ਖਰੜ ਤੋਂ ਕਲੋਨਾਈਜਰ ਰਣਜੀਤ ਸਿੰਘ ਗਿੱਲ ਹੋ ਸਕਦੇ ਨੇ ਅਕਾਲੀ ਦਲ ਦੇ ਉਮੀਦਵਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਖਰੜ/ਕੁਰਾਲੀ, 7 ਜਨਵਰੀ:
ਮੈਗਾ ਹਾਊਸਿੰਗ ਕੰਪਨੀ ਗਿਲਕੋ ਵੈਲੀ ਦੇ ਮਾਲਕ ਰਣਜੀਤ ਸਿੰਘ ਗਿੱਲ ਖਰੜ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ। ਇਸ ਸਬੰਧੀ ਹੁਕਮਰਾਨ ਪਾਰਟੀ ਵੱਲੋਂ ਲਗਭਗ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲੈ ਲਿਆ ਹੈ, ਬੱਸ ਰਸਮੀ ਐਲਾਨ ਹੋਣਾ ਹੀ ਬਾਕੀ ਹੈ। ਉਂਜ ਸ੍ਰੀ ਗਿੱਲ ਨੇ ਖਰੜ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਦੀ ਅੱਜ ਪੁਸ਼ਟੀ ਕੀਤੀ ਹੈ। ਉਧਰ, ਮੌਜੂਦਾ ਹਲਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਸੀਨੀਅਰ ਯੂਥ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਹਾਲੇ ਵੀ ਟਿਕਟ ਉਨ੍ਹਾਂ ਨੂੰ ਮਿਲਣ ਲਈ ਕਾਫੀ ਆਸਵੰਦ ਹਨ।
ਉਧਰ, ਸ਼ੋਸਲ ਮੀਡੀਆ ’ਤੇ ਪਿਛਲੇ ਦੋ ਤਿੰਨ ਦਿਨਾਂ ਤੋਂ ਗਿੱਲ ਨੂੰ ਅਕਾਲੀ ਦਲ ਦੀ ਟਿਕਟ ਮਿਲਣ ਦੀ ਚਰਚਾ ਚਲ ਰਹੀ ਹੈ ਅਤੇ ਹਾਲਾਂਕਿ ਸਥਾਨਕ ਅਕਾਲੀ ਦਲ ਆਗੂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ ਅਤੇ ਟਿਕਟ ਹਥਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪ੍ਰੰਤੂ ਸੂਤਰੇ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਲ ਨੂੰ ਉਮੀਦਵਾਰ ਬਣਾਉਣ ਬਾਰੇ ਨਿਰਣਾ ਲੈ ਚੁੱਕੇ ਹਨ। ਅੱਜ ਫਿਰ ਸ਼ੋਸਲ ਮੀਡੀਆ ’ਤੇ ਗਿੱਲ ਨੂੰ ਟਿਕਟ ਮਿਲਣ ਦੀ ਚਰਚਾ ਛਿੜਨ ਤੋਂ ਬਾਅਦ ਅਕਾਲੀ ਆਗੂਆਂ ਦੀਆਂ ਧੜਕਣਾ ਤੇਜ਼ ਹੋ ਗਈਆਂ ਹਨ। ਅਕਾਲੀ ਦਲ ਦੇ ਅੰਦਰੂਨੀ ਸੂਤਰਾ ਅਨੁਸਾਰ ਇਸ ਸਬੰਧੀ ਲਗਭਗ ਫੈਸਲਾ ਹੋ ਚੁੱਕਾ ਹੈ ਅਤੇ ਜੂਨੀਅਰ ਬਾਦਲ ਕਿਸੇ ਵੇਲੇ ਰਸਮੀ ਐਲਾਨ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗਿੱਲ ਖਰੜ ਹਲਕੇ ਦੀ ਜਾਣੀ ਪਛਾਣੀ ਸ਼ਖਸੀਅਤ ਹਨ ਅਤੇ ਉਨ੍ਹਾਂ ਵੱਲੋਂ ਖਰੜ ਵਿੱਚ ਗਿਲਕੋ ਵੈਲੀ ਦੇ ਨਾਮ ਤੇ ਕਾਲੋਨੀ ਦੀ ਉਸਾਰੀ ਕੀਤੀ ਹੈ। ਜਿਸ ਵਿੱਚ ਇਸ ਵੇਲੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਰਹਿੰਦੇ ਹਨ ਅਤੇ ਗਿੱਲ ਰੀਅਲ ਅਸਟੇਟ ਦੇ ਖੇਤਰ ਦਾ ਵੱਡਾ ਨਾਮ ਹਨ ਜਿਨ੍ਹਾਂ ਵੱਲੋਂ ਖਰੜ ਤੋਂ ਇਲਾਵਾ ਰੂਪਨਗਰ, ਗੁੜਗਾਓ ਅਤੇ ਮੁਹਾਲੀ ਵਿੱਚ (ਏਅਰਪੋਰਟ ਸੜਕ) ’ਤੇ ਵੀ ਰਿਹਾਇਸ਼ੀ ਪ੍ਰਾਜੈਕਟਾਂ ਦੀ ਉਸਾਰੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਦੀ ਉਮੀਦਵਾਰੀ ਬਾਰੇ ਫੈਸਲਾ ਬੀਤੀ 2 ਜਨਵਰੀ ਨੂੰ ਲੈ ਲਿਆ ਗਿਆ ਸੀ ਅਤੇ 3 ਜਨਵਰੀ ਨੂੰ ਰਸਮੀ ਐਲਾਨ ਕੀਤਾ ਜਾਣਾ ਸੀ ਪ੍ਰੰਤੂ ਇਸ ਦਿਨ ਅਚਾਨਕ ਸ੍ਰੀ ਗਿੱਲ ਦੀ ਮਾਤਾ ਦੀ ਬੇਵਕਤੀ ਮੌਤ ਹੋ ਗਈ। ਜਿਸ ਕਾਰਨ ਉਨ੍ਹਾਂ ਦੀ ਉਮੀਦਵਾਰੀ ਦੀ ਘੋਸ਼ਣਾ ਦਾ ਫੈਸਲਾ ਅੱਗੇ ਟਲ ਗਿਆ ਸੀ ਜਿਹੜਾ ਹੁਣ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਉਧਰ, ਸੰਪਰਕ ਕਰਨ ’ਤੇ ਰਣਜੀਤ ਸਿੰਘ ਗਿੱਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੇਕਰ ਪਾਰਟੀ ਵੱਲੋਂ ਉਨ੍ਹਾਂ ਨੂੰ ਖਰੜ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਤਾਂ ਉਹ ਲੋਕਾਂ ਦੀ ਸੇਵਾ ਵਿੱਚ ਤੁਰੰਤ ਹਾਜ਼ਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਉਨ੍ਹਾਂ ਦੀ ਕਰਮ ਭੂਮੀ ਹੈ ਅਤੇ ਜੇਕਰ ਉਨ੍ਹਾਂ ਨੂੰ ਚੋਣ ਲੜਨ ਦਾ ਮੌਕਾ ਮਿਲਿਆ ਤਾਂ ਉਹ ਖਰੜ ਸ਼ਹਿਰ ਅਤੇ ਨੇੜਲੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੋਈ ਕਸਰ ਨਹੀਂ ਛੱਡਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…