nabaz-e-punjab.com

ਸਿੱਧੂ ਭਰਾਵਾਂ ਦੇ ਕਰੀਬੀ ਕਾਰੋਬਾਰੀ ਗੈਂਗਸਟਰਾਂ ਦੇ ਨਿਸ਼ਾਨੇ ’ਤੇ, ਹੁਣ ਮਹਾਜਨ ਤੋਂ ਮੰਗੀ 20 ਲੱਖ ਦੀ ਫਿਰੌਤੀ

ਵਿਦੇਸ਼ੀ ਨੰਬਰ ਤੋਂ ਆਈ ਕਾਲ, ਪੁਲੀਸ ਵੱਲੋਂ ਕੇਸ ਦਰਜ ਕਰਕੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਪੰਜਾਬ ਵਿੱਚ ਸਤਾ ਬਦਲਣ ਤੋਂ ਬਾਅਦ ਮੁਹਾਲੀ ਦੇ ਕਾਰੋਬਾਰੀ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪਰਿਵਾਰ ਦੇ ਨਜ਼ਦੀਕੀ ਕਾਰੋਬਾਰੀ ਵਿਅਕਤੀਆਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੇ ਜਾਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਕ ਸਵਾਲ ਇਹ ਵੀ ਉੱਠਦਾ ਹੈ ਕਿ ਆਖ਼ਰਕਾਰ ਸਿੱਧੂ ਪਰਿਵਾਰ ਦੇ ਨਜ਼ਦੀਕੀਆਂ ਨੂੰ ਹੀ ਕਿਉਂ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਸਿੱਧੂ ਦੇ ਕਰੀਬੀ ਹੋਟਲ ਮਾਲਕ ਤੋਂ 40 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਹੁਣ ਸਾਬਕਾ ਮੰਤਰੀ ਦੇ ਛੋਟੇ ਭਰਾ ਅਤੇ ਮੇਅਰ ਅਮਰਜੀਤ ਸਿੰਘ ਸਿੱਧੂ ਦੇ ਹਿੱਸੇਦਾਰ ਅਤੇ ਰੀਅਲ ਅਸਟੇਟ ਦੇ ਉੱਘੇ ਕਾਰੋਬਾਰੀ ਪਾਰਸ ਮਹਾਜਨ ਤੋਂ 20 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਮੰਗੀ ਕੀਤੀ ਗਈ ਹੈ।
ਅਣਪਛਾਤੇ ਵਿਅਕਤੀਆਂ ਨੇ ਮਹਾਜਨ ਨੂੰ ਫੋਨ ’ਤੇ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਫਿਰੌਤੀ ਦੀ ਰਾਸ਼ੀ ਨਹੀਂ ਦਿੱਤੀ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਫਿਲਹਾਲ ਸ਼ਿਕਾਇਤ ਮਿਲਣ ਤੋਂ ਬਾਅਦ ਮੁਹਾਲੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 383, 386 ਅਤੇ 506 ਤਹਿਤ ਅਪਰਾਧਿਕ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਰਸ ਮਹਾਜਨ ਅਤੇ ਮੇਅਰ ਜੀਤੀ ਸਿੱਧੂ ਰੀਅਲ ਅਸਟੇਟ ਕੰਪਨੀ ਲੈਂਡ ਚੈਸਟਰ ਇਨਫਰਾਸਟਕਚਰ ਐਸੋਸੀਏਟਸ ਵਿੱਚ ਬਰਾਬਰ ਦੇ ਹਿੱਸੇਦਾਰ ਹਨ।
ਇਸ ਸਬੰਧੀ ਪੀੜਤ ਪਾਰਸ ਮਹਾਜਨ ਨੇ ਮੁਹਾਲੀ ਦੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਬੀਤੀ 16 ਮਾਰਚ ਨੂੰ ਉਨ੍ਹਾਂ ਦੇ ਨਿੱਜੀ ਫੋਨ ਨੰਬਰ ਉੱਤੇ ਵਿਦੇਸ਼ ਦੇ ਕਿਸੇ ਨੰਬਰ ਤੋਂ ਧਮਕੀ ਭਰਿਆ ਫੋਨ ਆਇਆ ਸੀ ਅਤੇ ਫੋਨ ਕਰਨ ਵਾਲੇ ਨੇ ਉਸ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਜਿਸ ਕਾਰਨ ਉਸ ਨੇ ਫੋਨ ਕੱਟ ਦਿੱਤਾ ਲੇਕਿਨ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਕਰੀਬੀ ਦੋਸਤ ਅਰਵਿੰਦ ਬਨਵੈਤ ਨਾਲ ਗੱਲ ਕੀਤੀ। ਜਿਸ ਨੇ ਉਸ ਨੰਬਰ ’ਤੇ ਦੁਬਾਰਾ ਫੋਨ ਕੀਤਾ ਤਾਂ ਫੋਨ ਚੁੱਕ ਕੇ ਗੱਲ ਕਰਨ ਵਾਲੇ ਸ਼ਖ਼ਸ ਨੇ ਕਿਹਾ ਕਿ ਉਹ ਖ਼ਤਰਨਾਕ ਗੈਂਗਸਟਰ ਹਨ ਅਤੇ ਉਨ੍ਹਾਂ ਨੂੰ 20 ਲੱਖ ਰੁਪਏ ਚਾਹੀਦੇ ਹਨ। ਜੇਕਰ ਪਾਰਸ ਮਹਾਜਨ ਨੇ ਇਹ ਰਕਮ ਨਾ ਦਿੱਤੀ ਤਾਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਪੁਲੀਸ ਨੇ ਪਾਰਸ ਮਹਾਜਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰ ਕੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੇਕਿਨ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਸਥਾਨਕ ਪੁਲੀਸ ਨੂੰ ਫਿਰੌਤੀ ਮੰਗਣ ਵਾਲਿਆਂ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਸਾਈਬਰ ਸੈੱਲ ਵੱਲੋਂ ਵੱਖਰੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇੱਥੋਂ ਦੇ ਸੈਕਟਰ-80 ਸਥਿਤ ਸਿੱਧੂ ਭਰਾਵਾਂ ਦੇ ਨਜ਼ਦੀਕੀ ਹੋਟਲ ਬਰੂ ਬਰੌਸ ਦੇ ਮਾਲਕਾਂ ਨੂੰ ਗੈਂਗਸਟਰਾਂ ਨੇ ਫੋਨ ’ਤੇ ਧਮਕੀ ਦੇ ਕੇ 40 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਲੇਕਿਨ ਇਸ ਮਾਮਲੇ ਵਿੱਚ ਵੀ ਸਿਰਫ਼ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਅੱਗੇ ਕਾਰਵਾਈ ਨਹੀਂ ਤੁਰੀ। ਜਿਸ ਕਾਰਨ ਕਾਂਗਰਸੀ ਸਮਰਥਕ ਕਾਰੋਬਾਰੀਆਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…