ਅਕਾਲੀ ਦਲ ਨੇ ਖਰੜ ਤੋਂ ਕਲੋਨਾਈਜਰ ਰਣਜੀਤ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ

ਪਡਿਆਲਾ ਪਰਿਵਾਰ ਦੇ ਸਮਰਥਕਾਂ ਦੀ ਮੀਟਿੰਗ ਅੱਜ, ਚੋਣਾਂ ਸਬੰਧੀ ਉਲੀਕੀ ਜਾਵੇਗੀ ਰਣਨੀਤੀ

ਨਬਜ਼-ਏ-ਪੰਜਾਬ ਬਿਊਰੋ, ਖਰੜ/ਕੁਰਾਲੀ, 8 ਜਨਵਰੀ:
ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਆਗੂਆਂ ਨੂੰ ਚੋਣ ਅਖਾੜੇ ਤੋਂ ਬਾਹਰ ਦਾ ਰਸਤਾ ਦਿਖਾਉਂਦਿਆਂ ਰੀਅਲ ਅਸਟੇਟ ਦੇ ਉੱਘੇ ਕਾਰੋਬਾਰੀ ਰਣਜੀਤ ਸਿੰਘ ਗਿੱਲ ਨੂੰ ਖਰੜ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹਾਲਾਂਕਿ ਮੌਜੂਦਾ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਉਨ੍ਹਾਂ ਦੀ ਧੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬੀਬੀ ਪਰਮਜੀਤ ਸਿੰਘ ਬਡਾਲੀ ਅਤੇ ਸੀਨੀਅਰ ਯੂਥ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਸੀ ਲੇਕਿਨ ਹਾਈ ਕਮਾਂਡ ਅੱਗੇ ਉਨ੍ਹਾਂ ਦਾ ਵੱਸ ਨਹੀਂ ਚਲਿਆ। ਉਂਜ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਥੇਦਾਰ ਬਡਾਲੀ ਚੋਣ ਹਾਰ ਗਏ ਸੀ।
ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਗਿੱਲ ਅਕਾਲੀ ਦਲ ਦੇ ਮੁੱਢਲੇ ਮੈਂਬਰ ਵੀ ਨਹੀਂ ਹਨ ਪ੍ਰੰਤੂ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀਆਂ ’ਚੋਂ ਇੱਕ ਹਨ। ਕਲੋਨਾਈਜਰ ਨੂੰ ਟਿਕਟ ਦੇਣ ਲਈ ਅਕਾਲੀ ਦਲ ਨੇ ਇਸੇ ਗੱਲ ਨੂੰ ਆਧਾਰ ਬਣਾਇਆ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਨੇ ਪਹਿਲਾਂ ਹੀ ਇਹ ਮੰਨ ਲਿਆ ਸੀ ਕਿ ਆਪ ਦੇ ਉਮੀਦਵਾਰ ਕੰਵਰ ਸੰਧੂ ਅਤੇ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਨੂੰ ਸਖ਼ਤ ਟੱਕਰ ਦੇਣ ਲਈ ਸਥਾਨਕ ਆਗੂਆਂ ’ਚੋਂ ਕੋਈ ਸਮਰੱਥ ਨਹੀਂ ਹੈ। ਪਤਾ ਲੱਗਾ ਹੈ ਕਿ ਜੂਨੀਅਰ ਬਾਦਲ ਵੱਲੋਂ ਖੁਫ਼ੀਆਂ ਰਿਪੋਰਟਾਂ ਤੋਂ ਇਲਾਵਾ ਆਪਣੇ ਪੱਧਰ ’ਤੇ ਵੀ ਗੁਪਤ ਸਰਵੇ ਕਰਵਾਇਆ ਗਿਆ ਹੈ। ਜਿਸ ਕਾਰਨ ਗਿੱਲ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਮੁਹਾਲੀ ਵਿੱਚ ਵੀ ਇਹ ਤਰੀਕਾ ਅਪਨਾਇਆ ਗਿਆ ਹੈ। ਮੁਹਾਲੀ ਵਿੱਚ ਕਈ ਅਕਾਲੀ ਧੜਿਆਂ ਵਿੱਚ ਜਬਰਦਸਤ ਗੁੱਟਬੰਦੀ ਹੋਣ ਕਾਰਨ ਅਕਾਲੀ ਦਲ ਨੇ ਸਥਾਨਕ ਆਗੂਆਂ ਨੂੰ ਲਾਂਭੇ ਕਰਕੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਅਤੇ ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਗਿੱਲ ਖਰੜ ਅਤੇ ਮੁਹਾਲੀ ਵਿੱਚ ਮੈਗਾ ਰਿਹਾਇਸ਼ੀ ਹਾਊਸਿੰਗ ਕੰਪਨੀ ਗਲਕੋ ਵੈਲੀ ਦੇ ਮਾਲਕ ਹਨ ਅਤੇ ਖਰੜ ਹਲਕੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਹਨ। ਉਨ੍ਹਾਂ ਵੱਲੋਂ ਮੁਹਾਲੀ-ਖਰੜ ਨੈਸ਼ਨਲ ਹਾਈਵੇਅ ਨੇੜੇ ਮੁੰਡੀ ਖਰੜ ਵਿੱਚ ਗਿਲਕੋ ਵੈਲੀ ਕਾਲੋਨੀ ਵਸਾਈ ਗਈ ਹੈ। ਜਿਸ ਵਿੱਚ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰਹਿੰਦੇ ਹਨ। ਰੀਅਲ ਅਸਟੇਟ ਦੇ ਖੇਤਰ ਵਿੱਚ ਉਨ੍ਹਾਂ ਦਾ ਕਾਫੀ ਵੱਡਾ ਨਾਮ ਹੈ। ਇੰਝ ਹੀ 200 ਫੁੱਟ ਚੌੜੀ ਏਅਰਪੋਰਟ ਸੜਕ ਤੋਂ ਪਿੱਛੇ ਹਟ ਕੇ ਰਿਹਾਇਸ਼ੀ ਕਲੋਨੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਿੱਲ ਵੱਲੋਂ ਰੂਪਨਗਰ, ਗੁੜਗਾਓ ਵਿੱਚ ਵੀ ਰਿਹਾਇਸ਼ੀ ਪ੍ਰਾਜੈਕਟਾਂ ਦੀ ਉਸਾਰੀ ਕੀਤੀ ਗਈ ਹੈ।
ਉਧਰ, ਕੁਰਾਲੀ ਤੋਂ ਰਜਨੀਕਾਂਤ ਗਰੋਵਰ ਦੀ ਰਿਪੋਰਟ ਅਨੁਸਾਰ: ਇੱਥੋਂ ਦੇ ਨੇੜਲੇ ਪਿੰਡ ਪਡਿਆਲਾ ਸਥਿਤ ਸ਼ਹੀਦ ਭਗਤ ਸਿੰਘ ਖਾਲਸਾ ਗਰਲਜ਼ ਕਾਲਜ ਵਿਖੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਦੇ ਸਮਰਥਕਾਂ ਵੱਲੋਂ ਭਲਕੇ 9 ਜਨਵਰੀ ਨੂੰ ਬਾਅਦ ਦੁਪਹਿਰ 3 ਵਜੇ ਮੀਟਿੰਗ ਸੱਦੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਯੂਥ ਆਗੂ ਕੁਲਵਿੰਦਰ ਸਿੰਘ ਨਗਲੀਆਂ, ਸੁਰਜੀਤ ਸਿੰਘ ਲਖਨੌਰ, ਰਾਜਵਿੰਦਰ ਸਿੰਘ ਗੁੱਡੂ ਸਲੇਮਪੁਰ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਵਰਗੀ ਰਾਜਬੀਰ ਸਿੰਘ ਪਡਿਆਲਾ ਅਤੇ ਪਡਿਆਲਾ ਪਰਿਵਾਰ ਦੇ ਹਮਾਇਤੀਆਂ ਵੱਲੋਂ ਚੋਣਾਂ ਸਬੰਧੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪਡਿਆਲਾ ਪਰਿਵਾਰ ਦੇ ਹਮਾਇਤੀਆਂ ਵੱਲੋਂ ਵਿਚਾਰ-ਚਰਚਾ ਕਰਨ ਉਪਰੰਤ ਚੋਣਾਂ ਸਬੰਧੀ ਠੋਸ ਫੈਸਲਾ ਲਿਆ ਜਾ ਸਕਦਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੇ ਹਮੇਸ਼ਾਂ ਹੀ ਅਕਾਲੀ ਦਲ ਦੀ ਚੜ੍ਹਦੀ ਕਲਾਂ ਅਤੇ ਇਲਾਕੇ ਦੀ ਤਰੱਕੀ ਲਈ ਪੂਰੀ ਲਗਨ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਲੀਡਰਸ਼ਿਪ ਵੱਲੋਂ ਇਸ ਪਰਿਵਾਰ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…