
40 ਲੱਖ ਦੀ ਲਾਗਤ ਨਾਲ ਹੋਵੇਗਾ ਬਰਸਾਤੀ ਪਾਣੀ ਦੀ ਸਮੱਸਿਆ ਦਾ ਹੱਲ: ਮੇਅਰ ਜੀਤੀ ਸਿੱਧੂ
ਸ਼ਾਹੀਮਾਜਰਾ ਦੇ ਬਾਸ਼ਿੰਦਿਆਂ ਨੂੰ ਗਲੀਆਂ ’ਚ ਖੜਦੇ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਰਾਹਤ
ਮੇਅਰ ਜੀਤੀ ਸਿੱਧੂ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਕਰਨ ਲਈ ਸ਼ੁਰੂ ਕਰਵਾਇਆ ਕੰਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਮੁਹਾਲੀ ਦੇ ਮੇਅਰ ਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਪਿੰਡ ਸ਼ਾਹੀਮਾਜਰਾ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਕਿਹਾ ਕਿ ਇਸ ਨਾਲ ਗਲੀਆਂ ਵਿੱਚ ਖੜ੍ਹਦੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ। ਮੇਅਰ ਨੇ ਦੱਸਿਆ ਕਿ ਸ਼ਾਹੀਮਾਜਰਾ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਖੜਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ 40 ਲੱਖ ਦੀ ਲਾਗਤ ਨਾਲ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਲੋਕਾਂ ਦੀ ਲੋੜ ਅਨੁਸਾਰ ਅਤੇ ਬਿਨਾਂ ਪੱਖਪਾਤ ਤੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਸਬੰਧਤ ਇਲਾਕੇ ਦੇ ਕੌਂਸਲਰ ਦੀ ਰਾਏ ਨਾਲ ਐਸਟੀਮੇਟ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਉਹ ਖ਼ੁਦ ਆਪਣੀ ਪੂਰੀ ਟੀਮ ਨਾਲ ਸਮੇਂ-ਸਮੇਂ ’ਤੇ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਕਰਦੇ ਹਨ, ਉੱਥੇ ਸਬੰਧਤ ਵਾਰਡਾਂ ਦੇ ਕੌਂਸਲਰ ਵੀ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਣ।
ਇਸ ਮੌਕੇ ਕੌਂਸਲਰ ਜਗਦੀਸ਼ ਸਿੰਘ ਜੱਗਾ ਨੇ ਵਿਕਾਸ ਕਾਰਜਾਂ ਸ਼ੁਰੂ ਕਰਵਾਉਣ ਲਈ ਮੇਅਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਇਲਾਕੇ ਦੇ ਲੋਕਾਂ ਦੀ ਇਹ ਚਿਰੋਕਣੀ ਮੰਗ ਵੀ ਪੂਰੀ ਹੋਵੇਗੀ ਅਤੇ ਬਰਸਾਤੀ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ। ਇਸ ਮੌਕੇ ਰਾਮ ਕੁਮਾਰ, ਬਾਬੂ ਖਾਨ, ਗੁਲਾਮ ਅਲੀ, ਭੁਪਿੰਦਰ ਸਿੰਘ, ਧਨੀਰਾਮ, ਇਸ਼ਪਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।