ਦਰਜਾ ਚਾਰ ਤੇ ਵੱਖ ਵੱਖ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਪੰਜਾਬ ਦੇ ਦਰਜਾ ਚਾਰ ਅਤੇ ਵੱਖ ਵੱਖ ਠੇਕਾ ਮੁਲਾਜ਼ਮਾਂ ਵੱਲੋਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਅੱਜ ਅੱਜ ਇੱਥੋਂ ਦੇ ਫੇਜ਼-6 ਵਿੱਚ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਸੂਬਾ ਸਰਕਾਰ ਦੇ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਸਵੇਰੇ ਮੁਲਾਜ਼ਮ ਲਹਿਰ ਦੇ ਮੋਢੀ ਸੱਜਣ ਸਿੰਘ ਜ਼ਿਲ੍ਹਾ ਆਜ਼ਾਦੀ ਦਿਵਸ ਸਮਾਰੋਹ ਸਥਾਨ ਦੇ ਨੇੜੇ ਭੁੱਖ ਹੜਤਾਲ ’ਤੇ ਬੈਠ ਗਏ। ਇਸ ਮਗਰੋਂ ਦੁਪਹਿਰ ਤੱਕ ਕੱਚੇ ਮੁਲਾਜ਼ਮਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ ਅਤੇ ਧਰਨਾਕਾਰੀਆਂ ਨੇ ਕੈਪਟਨ ਵਜ਼ਾਰਤ ਵਿੱਚ ਸ਼ਾਮਲ ਕੈਬਨਿਟ ਮੰਤਰੀਆਂ ਦੇ ਰਿਹਾਇਸ਼ੀ ਕੰਪਲੈਕਸ ਵੱਲ ਮਾਰਚ ਸ਼ੁਰੂ ਕਰ ਦਿੱਤਾ ਲੇਕਿਨ ਚੰਡੀਗੜ੍ਹ ਪੁਲੀਸ ਨੇ ਬੈਰੀਕੇਟ ਲਗਾ ਕੇ ਮੁਲਾਜ਼ਮਾਂ ਦਾ ਰਾਹ ਰੋਕ ਲਿਆ।
ਇਸ ਦੌਰਾਨ ਮੁਹਾਲੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੁਹਾਲੀ ਵਿੱਚ ਭਲਕੇ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਆਉਣ ਵਾਲੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਮੁਲਾਜ਼ਮਾਂ ਦੇ ਸੰਘਰਸ਼ ਅਤੇ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮਗਰੋਂ ਮੰਤਰੀ ਨੇ ਸੱਜਣ ਸਿੰਘ ਸਮੇਤ ਕੁਝ ਹੋਰ ਮੋਹਰੀ ਆਗੂਆਂ ਨੂੰ ਆਪਣੀ ਰਿਹਾਇਸ਼ ’ਤੇ ਸੱਦਿਆ ਅਤੇ ਉਨ੍ਹਾਂ ਤੋਂ ਮੰਗ ਪੱਤਰ ਹਾਸਲ ਕਰਕੇ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਨਾਲ ਤਾਲਮੇਲ ਕਰਕੇ ਯੂਨੀਅਨ ਆਗੂਆਂ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਯਤਨ ਕਰਨਗੇ। ਮੰਤਰੀ ਦੇ ਭਰੋਸੇ ਮਗਰੋਂ ਮੁਲਾਜ਼ਮਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਸੱਜਣ ਸਿੰਘ, ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਮੁੱਖ ਆਗੂ ਪਵਨ ਗੋਡਯਾਲ, ਮੋਹਣ ਸਿੰਘ, ਸੋਭਾ ਰਾਮ, ਕਲਾਸ-ਫੌਰ ਯੂਨੀਅਨ ਦੇ ਚੰਦਨ ਸਿੰਘ, ਕਿਸ਼ਨ ਪ੍ਰਸ਼ਾਦ ਅਤੇ ਪ੍ਰੇਮ ਚੰਦ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 