nabaz-e-punjab.com

ਰਾਕੇਸ਼ ਭਾਰਤੀ ਮਿੱਤਲ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ, ਪੰਜਾਬ ’ਚ ਹੋਰ ਸਕੂਲ ਚਲਾਉਣ ਦਾ ਜ਼ਿੰਮਾ ਲੈਣ ਦੀ ਪੇਸ਼ਕਸ਼

ਨਿਵੇਸ਼ ਕਰਨ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਉਪਰਾਲੇ ’ਤੇ ਚਰਚਾ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਅਗਸਤ:
ਭਾਰਤੀ ਐਂਟਰਪ੍ਰਾਈਜਿਜ਼ ਦੇ ਰਾਕੇਸ਼ ਭਾਰਤੀ ਮਿੱਤਲ ਨੇ ਪੰਜਾਬ ਵਿੱਚ ਹੋਰ ਸਕੂਲ ਚਲਾਉਣ ਦਾ ਜ਼ਿੰਮਾ ਲੈਣ ਦੀ ਪੇਸ਼ਕਸ਼ ਕੀਤੀ ਤਾਂ ਕਿ ਮਿਆਰੀ ਸਿੱਖਿਆ ਦਾ ਹੋਰ ਵਧੇਰੇ ਪਾਸਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੁਧਿਆਣਾ ਵਿਚ ਲਾਡੋਵਾਲ ਵਿਖੇ ਫੂਡ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਲਈ ਸਹਿਯੋਗ ਦੀ ਮੰਗ ਕੀਤੀ। ਸੂਬੇ ਵਿਚ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਪੈਦਾ ਹੋਏ ਉਦਯੋਗ ਪੱਖੀ ਮਾਹੌਲ ਤੋਂ ਉਤਸ਼ਾਹਤ ਹੁੰਦਿਆਂ ਸ੍ਰੀ ਮਿੱਤਲ ਨੇ 30 ਕਰੋੜ ਰੁਪਏ ਦੇ ਮੁੱਢਲੇ ਨਿਵੇਸ਼ ਨਾਲ ਆਪਣੇ ਡੈਲ ਮੌਂਟ ਬਰਾਂਡ ਲਈ ਫੂਡ ਪ੍ਰੋਸੈਸਿੰਗ ਪਲਾਂਟ ਦੀ ਸਥਾਪਨਾ ਕਰਨ ਲਈ ਇਜਾਜ਼ਤ ਮੰਗੀ ਅਤੇ ਇਸ ਨੂੰ ਮੁਕੰਮਲ ਕਰਨ ਲਈ 50 ਕਰੋੜ ਰੁਪਏ ਹੋਰ ਨਿਵੇਸ਼ ਕੀਤੇ ਜਾਣਗੇ।
ਕੰਪਨੀ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਉਪਰਾਲੇ ਤਹਿਤ ਸੱਤਿਆ ਭਾਰਤੀ ਸਕੂਲ ਪ੍ਰੋਗਰਾਮ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਨਿਰੰਤਰ ਸਹਿਯੋਗ ਦੀ ਮੰਗ ਕਰਦਿਆਂ ਸ੍ਰੀ ਮਿੱਤਲ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਪ੍ਰੋਗਰਾਮ ਦਾ ਘੇਰਾ ਵਸੀਹ ਕਰਨ ਨਾਲ ਸੂਬੇ ਵਿਚ ਵਿਦਿਆਰਥੀਆਂ ਦੇ ਜੀਵਨ ’ਤੇ ਬਹੁਤ ਉਸਾਰੂ ਪ੍ਰਭਾਵ ਪਵੇਗਾ। ਉਨ੍ਹਾਂ ਨੇ ਸਮਾਜਿਕ ਸਰੋਕਾਰ ਨਾਲ ਯੂਨੀਵਰਸਿਟੀ ਸਥਾਪਤ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ ਤਾਂ ਕਿ ਪੰਜਾਬ ਦੇ ਲੋੜਵੰਦ ਹੋਣਹਾਰ ਬੱਚਿਆਂ ਨੂੰ ਮਿਆਰੀ ਉਚੇਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਇਕ ਸਰਕਾਰੀ ਬੁਲਾਰੇ ਮੁਤਾਬਿਕ ਬੀਤੀ ਸ਼ਾਮ ਇੱਥੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਸ੍ਰੀ ਮਿੱਤਲ ਨੇ ਸਕੂਲ ਪ੍ਰੋਗਰਾਮ ਦੇ ਉਪਰਾਲੇ ਲਈ ਪੰਜਾਬ ਸਕੂਲ ਵਿਕਾਸ ਬੋਰਡ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਜਿਸ ਨਾਲ ਪੇਂਡੂ ਖੇਤਰ ਦੇ ਬੱਚਿਆਂ ਨੂੰ ਅਕਾਦਮਿਕ ਪ੍ਰਾਪਤੀ ਅਤੇ ਹੁਨਰ ਵਿਕਾਸ ਲਈ ਮਦਦ ਮਿਲਦੀ ਹੈ।
