ਫਿਰੌਤੀ ਮਾਮਲਾ: ਮੁਹਾਲੀ ਪੁਲੀਸ ਵੱਲੋਂ ਤਿੰਨ ਮੁਲਜ਼ਮ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਆਈਲੈਟਸ ਸੈਂਟਰ ਦੇ ਮਾਲਕ ਕੋਲੋਂ ਮੰਗੀ ਸੀ 1 ਕਰੋੜ ਦੀ ਫਿਰੌਤੀ, ਮੁਲਜ਼ਮਾਂ ’ਚ 1 ਬਾਲ ਅਪਰਾਧੀ

ਨਬਜ਼-ਏ-ਪੰਜਾਬ, ਮੁਹਾਲੀ, 20 ਸਤੰਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਡੇਰਾਬੱਸੀ ਦੇ ਇੱਕ ਆਈਲੈਟਸ ਸੈਂਟਰ ਦੇ ਮਾਲਕ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਲਈ ਦਫ਼ਤਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਮਹਿਜ਼ 12 ਘੰਟਿਆਂ ਦੇ ਅੰਦਰ-ਅੰਦਰ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮੋਹਿਤ ਕੁਮਾਰ ਉਰਫ਼ ਬੰਟੀ ਵਾਸੀ ਲਖਨੌਰਾ (ਅੰਬਾਲਾ), ਜਗਦੀਪ ਸਿੰਘ ਉਰਫ਼ ਜੱਗੂ ਵਾਸੀ ਪਿੰਡ ਮਹਿਮਦਪੁਰ (ਡੇਰਾਬੱਸੀ) ਅਤੇ ਬਾਲ ਅਪਰਾਧੀ ਵਜੋਂ ਹੋਈ ਹੈ। ਜਿਨ੍ਹਾਂ ਦੇ ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਹਨ।
ਇਸ ਗੱਲ ਦਾ ਖ਼ੁਲਾਸਾ ਅੱਜ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਦੀਪਕ ਪਾਰਿਕ ਨੇ ਕੀਤਾ। ਉਨ੍ਹਾਂ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਅਤੇ ਰੂਪਨਗਰ ਰੇਂਜ ਦੇ ਡੀਆਈਜੀ ਸ੍ਰੀਮਤੀ ਨਿਲੰਬਰੀ ਵਿਜੈ ਜਗਦਲੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ, ਐਸਪੀ (ਡੀ) ਡਾ. ਜਯੋਤੀ ਯਾਦਵ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ, ਡੇਰਾਬੱਸੀ ਦੇ ਅੇਸਐਚਓ, ਆਈਟੀ ਸਿਟੀ ਥਾਣਾ ਮੁਹਾਲੀ ਦੇ ਆਧਾਰਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।
ਪੁਲੀਸ ਟੀਮਾਂ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਮੋਹਿਤ ਉਰਫ਼ ਬੰਟੀ ਅਤੇ ਜਗਦੀਪ ਉਰਫ਼ ਜੱਗੂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਪੱੁਛਗਿੱਛ ਉਪਰੰਤ ਡੇਰਾਬੱਸੀ ਦੇ ਇੱਕ ਬਾਲ ਅਪਰਾਧੀ ਨੂੰ ਹਿਰਾਸਤ ਵਿੱਚ ਲਿਆ ਗਿਆ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਅਤੇ ਇੱਕ ਜਿੰਦਾ ਰੋਂਦ ਅਤੇ ਇੱਕ ਦੇਸੀ ਕੱਟਾ, ਦੋ ਜਿੰਦਾ ਰੋਂਦ ਬਰਾਮਦ ਕੀਤੇ ਗਏ। ਮੁਲਜ਼ਮ ਮੋਹਿਤ ਬੰਟੀ ਨੂੰ ਉਸਦੇ ਪਿੰਡ ਲਖਨੌਰਾ ਤੋਂ ਕਾਬੂ ਕੀਤਾ ਗਿਆ ਹੈ। ਹਾਲਾਂਕਿ ਗ੍ਰਿਫ਼ਤਾਰੀ ਦੌਰਾਨ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਭੱਜਦੇ ਸਮੇਂ ਉਸ ਦੀ ਲੱਤ ਫਰੈਕਚਰ ਹੋ ਗਈ। ਜਗਦੀਪ ਨੂੰ ਉਸਦੀ ਰਿਸ਼ਤੇਦਾਰੀ ਪਿੰਡ ਨਸਰੌਲੀ, ਅੰਬਾਲਾ ਤੋਂ ਕਾਬੂ ਕੀਤਾ ਗਿਆ ਹੈ।
ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਪੁਲੀਸ ਨੇ ਵਾਰਦਾਤ ਵਾਲੀ ਥਾਂ ’ਤੇ ਮੌਕੇ ਤੋਂ ਚਾਰ ਖੋਲ੍ਹ ਅਤੇ ਤਿੰਨ ਸਿੱਕੇ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਚਾਰ ਫਾਇਰ ਕੀਤੇ ਸਨ। ਐੱਸਐੱਸਪੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਗੁਰੀ (ਜੋ ਤਿਹਾੜ ਜੇਲ੍ਹ ਵਿੱਚ ਬੰਦ ਹੈ) ਵੱਲੋਂ ਜਗਦੀਪ ਸਿੰਘ ਉਰਫ਼ ਜੱਗੂ ਨੂੰ ਆਈਲੈਟਸ ਸੈਂਟਰ ਦੇ ਮਾਲਕ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਨਿਰਦੇਸ਼ ਦਿੱਤੇ ਗਏ ਸਨ। ਜਗਦੀਪ ਜੱਗੂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਬਾਲ ਅਪਰਾਧੀ ਨੂੰ ਅਸਲਾ ਦਿੱਤਾ ਸੀ। ਉਸੇ ਨੇ ਹੀ ਆਈਲੈਟਸ ਸੈਂਟਰ ’ਤੇ ਗੋਲੀਆਂ ਚਲਾਈਆਂ ਸਨ। ਜਗਦੀਪ ਜੱਗੂ ਨੇ ਇਸ ਕੰਮ ਲਈ ਉਸ ਨੂੰ 10 ਲੱਖ ਰੁਪਏ ਦੇਣੇ ਕੀਤੇ ਸਨ।
ਪੁਲੀਸ ਅਨੁਸਾਰ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਪੱਤਰ ਵੀ ਨਾਬਾਲਿਗ ਮੁਲਜ਼ਮ ਨੇ ਆਪਣੇ ਹੱਥ ਨਾਲ ਲਿਖਿਆ ਸੀ। ਉਨ੍ਹਾਂ ਦੱਸਿਆ ਕਿ ਆਈਲੈਟਸ ਸੈਂਟਰ ਦੇ ਮਾਲਕ ਨੂੰ ਮੁਲਜ਼ਮਾਂ ਵੱਲੋਂ ਵਾਰਦਾਤ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਫਿਰੌਤੀ ਲਈ ਕਾਲ ਨਹੀਂ ਕੀਤੀ ਗਈ ਸੀ ਬਲਕਿ ਵਾਰਦਾਤ ਨੂੰ ਅਚਾਨਕ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰਵਿੰਦਰ ਸਿੰਘ ਵਾਸੀ ਪਿੰਡ ਡੇਰਾ ਜਗਾਧਰੀ, ਡੇਰਾਬੱਸੀ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਡੇਰਾਬੱਸੀ ਥਾਣੇ ਵਿੱਚ ਬੀਐਨਐਸ ਦੀ ਧਾਰਾ 111, 109 308(5), 333, 351(2), 351(3), 3(5), 332(ਬੀ) ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਹਥਿਆਰ ਕਿੱਥੋਂ ਲੈ ਕੇ ਆਏ ਸਨ।
ਸ਼ਿਕਾਇਤ ਕਰਤਾ ਅਨੁਸਾਰ ਬੀਤੇ ਦਿਨੀਂ ਉਹ ਆਪਣੇ ਐਜੂਕੇਸ਼ਨ ਸੈਂਟਰ ’ਤੇ ਮੌਜੂਦ ਸੀ ਅਤੇ ਆਪਣੇ ਕੈਬਿਨ ਵਿੱਚ ਬੈਠਾ ਸੀ। ਉਸਦੀ ਵਰਕਰ ਸੰਦੀਪ ਕੌਰ ਰਿਸੈਪਸ਼ਨ ਡਿਊਟੀ ’ਤੇ ਸੀ। ਇਸ ਦੌਰਾਨ ਦੁਪਹਿਰ ਕਰੀਬ ਪੌਣੇ ਦੋ ਵਜੇ 2 ਨੌਜਵਾਨ ਉਸਦੇ ਸੈਂਟਰ ਦੇ ਮੇਨ ਡੋਰ ਤੱਕ ਆ ਗਏ। ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸੀ। ਇੱਕ ਲੜਕੇ ਨੇ ਰਿਸੈਪਸ਼ਨ ’ਤੇ ਪਰਚੀ ਸੰਦੀਪ ਕੌਰ ਦੇ ਟੇਬਲ ’ਤੇ ਰੱਖ ਦਿੱਤੀ। ਦੂਜੇ ਸਾਥੀ ਨੇ ਪਿਸਤੌਲ ਕੱਢ ਕੇ ਉਸਦੇ ਕੈਬਿਨ ਵੱਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਚਾਰ ਫਾਇਰ ਕੀਤੇ ਅਤੇ ਮੌਕਾ ਤੋਂ ਫਰਾਰ ਹੋ ਗਏ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…