Nabaz-e-punjab.com

ਮੁਹਾਲੀ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਕੌਂਸਲਰ ਕੁਲਜੀਤ ਬੇਦੀ ਨੇ ਕੀਤੀ ਨਿਵੇਕਲੀ ਪਹਿਲਕਦਮੀ

ਕੁਲਜੀਤ ਬੇਦੀ ਨੇ ਆਪਣੇ ਵਾਰਡ ਨੰਬਰ 17 ਵਿੱਚ ਲੋਕਾਂ ਨੂੰ ਵੰਡੇ ਕੱਪੜੇ ਦੇ ਮੁਫ਼ਤ ਥੈਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਮੁਹਾਲੀ ਨਗਰ ਨਿਗਮ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਆਪਣੇ ਵਾਰਡ ਨੰਬਰ-17 ਵਿੱਚ ਲੋਕਾਂ ਨੂੰ ਗਲਣਸ਼ੀਲ ਕੱਪੜੇ ਦੇ ਥੈਲੇ\ਕੈਰੀਬੈਗ ਮੁਫ਼ਤ ਵੰਡ ਕੇ ‘ਪਲਾਸਟਿਕ ਨੂੰ ਕਹੋ ਨਾਂਹ ਅਤੇ ਵਾਤਾਵਰਨ ਬਚਾਓ’ ਮੁਹਿੰਮ ਦੇ ਤਹਿਤ ਵਿਲੱਖਣ ਪਹਿਲਕਦਮੀ ਕੀਤੀ ਹੈ। ਜਿਸ ਦੀ ਸ਼ਹਿਰ ਵਿੱਚ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ੍ਰੀ ਬੇਦੀ ਨੇ ਹਰੇਕ ਕੰਮ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਸ੍ਰੀ ਬੇਦੀ ਨੇ ਆਪਣੇ ਖ਼ਰਚ ’ਤੇ ਕੱਪੜੇ ਦੇ ਥੈਲੇ ਤਿਆਰ ਕਰਵਾ ਕੇ ਸ਼ਹਿਰ ਵਿੱਚ ਵੰਡੇ ਗਏ ਹਨ। ਇਨ੍ਹਾਂ ਥੈਲਿਆਂ ’ਤੇ ਪਲਾਸਟਿਕ ਨੂੰ ਨਾਂਹ ਕਹਿਣ ਅਤੇ ਵਾਤਾਵਰਨ ਨੂੰ ਬਚਾਉਣ ਸਬੰਧੀ ਸਲੋਗਨ ਵੀ ਛਾਪੇ ਗਏ ਹਨ ਤਾਂ ਜੋ ਮਾਰਕੀਟ ਵਿੱਚ ਹੋਰ ਲੋਕ ਵੀ ਪ੍ਰੇਰਿਤ ਹੋਣ ਅਤੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾ ਸਕਣ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਲਾਸਟਿਕ ਦੀ ਵਰਤੋਂ ਕਾਰਨ ਦਿਨ ਪ੍ਰਤੀ ਦਿਨ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾ 25 ਹਜ਼ਾਰ 940 ਟਨ ਪਲਾਸਟਿਕ ਦੀ ਪੈਦਾਵਾਰ ਹੋ ਰਹੀ ਹੈ। ਜਿਸ ਵਿੱਚ ਬੋਤਲਾਂ, ਕੈਰੀਬੈਗ, ਪਲਾਸਟਿਕ ਅਤੇ ਪਾਊਚ ਅਤੇ ਖਾਣ ਪੀਣ ਵਾਲੇ ਪਦਾਰਥਾਂ ਦੀ ਪੈਕਿੰਗ ਸ਼ਾਮਲ ਹੈ ਪ੍ਰੰਤੂ ਇਹ ਸਭ ਵਾਤਾਵਰਨ ਲਈ ਘਾਤਕ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪਲਾਸਟਿਕ ਨੇ ਮਨੱੁਖੀ ਜੀਵਨ ਨੂੰ ਕਾਫ਼ੀ ਅਸਾਨ ਬਣਾ ਦਿੱਤਾ ਹੈ ਅਤੇ ਇਸ ਦਾ ਉਪਯੋਗ ਕਾਫ਼ੀ ਵਧ ਰਿਹਾ ਹੈ ਪ੍ਰੰਤੂ ਪਲਾਸਟਿਕ ਨਾਲ ਬਰਬਾਦੀ ਵੀ ਉੱਨੀ ਹੀ ਜ਼ਿਆਦਾ ਹੋ ਰਹੀ ਹੈ। ਜੇਕਰ ਪਲਾਸਟਿਕ ਦੀ ਰਹਿੰਦ ਖੂੰਹਦ ਨੂੰ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਵਾਤਾਵਰਨ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ ਅਤੇ ਇਹ ਮਨੱੁਖੀ ਸਿਹਤ ਲਈ ਬਹੁਤ ਖ਼ਤਰਨਾਕ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ‘ਪਲਾਸਟਿਕ ਮੁਕਤ ਮੁਹਾਲੀ’ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸ੍ਰੀ ਬੇਦੀ ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਉਹ ਕਿਸ ਢੰਗ ਨਾਲ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਘਟਾ ਸਕਦੇ ਹਨ। ਇਹ ਵੀ ਦੱਸਿਆ ਗਿਆ ਕਿ ਮਾਰਕੀਟ ਜਾਣ ਸਮੇਂ ਘਰੋਂ ਆਪਣੇ ਨਾਲ ਕੱਪੜੇ ਦਾ ਬਣਿਆ ਥੈਲਾ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਦੁਕਾਨ ਤੋਂ ਸਮਾਨ ਖਰੀਦਣ ਉਪਰੰਤ ਆਪਣੇ ਥੈਲੇ ਵਿੱਚ ਪਾ ਕੇ ਹੀ ਘਰ ਲਿਆਉਣ ਅਤੇ ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਪਲਾਸਟਿਕ ਦੇ ਕੈਰੀਬੈਗ ਦੀ ਜ਼ਰੂਰਤ ਮਹਿਸੂਸ ਹੀ ਨਹੀਂ ਹੋ ਸਕਦੀ।
ਇਸ ਮੌਕੇ ਸੀਨੀਅਰ ਕਾਂਗਰਸ ਆਗੂ ਰਾਮ ਸਰੂਪ ਜੋਸ਼ੀ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਦਲੀਪ ਸਿੰਘ ਚੰਢੋਕ, ਰਵਿੰਦਰ ਬੰਸਲ, ਦਲਵੀਰ ਸਿੰਘ, ਜਤਿੰਦਰ ਸਿੰਘ ਭੱਟੀ, ਲਾਇਨਜ਼ ਕਲੱਬ ਦੇ ਮੈਂਬਰ ਜਸਵਿੰਦਰ ਸਿੰਘ, ਜੇਐਸ ਰਾਹੀ, ਆਰਪੀ ਵਿੱਜ, ਜੇਪੀ ਸਿੰਘ ਸਮੇਤ ਫੇਜ਼-3ਬੀ2 ਦੇ ਵਿਅਕਤੀਆਂ ਸਮੇਤ ਅੌਰਤਾਂ ਨੇ ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਕੱਪੜੇ ਦੇ ਥੈਲੇ ਵੰਡ ਕੇ ਪਲਾਸਟਿਕ ਮੁਕਤ ਸਮਾਜ ਵੱਲ ਪ੍ਰੇਰਿਤ ਕਰਨ ਦੇ ਕੀਤੇ ਯਤਨਾਂ ਦੀ ਸ਼ਲਾਘਾ ਵੀ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…