nabaz-e-punjab.com

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਦਮਾ, ਰਾਜ ਮਾਤਾ ਮੋਹਿੰਦਰ ਕੌਰ ਦਾ ਪਟਿਆਲਾ ਵਿੱਚ ਦੇਹਾਂਤ

ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਨਾਂ ਕਾਂਗਰਸ ਆਗੂਆਂ ਵੱਲੋਂ ਰਾਜਮਾਤਾ ਦੇ ਵਿਛੋੜੇ ’ਤੇ ਡੂੰਘਾ ਦੁੱਖ ਪ੍ਰਗਟ

ਪਟਿਆਲਾ ਵਿੱਚ ਸ਼ਾਹੀ ਸਮਾਧਾਂ ਵਿੱਚ ਅੱਜ 12:45 ’ਤੇ ਹੋਵੇਗਾ ਰਾਜਮਾਤਾ ਮੋਹਿੰਦਰ ਕੌਰ ਦਾ ਅੰਤਿਮ ਸਸਕਾਰ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਪਟਿਆਲਾ, 24 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਜੀ ਰਾਜਮਾਤਾ ਮੋਹਿੰਦਰ ਕੌਰ ਪਟਿਆਲਾ ਵਿਖੇ ਸ਼ਾਮ ਵੇਲੇ ਵਿਛੋੜਾ ਦੇ ਗਏ। ਇਕ ਸਰਕਾਰੀ ਬੁਲਾਰੇ ਅਨੁਸਾਰ ਸਾਬਕਾ ਸੰਸਦ ਮੈਂਬਰ ਰਾਜਮਾਤਾ ਮੋਹਿੰਦਰ ਕੌਰ 96 ਸਾਲਾਂ ਦੇ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁੱਝ ਸਮੇਂ ਤੋਂ ਠੀਕ ਨਹੀਂ ਸੀ। ਉਨ੍ਹਾਂ ਨੇ ਆਪਣਾ ਆਖਰੀ ਸਾਹ ਅੱਜ ਪਟਿਆਲਾ ਦੇ ਮੋਤੀ ਮਹਿਲ ਵਿਖੇ 7:24 ਵਜੇ ਸ਼ਾਮ ਨੂੰ ਲਿਆ। ਬੁਲਾਰੇ ਅਨੁਸਾਰ ਬਜ਼ੁਰਗ ਹੋਣ ਕਾਰਨ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਸਨ ਅਤੇ ਉਨ੍ਹਾਂ ਦੇ ਅੰਗਾਂ ਨੇ ਕੰਮ ਕਰਨਾ ਛੱਡ ਦਿੱਤਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਰਾਜਮਾਤਾ ਮੋਹਿੰਦਰ ਕੌਰ ਦੇ ਅੰਤਿਮ ਸੰਸਕਾਰ ਲਈ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਚਲੇ ਗਏ ਹਨ।
ਰਾਜਮਾਤਾ ਸਰਦਾਰਨੀ ਮੋਹਿੰਦਰ ਕੌਰ ਦੀਆਂ ਅੰਤਿਮ ਸਸਕਾਰ ਭਲਕੇ 25 ਜੁਲਾਈ ਮੰਗਲਵਾਰ ਨੂੰ ਪਟਿਆਲਾ ਦੀਆਂ ਸ਼ਾਹੀ ਸਮਾਧਾਂ ਵਿਖੇ ਦੁਪਹਿਰ 12:45 ਵਜੇ ਹੋਵੇਗਾ। ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਸ਼ਾਹੀ ਪਰਿਵਾਰ ਦੀਆਂ ਰਿਵਾਇਤਾਂ ਦੇ ਅਨੁਸਾਰ ਰਾਜਮਾਤਾ ਦੀਆਂ ਅੰਤਿਮ ਰਸਮਾਂ ਸ਼ਾਹੀ ਸਮਾਧਾਂ ਵਿਖੇ ਹੋਣਗੀਆਂ। ਰਾਜਮਾਤਾ ਦੀ ਦੇਹ ਮੋਤੀ ਬਾਗ ਮਹਿਲ ਵਿਖੇ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਤਾਂ ਜੋ ਉਹ ਆਪਣਾ ਸਤਿਕਾਰ ਭੇਟ ਕਰ ਸਕਣ।
