ਰਾਣਾ ਗੁਰਜੀਤ ਨੇ ਧੂਆਂਦਲੇ ਮੌਸਮ ਦੇ ਮੱਦੇਨਜ਼ਰ ਬਿਜਲੀ ਉਤਪਾਦਨ ਤੇ ਟਰਾਂਸਮਿਸ਼ਨ ਸਥਿਤੀ ਦਾ ਲਿਆ ਜਾਇਜ਼ਾ

ਮੌਸਮ ਦੇ ਧੂਆਂਦਲੇ ਮਿਜਾਜ਼ ਦੇ ਚੱਲਦਿਆ ਬਿਜਲੀ ਕੱਟਾਂ ਬਾਰੇ ਕੀਤੀ ਵਿਚਾਰ-ਚਰਚਾ

ਪੰਜਾਬ ਵਿੱਚ ਬਿਜਲੀ ਸਪਲਾਈ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਨਵੰਬਰ:
ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਬਿਜਲੀ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਦੇ ਸੀਨੀਅਰ ਅਧਿਕਾਰੀਆਂ ਨਾਲ ਧੂਆਂਦਲੇ ਮੌਸਮ ਦੇ ਮੱਦੇਨਜ਼ਰ ਸੂਬੇ ਦੀ ਬਿਜਲੀ ਉਤਪਾਦਨ ਅਤੇ ਟਰਾਂਸਮਿਸ਼ਨ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਮੌਸਮ ਦੇ ਮੌਜੂਦਾ ਮਿਜਾਜ਼ ਦੇ ਚੱਲਦਿਆਂ ਪਿਛਲੇ ਹਫਤੇ ਸੂਬੇ ਦੇ ਲੋਕਾਂ ਨੂੰ ਜੋ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ, ਉਸ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਨੇ ਘੰਟੇ ਤੋਂ ਲੰਬੀ ਚੱਲੀ ਮੀਟਿੰਗ ਦੌਰਾਨ ਬਿਜਲੀ ਉਤਪਾਦਨ ਅਤੇ ਵੰਡ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਰਾਜ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ।
ਇਸ ਮੀਟਿੰਗ ਵਿਚ ਸ੍ਰੀ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ ਬਿਜਲੀ, ਸ੍ਰੀ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ, ਨਵ ਅਤੇ ਨਵਿਆਉਣਯੋਗ ਊਰਜਾ ਸਰੋਤ, ਸ੍ਰੀ ਏ. ਵੇਨੂ ਪ੍ਰਸਾਦ, ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ ਅਤੇ ਸ੍ਰੀ ਬਲੌਰ ਸਿੰਘ, ਕਾਰਜਕਾਰੀ ਨਿਰਦੇਸ਼ਕ, ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੂਬੇ ਦੇ ਕੁਝ ਹਿੱਸਿਆਂ ਵਿਚ ਸੰਘਣੇ ਧੂਆਂਦਲੇ ਮੌਸਮ ਕਾਰਣ ਹਾਲ ਹੀ ਵਿਚ ਬਿਜਲੀ ਕੱਟਾਂ ਅਤੇ ਇਸ ਕਾਰਣ ਉਪਜੀਆਂ ਚੁਣੌਤੀਆਂ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ। ਧੂਆਂਦਲੇ ਮੌਸਮ ਕਾਰਣ ਬਿਜਲੀ ਸਪਲਾਈ ਵਿਚ ਆਈ ਰੁਕਾਵਟ ਬਾਰੇ ਜਾਣਕਾਰੀ ਦਿੰਦਿਆਂ ਇੰਜ. ਐਨ.ਕੇ. ਸ਼ਰਮਾ, ਡਾਇਰੈਕਟਰ, ਬਿਜਲੀ ਵੰਡ ਨੇ ਦੱਸਿਆ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਤੋਂ ਆ ਰਹੀ 400 ਕੇ.ਵੀ ਟਰਾਂਸਮਿਸ਼ਨ ਲਾਈਨਾਂ ਦੇ ਇੰਸੂਲੇਟਰਾਂ ’ਤੇ ਧੂਏ ਦੀ ਪਰਤ ਜੰਮਣ ਕਰਕੇ ਬਿਜਲੀ ਸਪਲਾਈ ਵਿਚ ਰੁਕਾਵਟ ਆਈ ਸੀ। ਉਨ੍ਹਾਂ ਕਿਹਾ ਕਿ ਹੁਣ ਧੂੰਏ ਦੀ ਸਥਿਤੀ ਵਿੱਚ ਸੁਧਾਰ ਆ ਜਾਣ ਨਾਲ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਬਿਜਲੀ ਦੀ ਕੋਈ ਘਾਟ ਨਹੀਂ ਹੈ।
ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਅਧਿਕਾਰੀਆਂ ਨੂੰ ਧੂਆਂਦਲੇ ਮੌਸਮ ਕਾਰਣ ਉਪਜੀਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਵਿਆਪਕ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਬਿਜਲੀ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਤਜ਼ਰਬੇਕਾਰ ਇੰਜਨੀਅਰਾਂ ਤੋਂ ਸੁਝਾਅ ਮੰਗੇ ਅਤੇ ਚੱਲ ਰਹੇ ਪ੍ਰੋਜੈਕਟਾਂ, ਭਵਿੱਖ ਦੀਆਂ ਯੋਜਨਾਵਾਂ ਅਤੇ ਆਧੁਨਿਕ ਤਕਨੀਕਾਂ ਅਪਣਾਉਣ ਬਾਰੇ ਵੀ ਵਿਚਾਰਾਂ ਕੀਤੀਆਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ਵਿਚ ਬਿਜਲੀ ਦੀ ਸਪਲਾਈ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…