
ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸੱਦੀ
ਨਬਜ਼-ਏ-ਪੰਜਾਬ, ਮੁਹਾਲੀ, 2 ਅਪਰੈਲ:
ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪਾਰਟੀ ਦੇ ਸੰਜੀਦਾ ਅਤੇ ਸਰਗਰਮ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸੁਝਾਅ ਦਿੱਤੇ ਹਨ ਕਿ ਪਾਰਟੀ ਨੂੰ ਪੂਰੀ ਸ਼ਕਤੀ ਝੋਕ ਕੇ ਸਿਰਫ਼ ਉਨ੍ਹਾਂ ਰਾਜਸੀ ਪਾਰਟੀਆਂ ਨੂੰ ਮਜਬੂਤ ਕਰਨਾ ਚਾਹੀਦਾ ਹੈ, ਜੋ ਪੰਜਾਬ, ਦੂਜੇ ਪ੍ਰਾਂਤਾਂ ਅਤੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਦੀਆਂ ਅੌਂਕੜਾਂ ਪ੍ਰਤੀ ਸਮਰਪਿਤ ਅਤੇ ਸੱਚੇ ਦਿਲੋਂ ਸੰਜੀਦਾ ਹਨ। ਅੱਜ ਇੱਥੇ ਜਾਰੀ ਬਿਆਨ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਇਸ ਸਬੰਧੀ 7 ਅਪਰੈਲ ਨੂੰ ਪਾਰਟੀ ਦੇ ਮੁੱਖ ਦਫ਼ਤਰ, ਰਾਜਗੁਰੂ ਨਗਰ ਲੁਧਿਆਣਾ ਵਿੱਚ ਸਵੇਰੇ 11 ਵਜੇ ਜ਼ਰੂਰੀ ਅਤੇ ਨੀਤੀ ਨਿਰਧਾਰਨ ਮੀਟਿੰਗ ਕੀਤੀ ਜਾਵੇਗੀ।
ਸ੍ਰੀ ਰਾਮੂਵਾਲੀਆ ਨੇ ਪਾਰਟੀ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਮਹਾਨ ਸਿਦਕੀ ਸੰਘਰਸ਼, ਸਾਬਕਾ ਫੌਜੀਆਂ, ਸੇਵਾਮੁਕਤ ਮੁਲਾਜ਼ਮਾਂ, ਨੌਜਵਾਨਾਂ ਦੇ ਰੋਜ ਬਰਬਾਦ ਹੋ ਰਹੇ ਸੁਪਨੇ ਅਤੇ ਸਰੀਰ, ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ, ਮਹਿੰਗੇ ਇਲਾਜ, ਟਰੈਵਲ ਏਜੰਟਾਂ ਵੱਲੋਂ ਬੇਰਹਿਮ ਲੁੱਟ ਕਾਰਨ ਬਰਬਾਦ ਲੋਕ, ਅਗਨੀਵੀਰ ਫੌਜੀਆ, ਟਰੱਕ ਟੈਕਸੀ ਕੈਂਟਰ, ਟੈਂਪੂ ਵਾਲਿਆਂ ਦੇ ਦੁਖੜੇ, ਬਰਬਾਦ ਹੁੰਦੇ ਬੇਰੁਜ਼ਗਾਰਾਂ ਦੇ ਮਸਲੇ, ਵਰਤਮਾਨ ਮੌਜੂਦਾ ਐਮਪੀ, ਐਮਐਲਏ ਅਤੇ ਉਨ੍ਹਾਂ ਦਾ ਆਪਣਾ ਅਤੇ ਉਨ੍ਹਾਂ ਦੀ ਪਾਰਟੀ ਦਾ ਸੇਵਾ, ਸੰਜੀਦਗੀ ਅਤੇ ਚੰਗੇ ਮਾੜੇ ਨਤੀਜਿਆਂ ਦਾ ਰਿਕਾਰਡ ਲੈ ਕੇ ਆਉਣ ਤਾਂ ਜੋ ਠੋਸ ਰਣਨੀਤੀ ਬਣਾਈ ਜਾ ਸਕੇ।