਜਿਸ ਕਾਰਨ ਇੱਥੋਂ ਦੇ ਵਸਨੀਕ ਕਾਫ਼ੀ ਚਿੰਤਤ ਹਨ। ਉਨ੍ਹਾਂ ਨਿਗਮ ਪ੍ਰਸ਼ਾਸਨ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਜਲ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਨਾ ਕੀਤਾ ਗਿਆ ਤਾਂ 16 ਸਤੰਬਰ ਤੋਂ ਨਗਰ ਨਿਗਮ ਦੇ ਬਾਹਰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਇੱਕ ਬਜ਼ੁਰਗ ਅੌਰਤ ਨੇ ਦੱਸਿਆ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਇਹ ਸਮੱਸਿਆ ਜਿਊਂ ਦੀ ਤਿਊ ਬਰਕਰਾਰ ਹੈ। ਸਿਆਸੀ ਆਗੂ ਅਤੇ ਅਧਿਕਾਰੀ ਹਮੇਸ਼ਾ ਝੂਠੇ ਲਾਰੇ ਲਗਾ ਕੇ ਨਿਕਲ ਜਾਂਦੇ ਹਨ। ਮੌਕੇ ’ਤੇ ਮੌਜੂਦ ਹੋਰ ਅੌਰਤਾਂ ਨੇ ਦੱਸਿਆ ਕਿ ਜੇਕਰ ਲਗਾਤਾਰ ਅੱਧਾ ਘੰਟਾ ਮੀਂਹ ਪੈ ਜਾਵੇ ਤਾਂ ਸਾਰੀਆਂ ਸੜਕਾਂ ਤਲਾਬ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਅਤੇ ਲੋਕਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਹੀ ਨਹੀਂ ਬਾਰਸ਼ ਦੌਰਾਨ ਉਹ ਕਿਸੇ ਪੀੜਤ ਦੀ ਮਦਦ ਲਈ ਵੀ ਬਾਹਰ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਦੀ ਚਿੰਤਾ ਸਤਾਉਣ ਲੱਗ ਜਾਂਦੀ ਹੈ। ਸਕੂਲ ਨੂੰ ਜਾਂਦੀ ਸੜਕ ਅਤੇ ਗਰਾਉਂਡ ਵਿੱਚ ਗੋਡੇ ਗੋਡੇ ਪਾਣੀ ਭਰ ਜਾਂਦਾ ਹੈ। ਜਿਸ ਕਾਰਨ ਬੱਚਿਆਂ ਨੂੰ ਗੰਦੇ ਪਾਣੀ ’ਚੋਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…