nabaz-e-punjab.com

ਰਾਣਾ ਗੁਰਜੀਤ ਨੇ ਸੁਖਪਾਲ ਖਹਿਰਾ ਵੱਲੋਂ ਲਾਏ ਦੋਸ਼ਾਂ ਨੂੰ ਕੀਤਾ ਰੱਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਜੁਲਾਈ
ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਉਨ੍ਹਾਂ ’ਤੇ ਲਾਏ ਗਏ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ ਕਿ ਉਨ੍ਹਾਂ ਅਪੀਲਕਰਤਾ ਟ੍ਰਿਬਿਊਨਲ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਮਾਲਕੀ ਵਾਲੀ ਰਾਣਾ ਸ਼ੂਗਰ ਲਿਮਟਿਡ ਦੇ ਹੱਕ ਵਿੱਚ ਲਏ ਗਏ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਅਪੀਲ ਨੂੰ ਵਾਪਸ ਲੈਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਇਥੇ ਜਾਰੀ ਇੱਕ ਬਿਆਨ ਰਾਹੀਂ ਰਾਣਾ ਗੁਰਜੀਤ ਸਿੰਘ ਨੇ ਕਿਹਾ, ‘‘ਸੁਖਪਾਲ ਖਹਿਰਾ ਇੱਕ ਨਾਕਾਮਯਾਬ ਅਤੇ ਬੌਖਲਾਇਆ ਹੋਇਆ ਵਿਅਕਤੀ ਹੈ, ਉਸ ’ਤੇ ਚਰਚਾ ਵਿੱਚ ਬਣੇ ਰਹਿਣ ਦਾ ਭੂਤ ਸਵਾਰ ਰਹਿੰਦਾ ਹੈ ਅਤੇ ਇਸੇ ਚੱਕਰ ਵਿੱਚ ਹੀ ਉਸ ਨੂੰ ਵਾਰ-ਵਾਰ ਮੇਰੇ ਬਾਰੇ ਭੁਲੇਖੇ ਪੈਂਦੇ ਹਨ’’।
ਉਨ੍ਹਾਂ ਕਿਹਾ ਕਿ ਖਹਿਰਾ ਸਿਰਫ ਅਖ਼ਬਾਰਾਂ ਵਿੱਚ ਬਣੇ ਰਹਿਣ ਲਈ ਆਏ ਦਿਨ ਬਿਨਾ ਕਿਸੇ ਸਬੂਤ ਜਾਂ ਗਵਾਹ ਦੇ ਉਨ੍ਹਾਂ ਵਿਰੁੱਧ ਬੇਸਿਰ ਪੈਰ ਦੇ ਦੋਸ਼ ਲਾਉਂਦਾ ਰਹਿੰਦਾ ਹੈ। ਖਹਿਰਾ ਨੂੰ ਇਹ ਸੁਝਾਅ ਦਿੰਦਿਆਂ ਕਿ ਉਹ ਈਰਖਾ ਦੀ ਅੱਗ ਵਿਚ ਸੜਨਾ ਬੰਦ ਕਰੇ ਕਿਹਾ ਕਿਉਂਕਿ ਇਹ ਉਸ ਦੇ ਲਈ ਹੀ ਘਾਤਕ ਸਾਬਿਤ ਹੋਵੇਗੀ, ਰਾਣਾ ਗੁਰਜੀਤ ਸਿੰਘ ਨੇ ਕਿਹਾ, ‘‘ਮੈਂ ਪਹਿਲਾਂ ਵੀ ਉਸ ਨੂੰ ਚੁਣੌਤੀ ਦਿੱਤੀ ਸੀ ਅਤੇ ਹੁਣ ਵੀ ਉਸ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਵਿਰੁੱਧ ਸਬੂਤ ਲੈ ਕੇ ਆਵੇ’’। ਖਹਿਰਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਲਾਏ ਗਏ ਦੋਸ਼ਾ ਦਾ ਹਵਾਲਾ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖਹਿਰਾ ਦਾ ਆਪਣਾ ਬਿਆਨ ਇਹ ਸਾਫ ਦਰਸ਼ਾਉਂਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ ਰਾਣਾ ਸ਼ੂਗਰਜ ਨੇ ਕੁਝ ਵੀ ਗਲਤ ਨਹੀਂ ਕੀਤਾ ਅਤੇ ਇਸ ਵੱਲੋਂ ਇਨਸਾਫ ਲੈਣ ਲਈ ਸਿਰਫ ਕਾਨੂੰਨੀ ਰਸਤਾ ਅਪਣਾਇਆ ਗਿਆ ਹੈ।
‘‘ਖਹਿਰਾ ਨੂੰ ਇਹ ਭਰਮ ਭੁਲੇਖਾ ਕਿਵੇਂ ਹੋ ਗਿਆ ਕਿ ਪੀ.ਐਸ.ਪੀ.ਸੀ.ਐਲ ਉਨ੍ਹਾਂ ਦੀ ਕੰਪਨੀ ਵਿਰੁੱਧ ਮਾਮਲਾ ਵਾਪਿਸ ਲੈ ਲਵੇਗੀ’’, ਇਸ ਹੈਰਾਨੀ ਪ੍ਰਗਟ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ, ‘‘ਦੇਸ਼ ਦੇ ਕਿਸੇ ਵੀ ਹੋਰ ਨਾਗਰਕ ਵਾਂਗ ਸਾਨੂੰ ਵੀ ਕਾਨੂੰਨੀ ਰਸਤੇ ਅਤੇ ਹੱਲ ਅਪਣਾਉਣ ਦਾ ਹੱਕ ਹੈ ਅਤੇ ਅਸੀਂ ਸਾਫ ਤੌਰ ’ਤੇ ਇਹੀ ਕੀਤਾ ਹੈ’’> ਬਿਜਲੀ ਅਤੇ ਸਿੰਜਾਈ ਮੰਤਰੀ ਨੇ ਅੱਗੇ ਕਿਹਾ ਕਿ ਖਹਿਰਾ ਜਿਸ ਮਾਮਲੇ ਦੀ ਗੱਲ ਕਰ ਰਿਹਾ ਹੈ ਉਹ 5 ਸਾਲ ਪੁਰਾਣਾ ਹੈ ਅਤੇ ਇਸ ਬਾਰੇ ਲੋੜੀਂਦੀ ਕਾਨੂੰਨੀ ਪ੍ਰਕ੍ਰਿਆ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਫੋਕੀ ਮਸ਼ਹੂਰੀ ਲੈਣ ਦੀ ਕਾਹਲ ਵਿੱਚ ਅਜਿਹੇ ਬਿਆਨ ਦਾਗਣ ਤੋਂ ਪਹਿਲਾਂ ਇਸ ਮਾਮਲੇ ਵਿੱਚ ਮਾਣਯੋਗ ਸਰਵਉੱਚ ਅਦਾਲਤ ਦੀ ਇੱਜ਼ਤ ਕਰਦਾ ਅਤੇ ਇਸ ਮਾਮਲੇ ਵਿੱਚ ਅਦਾਲਤ ਦੇ ਫੈਸਲੇ ਦੀ ਉਡੀਕ ਕਰਦਾ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖਹਿਰਾ ‘ਆਪ ਵਿਧਾਨਕ ਪਾਰਟੀ’ ਦਾ ਆਗੂ ਬਨਣ ਲਈ ਅੱਡੀਆਂ ਚੁੱਕੀ ਫਿਰਦਾ ਹੈ ਇਸ ਲਈ ਉਸ ਵੱਲੋਂ ਲਾਏ ਗਏ ਦੋਸ਼ਾਂ ਨੇ ਉਨ੍ਹਾਂ ਨੂੰ ਹੈਰਾਨ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹੁਣ ਜਦੋਂ ਉਸ ਨੂੰ ਪਬਲੀਸਿਟੀ ਆਕਸੀਜ਼ਨ ਦੀ ਬਹੁਤ ਲੋੜ ਹੈ ਤਾਂ ਉਸ ਨੇ ਲੰਬੇ ਸਮੇਂ ਤੋਂ ਸਰਵਉÎੱਚ ਅਦਾਲਤ ’ਚ ਲੰਬਿਤ ਪਏ ਮਾਮਲੇ ਦਾ ਸਹਾਰਾ ਲੈਣ ਦੀ ਹੀ ਕੋਸ਼ਿਸ਼ ਕੀਤੀ’’ ਪਰ ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ, “ਮੈਨੁੂੰ ਹੈਰਾਨ ਹੁੰਦੀ ਹੈ ਕਿ ਮੇਰੇ ਅਤੇ ਮੇਰੇ ਪਰਿਵਾਰ ਦੀ ਕੋਈ ਗਲਤੀ ਲੱਭਣ ਤੋਂ ਇਲਾਵਾ ਖਹਿਰਾ ਹੋਰ ਕੁਝ ਕਰਦਾ ਵੀ ਹੈ?”।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…