nabaz-e-punjab.com

ਮੁੱਖ ਮੰਤਰੀ ਦੀ ਮਾਤਾ ਰਾਜਮਾਤਾ ਸਰਦਾਰਨੀ ਮੋਹਿੰਦਰ ਕੌਰ ਨੂੰ ਹੰਝੂਆਂ ਭਰੀ ਵਿਦਾਇਗੀ

ਕੈਪਟਨ ਅਮਰਿੰਦਰ ਸਿੰਘ ਨੇ ਰਾਜਮਾਤਾ ਦੀ ਚਿਖਾ ਨੂੰ ਅਗਨੀ ਦਿਖਾਈ, ਰਾਜਪਾਲ ਬਦਨੌਰ ਤੇ ਅਨੇਕਾਂ ਰਾਜਸੀ ਆਗੂ ਪਹੁੰਚੇ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 25 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਤਾ ਰਾਜਮਾਤਾ ਮੋਹਿੰਦਰ ਕੌਰ ਦੀ ਚਿਖਾ ਨੂੰ ਅੱਗ ਦਿਖਾ ਕੇ ਉਨ੍ਹਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ। ਰਾਜਮਾਤਾ ਮੋਹਿੰਦਰ ਕੌਰ ਦਾ ਅੱਜ ਸ਼ਾਹੀ ਸਮਾਧਾਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਥੇ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਪਰਿਵਾਰ ਦੇ ਪੂਰਵਜਾਂ ਦੇ ਸ਼ਮਸ਼ਾਨਘਾਟ ‘‘ਸ਼ਾਹੀ ਸਮਾਧਾਂ’’ ਵਿਖੇ ਰਾਜਮਾਤਾ ਦੀ ਚਿਖਾ ਨੂੰ ਅਗਨੀ ਦਿਖਾਉਣ ਦੇ ਨਾਲ ਸਾਰਾ ਮਾਹੌਲ ਹੰਝੂਆਂ ਵਿਚ ਡੁੱਬ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਰਾ ਮਲਵਿੰਦਰ ਸਿੰਘ ਅਤੇ ਪੁੱਤਰ ਰਣਇੰਦਰ ਸਿੰਘ ਦੇ ਨਾਲ ਚਿਖਾ ਨੂੰ ਅੱਗ ਦਿਖਾਈ। ਇਸ ਮੌਕੇ ਪਰਿਵਾਰ ਦੇ ਨੇੜਲੇ ਰਿਸ਼ਤੇਦਾਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਬਹਿਨੋਈ ਸਾਬਕਾ ਕੇਂਦਰੀ ਮੰਤਰੀ ਕੰਵਰ ਨਟਵਰ ਸਿੰਘ ਅਤੇ ਮੇਜਰ ਕੰਵਲਜੀਤ ਸਿੰਘ ਢਿੱਲੋਂ ਵੀ ਆਪਣੇ ਪੁੱਤਰਾਂ ਦੇ ਨਾਲ ਹਾਜ਼ਰ ਸਨ।
ਕੈਪਟਨ ਅਮਰਿੰਦਰ ਸਿੰਘ ਦੇ ਪੋਤਰੇ/ਦੋਹਤਰੇ ਨਿਰਵਾਨ ਸਿੰਘ, ਅੰਗਦ ਸਿੰਘ ਅਤੇ ਯਾਦਇੰਦਰ ਸਿੰਘ ਵੀ ਅੰਤਿਮ ਰਸਮਾਂ ਮੌਕੇ ਮੌਜੂਦ ਸਨ। ਰਾਜਮਾਤਾ ਦੀ ਅੰਤਿਮ ਵਿਦਾਇਗੀ ਵੇਲੇ ਵੱਖ-ਵੱਖ ਵਰਗਾਂ ਅਤੇ ਆਮ ਲੋਕਾਂ ਦੇ ਭਾਰੀ ਇਕੱਠ ਤੋਂ ਇਲਾਵਾ ਸਿਆਸੀ, ਧਾਰਮਿਕ ਅਤੇ ਪ੍ਰਸ਼ਾਸਕੀ ਆਗੂ ਵੀ ਮੌਜੂਦ ਸਨ। ਅੱਜ ਸਵੇਰੇ ਮੋਤੀ ਮਹਿਲ ਵਿਖੇ ਵੀ ਵੱਡੀ ਗਿਣਤੀ ਲੋਕਾਂ ਨੇ ਆਪਣੀ ਹਰਮਨ ਪਿਆਰੀ ਆਗੂ ਰਾਜਮਾਤਾ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ। ਰਾਜਮਾਤਾ ਨੂੰ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਨਵਜੋਤ ਸਿੰਘ ਸਿੱਧੂ ਸਾਧੂ ਸਿੰਘ ਧਰਮਸੋਤ, ਸੰਸਦ ਮੈਂਬਰ ਸੰਤੋਖ ਚੌਧਰੀ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵੀ ਸ਼ਾਮਲ ਸਨ।
ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਉੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਵੀ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪਾਰਟੀ ਲੀਹਾਂ ਤੋਂ ਉੱਪਰ ਉਠ ਕੇ ਬਹੁਤ ਸਾਰੇ ਉਘੇ ਸਿਆਸੀ ਆਗੂ ਵੀ ਰਾਜਮਾਤਾ ਮੋਹਿੰਦਰ ਕੌਰ ਨੂੰ ਸ਼ਰਧਾਂਜਲੀਆਂ ਦੇਣ ਲਈ ਪਹੁੰਚੇ ਉਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ, ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਐਨ.ਕੇ. ਸ਼ਰਮਾ ਅਤੇ ਤ੍ਰਿਣਮੂਲ ਕਾਂਗਰਸ ਪੰਜਾਬ ਇਕਾਈ ਦੇ ਆਗੂ ਜਗਮੀਤ ਸਿੰਘ ਬਰਾੜ ਸ਼ਾਮਲ ਸਨ। ਇਨ੍ਹਾਂ ਸਾਰੇ ਆਗੂਆਂ ਨੇ ਦੁਖੀ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਵੱਖ ਵੱਖ ਮੱਤਾਂ ਨਾਲ ਸਬੰਧਤ ਵੱਖ-ਵੱਖ ਧਾਰਮਿਕ ਆਗੂਆਂ ਨੇ ਸ਼ਾਹੀ ਸਮਾਧਾਂ ਵਿਖੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਤੋਂ ਪਹਿਲਾਂ ਰਾਜਮਾਤਾ ਦੀ ਅੰਤਿਮ ਯਾਤਰਾ ਮੋਤੀ ਬਾਗ ਮਹਿਲ ਤੋਂ ਸ਼ੁਰੂ ਹੋਈ ਅਤੇ ਪਟਿਆਲੇ ਦੇ ਵੱਖ-ਵੱਖ ਰਾਹਾਂ ਤੋਂ ਹੁੰਦੀ ਹੋਈ ਸ਼ਮਸ਼ਾਨਘਾਟ ਪਹੁੰਚੀ। ਇਸ ਮੌਕੇ ਵੱਖ-ਵੱਖ ਸੜਕਾਂ ’ਤੇ ਖੜ੍ਹੇ ਵੱਡੀ ਗਿਣਤੀ ਲੋਕਾਂ ਨੇ ਰਾਜਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਆਪਣੇ ਭਰਾ ਮਲਵਿੰਦਰ ਸਿੰਘ ਪੁੱਤਰ ਰਣਇੰਦਰ ਸਿੰਘ ਅਤੇ ਪੋਤਰਿਆਂ/ਦੋਤਰਿਆਂ ਨਿਰਵਾਣ ਸਿੰਘ, ਅੰਗਦ ਸਿੰਘ ਅਤੇ ਯਾਦਇੰਦਰ ਸਿੰਘ ਦੇ ਨਾਲ ਫੂਲਾਂ ਨਾਲ ਲੱਦੀ ਰਾਜਮਾਤਾ ਨੂੰ ਲਿਜਾਣ ਵਾਲੀ ਗੱਡੀ ਵਿਚ ਸਵਾਰ ਹੋ ਕੇ ਸੰਸਕਾਰ ਵਾਲੀ ਜਗ੍ਹਾ ਪਹੁੰਚੇ।
