
ਦਿੱਲੀ ਚੋਣਾਂ: ਪੰਥਕ ਅਕਾਲੀ ਲਹਿਰ ਦੇ ਉਮੀਦਵਾਰ ਅਮਰਪਾਲ ਸਿੰਘ ਸੋਨੂੰ ਦੇ ਹੱਕ ਵਿੱਚ ਵਿਸ਼ਾਲ ਇਕੱਠ
ਨਬਜ਼-ਏ-ਪੰਜਾਬ ਬਿਊਰੋ, ਦਿੱਲੀ, 4 ਅਪਰੈਲ:
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿੱਚ ਉਤਮ ਨਗਰ (ਵਾਰਡ ਨੰਬਰ-31) ਵਿਖੇ ਪੰਥਕ ਅਕਾਲੀ ਲਹਿਰ ਦੇ ਉਮੀਦਵਾਰ ਅਮਰਪਾਲ ਸਿੰਘ ਸੋਨੂੰ ਦੇ ਹੱਕ ਵਿੱਚ ਵਿਸ਼ਾਲ ਇਕੱਠ ਕਰਕੇ ਲੋਕਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਗੁਰਦੁਆਰਾ ਕਮੇਟੀ ’ਤੇ ਕਾਬਜ਼ ਕਥਿਤ ਭ੍ਰਿਸ਼ਟ ਆਗੂਆਂ ਨੂੰ ਗੁਰਦੁਆਰਾ ਪ੍ਰਬੰਧ ’ਚੋਂ ਬਾਹਰ ਕਰਨ ਦੀ ਦਿੱਲੀ ਦੀਆਂ ਸੰਗਤਾਂ ਨੂੰ ਅਪੀਲ ਕੀਤੀ।
ਮੀਟਿੰਗ ਵਿੱਚ ਬੀਬੀਆਂ ਨੇ ਭਾਰੀ ਉਤਸ਼ਾਹ ਦਿਖਾਉਂਦੇ ਹੋਏ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਸਮੂਲੀਅਤ ਕੀਤੀ ਅਤੇ ਪ੍ਰਣ ਕੀਤਾ ਕਿ ਉਹ ਮਾਈ ਭਾਗੋ ਦੀਆਂ ਵਾਰਸਾਂ ਬਣ ਕੇ ਪੰਥ ਦੋਖੀਆਂ ਨੂੰ ਇਨ੍ਹਾਂ ਚੋਣਾਂ ਵਿੱਚ ਬਾਹਰ ਦਾ ਰਸਤਾ ਦਿਖਾ ਕੇ ਪੰਥਕ ਅਕਾਲੀ ਲਹਿਰ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰਾ ਤਾਣ ਲਾਉਣਗੀਆਂ। ਨੌਜਵਾਨਾਂ ਨੇ ਵੀ ਪੂਰੇ ਜੋਸ਼ ਨਾਲ ਅਕਾਲੀ ਲਹਿਰ ਦਾ ਸਾਥ ਦੇਣ ਅਤੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸੱਚੇ-ਸੁੱਚੇ ਕਿਰਦਾਰ ਵਾਲੇ ਸਿੱਖਾਂ ਨੂੰ ਜਿਤਾਉਣ ਲਈ ਸਖ਼ਤ ਮਿਹਨਤ ਕਰਨ ਦਾ ਐਲਾਨ ਕੀਤਾ।