72 ਸਾਲ ਬੀਤ ਜਾਣ ਦੇ ਬਾਵਜੂਦ ਕਿਰਤੀ ਵਰਗ ਦੀ ਆਰਥਿਕ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤ ਵੀ ਨਹੀਂ ਮਿਲੀ ਹੈ ਅਤੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦਾ ਵੀ ਕੋਈ ਅਤਾ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰੈਗੂਲਾਈਜੇਸ਼ਨ ਐਕਟ 2016 ਲਾਗੂ ਕਰਨ, ਬਰਾਬਰ-ਕੰਮ ਬਰਾਬਰ ਤਨਖ਼ਾਹ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਠੇਕੇਦਾਰੀ ਸਿਸਟਮ ਦਾ ਮੁਕੰਮਲ ਖ਼ਾਤਮਾ ਕਰਨ, 01-01-2016 ਤੋਂ 125 ਫੀਸਦੀ ਡੀਏ ਮੁੱਢਲੀ ਤਨਖ਼ਾਹ ਵਿੱਚ ਮਰਜ ਕਰਨ ਅਤੇ 20 ਫੀਸਦੀ ਅੰਤਿਮ ਰਿਲੀਫ਼ ਦੇਣਾ, ਮੁਲਾਜ਼ਮਾਂ ਦੀਆਂ ਅਦਾਇਗੀਆਂ ਤੇ ਖ਼ਜ਼ਾਨਿਆਂ ਤੇ ਪਾਬੰਦੀ ਹਟਾਉਣਾ ਅਤੇ 200 ਰੁਪਏ ਟੈਕਸ ਵਸੂਲੀ ਦਾ ਫੈਸਲਾ ਵਾਪਸ ਲਿਆ ਜਾਵੇ, ਮੁਲਾਜ਼ਮਾਂ ਦੇ ਡੋਪ ਟੈਸਟ ਲਈ 1510 ਰੁਪਏ ਦੀ ਉਗਰਾਹੀ ਬੰਦ ਕਰਨ ਸਮੇਤ ਮੁਲਾਜ਼ਮ ਮੰਗਾਂ ਵੱਲ ਕੈਪਟਨ ਸਰਕਾਰ ਲਗਾਤਾਰ ਅਣਦੇਖੀ ਕਰ ਰਹੀ ਹੈ ਜਦੋਂਕਿ ਵੱਡੇ ਘਰਾਣਿਆਂ ਅਤੇ ਹੋਰ ਸਰਮਾਏਦਾਰ ਜਮਾਤ ਨੂੰ ਵੱਡੀਆਂ ਰਿਆਇਤਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਲਈ ਮਜਬੂਰ ਕਰ ਰਹੀ ਹੈ
ਆਗੂਆਂ ਨੇ ਦੱਸਿਆ ਕਿ ਪਹਿਲੇ ਫੈਸਲੇ ਮੁਤਾਬਕ 17 ਅਗਸਤ ਨੂੰ ਬਠਿੰਡਾ, 23 ਅਗਸਤ ਨੂੰ ਮੋਗਾ, 30 ਅਗਸਤ ਨੂੰ ਅੰਮ੍ਰਿਤਸਰ, 6 ਸਤੰਬਰ ਨੂੰ ਜਲੰਧਰ ਵਿੱਚ ਜ਼ੋਨਲ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ 20 ਸਤੰਬਰ ਨੂੰ ਰਾਜ ਪੱਧਰੀ ਪਟਿਆਲਾ ਮਹਾਂ ਰੈਲੀ ਅਤੇ ਇਨਸਾਫ਼ ਮਾਰਚ ਵਿੱਚ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਦਰਜਾ ਚਾਰ, ਦਿਹਾੜੀਦਾਰ, ਆਰਜ਼ੀ ਐਡਹਾਕ ਅਤੇ ਪਾਰਟ ਟਾਇਮ ਕਰਮਚਾਰੀ ਵੱਡੀ ਗਿਣਤੀ ਨਾਲ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ। ਇਸ ਦੌਰਾਨ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਵੱਲੋਂ ਮਰਨ ਵਰਤ ਸ਼ੁਰੂ ਕਰਕੇ ਸਰਕਾਰੀ ਕੰਮ ਕਾਜ ਠੱਪ ਕੀਤਾ ਜਾਵੇਗਾ ਕਿਉਂਕਿ ਕੈਪਟਨ ਸਰਕਾਰ ਨੇ ਗੱਲਬਾਤ ਦੇ ਰਸਤੇ ਬੰਦ ਕਰ ਦਿੱਤੇ ਹਨ ਅਤੇ ਹੁਕਮਰਾਨ ਚੋਣ ਵਾਅਦਿਆਂ ਤੋਂ ਮੁਨਕਰ ਹੋ ਗਏ ਹਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…