ਸ੍ਰੀ ਮਿੱਤਲ ਨੇ ਦੱਸਿਆ ਕਿ ਪੰਜਾਬ ਵਿਚ ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲਾਂ ਦੇ ਪੰਜ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਦੇ ਦਸਵੀਂ ਅਤੇ ਬਾਰ੍ਹਵੀਂ ਦੇ ਇਮਤਿਹਾਨ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪੰਜ ਸਕੂਲਾਂ ਤੋਂ ਕੁੱਲ 313 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਦਾ 97 ਫੀਸਦੀ ਨਤੀਜਾ ਆਇਆ ਹੈ ਅਤੇ ਇਨ੍ਹਾਂ ਵਿਚੋਂ ਅੱਠ ਵਿਦਿਆਰਥੀਆਂ ਨੇ 10 ਸੀ.ਜੀ.ਪੀ.ਏ ਅਤੇ 37 ਵਿਦਿਆਰਥੀਆਂ ਨੇ ਏ1 ਗ੍ਰੇਡ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬੱਚੇ ਸਧਾਰਨ ਪਿਛੋਕੜ ਵਾਲੇ ਹਨ। ਸ੍ਰੀ ਮਿੱਤਲ ਨੇ ਦੱਸਿਆ ਕਿ ਸੀ.ਐਸ.ਆਰ ਪ੍ਰੋਗਰਾਮ ਦੇ ਅਧੀਨ ਭਾਰਤੀ ਫਾਊਂਡੇਸ਼ਨ ਵੱਲੋਂ ‘ਸੱਤਿਆ ਭਾਰਤੀ ਅਭਿਆਨ’ ਤਹਿਤ ਪਖਾਨੇ ਬਣਾਏ ਜਾ ਰਹੇ ਹਨ ਅਤੇ ਸਾਲ 2014 ਤੋਂ ਅੰਮ੍ਰਿਤਸਰ ਦੇ ਪੇਂਡੂ ਇਲਾਕਿਆਂ ਅਤੇ ਲੁਧਿਆਣਾ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਸਰਕਾਰੀ ਸਕੂਲਾਂ ਦੇ ਨਾਲ ਨਾਲ ਘਰਾਂ ਵਿਚ ਵੀ ਹਜ਼ਾਰਾਂ ਪਖਾਨੇ ਬਣਾ ਕੇ ਦਿੱਤੇ ਗਏ ਹਨ।
ਸ੍ਰੀ ਮਿੱਤਲ ਨੇ ਮੁੱਖ ਮੰਤਰੀ ਨੂੰ ਭਾਰਤੀ ਐਂਟਰਪ੍ਰਾਈਜਿਜ਼ ਜੋ ਏਅਰਟੈਲ ਸਮੇਤ ਹੋਰ ਕੰਪਨੀਆਂ ਚਲਾ ਰਹੀ ਹੈ, ਵੱਲੋਂ ਸੂਬੇ ਵਿਚ ਚਲਾਏ ਜਾ ਰਹੇ ਵੱਖ ਵੱਖ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ। ਇਨ੍ਹਾਂ ਵਿਚ ਸੱਤਿਆ ਭਾਰਤੀ ਕੁਆਲਟੀ ਸੁਪੋਰਟ ਪ੍ਰੋਗਰਾਮ ਵੀ ਸ਼ਾਮਲ ਹੈ ਜਿਸ ਦਾ ਉਦੇਸ਼ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਸੁਧਾਰਨਾ ਹੈ ਅਤੇ ਇਸ ਪ੍ਰੋਗਰਾਮ ਨੂੰ ਮਈ 2017 ਤੱਕ ਬਠਿੰਡਾ ਅਤੇ ਫਾਜ਼ਿਲਕਾ ਦੇ 14 ਸਕੂਲਾਂ ਵਿਚ 3283 ਵਿਦਿਆਰਥੀਆਂ ਅਤੇ 134 ਅਧਿਆਪਕਾਂ ਤੱਕ ਪਹੁੰਚਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…