ਸ਼ਾਹੀ ਸਮਾਧਾਂ ਵਿਖੇ ਭਾਵੁਕ ਹੋਏ ਅਮਰਿੰਦਰ ਸਿੰਘ ਨੇ ਆਪਣੇ ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਅਰਥੀ ਨੂੰ ਮੋਢਾ ਦਿੱਤਾ। ਰਾਜਮਾਤਾ ਦੀ ਅੰਤਿਮ ਯਾਤਰਾ ਮੋਤੀ ਬਾਗ ਮਹਿਲ ਤੋਂ ਬਾਅਦ ਦੁਪਹਿਰ 1.20 ਵਜੇ ਸ਼ੁਰੂ ਹੋਈ ਅਤੇ ਠੀਕਰੀਵਾਲਾ ਚੌਂਕ, ਫੁਹਾਰਾ ਚੌਂਕ, ਸ਼ੇਰਾਂਵਾਲਾ ਗੇਟ, ਤਵਕਲੀ ਮੋੜ, ਧਰਮਪੁਰਾ ਬਜ਼ਾਰ, ਅਨਾਰਦਾਨਾ ਚੌਂਕ, ਅਦਾਲਤ ਬਜ਼ਾਰ, ਕਿਲ੍ਹਾ ਚੌਂਕ, ਗੁੜ ਮੰਡੀ ਅਤੇ ਦਾਲ ਦਲੀਆ ਚੌਂਕ ਤੋਂ ਹੁੰਦੀ ਹੋਈ ਸ਼ਾਹੀ ਸਮਾਧਾਂ ਵਿਖੇ ਪਹੁੰਚੀ। ਇਸ ਦੌਰਾਨ ‘‘ਰਾਜਮਾਤਾ ਅਮਰ ਰਹੇ’’, ‘‘ਰਾਜਮਾਤਾ ਅਮਰ ਰਹੇ’’ ਦੇ ਨਾਅਰੇ ਚੌਫੇਰੇ ਲੱਗ ਰਹੇ ਸਨ। ਸੰਸਕਾਰ ਮੌਕੇ ਪਰਿਵਾਰ ਦੇ ਨੇੜਲੇ ਰਿਸ਼ਤੇਦਾਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਬਹਿਨੋਈ ਸਾਬਕਾ ਕੇਂਦਰੀ ਮੰਤਰੀ ਕੰਵਰ ਨਟਵਰ ਸਿੰਘ ਅਤੇ ਮੇਜਰ ਕੰਵਲਜੀਤ ਸਿੰਘ ਢਿੱਲੋਂ ਵੀ ਆਪਣੇ ਪੁੱਤਰਾਂ ਦੇ ਨਾਲ ਹਾਜ਼ਰ ਸਨ।
ਇਸ ਮੌਕੇ ਮਾਹਾਰਾਣੀ ਪਰਨੀਤ ਕੌਰ ਵੀ ਅਸਹਿ ਗਮਾਂ ਵਿਚ ਡੁੱਬੇ ਹੋਏ ਸਨ। ਰਾਜਮਾਤਾ ਆਪਣੇ ਪਿਛੇ ਦੋ ਪੁੱਤਰਾਂ ਅਮਰਿੰਦਰ ਸਿੰਘ ਅਤੇ ਮਲਵਿੰਦਰ ਸਿੰਘ ਅਤੇ ਦੋ ਧੀਆਂ ਹੇਮਿੰਦਰ ਕੌਰ ਪਤਨੀ ਨਟਵਰ ਸਿੰਘ ਅਤੇ ਰੁਪਿੰਦਰ ਕੌਰ ਪਤਨੀ ਮੇਜਰ ਢਿੱਲੋਂ ਨੂੰ ਛੱਡ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਜਯਾ ਇੰਦਰ ਸਿੰਘ ਵੀ ਮਹਿਲ ਵਿਚ ਆਪਣੀ ਮਾਂ ਰਾਣੀ ਪਰਨੀਤ ਕੌਰ ਕੋਲ ਖੜ੍ਹੀ ਸੀ ਅਤੇ ਆਪਣੀ ਦਾਦੀ ਦੇ ਵਿਛੋੜੇ ਵਿਚ ਅੱਥਰੂ ਵਹਾਅ ਰਹੀ ਸੀ। ਰਣਇੰਦਰ ਸਿੰਘ ਦੀਆਂ ਧੀਆਂ ਇਨਾਇਤਇੰਦਰ ਕੌਰ ਅਤੇ ਸੇਹਰਿੰਦਰ ਕੌਰ ਵੀ ਇਸ ਮੌਕੇ ਕਾਫੀ ਦੁਖੀ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…