ਸਰਕਾਰੀ ਬੁਲਾਰੇ ਅਨੁਸਾਰ ਭਲਕੇ 25 ਜੁਲਾਈ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਅਤੇ ਹੋਰ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਬੁਲਾਰੇ ਅਨੁਸਾਰ ਰਾਜ ਮਾਤਾ ਪਿਛਲੇ ਕੁੱਝ ਮਹੀਨਿਆਂ ਤੋਂ ਤੰਦਰੁਸਤ ਨਹੀਂ ਸਨ। ਉਨ੍ਹਾਂ ਨੂੰ ਇਸ ਸਾਲ ਮਾਰਚ ਵਿਚ ਅੰਤੜੀਆਂ ਵਿਚੋਂ ਖੂਨ ਦੇ ਰਸਾਅ ਕਾਰਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਾਇਆ ਗਿਆ ਸੀ। ਉਹ ਆਪਣੇ ਪਿਛੇ ਦੋ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ। ਪਟਿਆਲਾ ਦੇ ਸਵਰਗੀ ਮਹਾਰਾਜਾ ਯਾਦਵਿੰਦਰ ਸਿੰਘ ਦੀ ਪਤਨੀ ਮੋਹਿੰਦਰ ਕੌਰ ਦਾ ਜਨਮ ਅਣ-ਵੰਡੇ ਪੰਜਾਬ ਵਿਚ ਲੁਧਿਆਣਾ ਵਿਖੇ ਸਰਦਾਰ ਹਰਚੰਦ ਸਿੰਘ ਜੇਜੀ ਦੇ ਘਰ ਹੋਇਆ ਜੋ ਕਿ ਪਟਿਆਲਾ ਸਟੇਟ ਦੀ ਇਕ ਉੱਚ ਸਖਸ਼ੀਅਤ ਅਤੇ ਪਟਿਆਲਾ ਰਿਆਸਤ ਪਰਜਾ ਮੰਡਲ ਦੇ ਮੈਂਬਰ ਸਨ। ਇਹ ਪਰਜਾ ਮੰਡਲ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸਬੰਧਤ ਸੀ। ਰਾਜਮਾਤਾ ਮੋਹਿੰਦਰ ਕੌਰ ਦੀ ਸ਼ਾਦੀ 16 ਸਾਲ ਦੀ ਉਮਰ ’ਚ 1938 ਵਿਚ ਹੋਈ। ਲੋਕ ਸਭਾ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਰਾਜਮਾਤਾ ਸਿਆਸੀ, ਸਮਾਜਿਕ ਅਤੇ ਹੋਰਨਾਂ ਪਰਉਪਕਾਰੀ ਸਰਗਰਮੀਆਂ ਵਿਚ ਸਰਗਰਮ ਸਨ।
ਰਾਜਮਾਤਾ ਮੋਹਿੰਦਰ ਕੌਰ ਦੀ ਮੌਤ ’ਤੇ ਦੇਸ਼ ਦੀਆਂ ਅਨੇਕਾਂ ਉਘੀਆਂ ਸਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਨਵਜੋਤ ਸਿੰਘ ਸਿੱਧੂ, ਰਾਣਾ ਗੁਰਜੀਤ ਸਿੰਘ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨ ਅਤੇ ਅਰੁਨਾ ਚੌਧਰੀ ਤੋਂ ਇਲਾਵਾ ਬਹੁਤ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਵੀ ਰਾਜਮਾਤਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ. ਐਸ ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਾਰਾਲ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ ਨੇ ਵੀ ਰਾਜਮਾਤਾ ਮੋਹਿੰਦਰ ਕੌਰ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੁਖੀ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਪੰਜਾਬ ਰਾਜ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਅਤੇ ਪੰਜਾਬ ਸਿਵਲ ਸਰਵਿਸਜ਼ ਆਫਿਸਰਜ਼ ਐਸੋਸੀਏਸ਼ਨ ਨੇ ਵੀ ਰਾਜਮਾਤਾ ਦੇ ਵਿਛੋੜੇ ’ਤੇ ਦੁੱਖ ਪ੍ਰਗਟ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…