
ਵਿਆਹ ਦਾ ਝਾਂਸਾ ਦੇ ਕੇ ਅੌਰਤ ਨਾਲ ਬਲਾਤਕਾਰ, ਕੇਸ ਦਰਜ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਮੁਹਾਲੀ ਪੁਲੀਸ ਨੇ ਜਲਾਲਾਬਾਦ ਦੇ ਇਕ ਨੌਜਵਾਨ ਵਰੁਣ ਕੁਮਾਰ (23) ਦੇ ਖ਼ਿਲਾਫ਼ ਬਲਾਤਕਾਰ ਦੇ ਦੋਸ਼ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੌਜਵਾਨ ’ਤੇ ਆਪਣੇ ਤੋਂ ਵੱਡੀ ਉਮਰ ਦੀ ਅੌਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਕਾਇਮ ਕਰਨ ਅਤੇ ਬਾਅਦ ਵਿੱਚ ਉਸ ਨਾਲ ਵਿਆਹ ਕਰਵਾਉਣ ਤੋਂ ਮੁਕਰ ਜਾਣ ਦਾ ਦੋਸ਼ ਹੈ। ਫੇਜ਼-1 ਥਾਣਾ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਕਪੂਰਥਲਾ ਵਿੱਚ ਜ਼ੀਰੋ ਐਫ਼ਆਈਆਰ ਦਰਜ ਕੀਤੀ ਗਈ ਸੀ ਅਤੇ ਹੁਣ ਇਹ ਕੇਸ ਤਬਦੀਲ ਹੋ ਕੇ ਮੁਹਾਲੀ ਦੇ ਫੇਜ਼-1 ਥਾਣਾ ਵਿੱਚ ਆ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੌਜਵਾਨ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਦੀ ਜਾਣਕਾਰੀ ਅਨੁਸਾਰ ਪੀੜਤ ਅੌਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਚੰਡੀਗੜ੍ਹ ਵਿੱਚ ਨੌਕਰੀ ਦੌਰਾਨ ਉਸ ਦੀ ਮੁਲਾਕਾਤ ਵਰੁਣ ਕੁਮਾਰ ਨਾਲ ਹੋਈ ਸੀ, ਉਹ ਉਸੇ ਦਫ਼ਤਰ ਵਿੱਚ ਕੰਮ ਕਰਦਾ ਸੀ। ਇਸ ਦੌਰਾਨ ਇਕ ਸਾਂਝੇ ਦੋਸਤ ਰਾਹੀਂ ਉਨ੍ਹਾਂ ਵਿੱਚ ਵੀ ਦੋਸਤੀ ਹੋ ਗਈ। ਹਾਲਾਂਕਿ ਪੀੜਤ ਅੌਰਤ, ਮੁਲਜ਼ਮ ਨਾਲੋਂ ਉਮਰ ਵਿੱਚ ਵੱਡੀ ਸੀ ਪ੍ਰੰਤੂ ਇਸ ਦੇ ਬਾਵਜੂਦ ਨੌਜਵਾਨ ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ ਅਤੇ ਉਕਤ ਅੌਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਕਾਇਮ ਕਰ ਲਏ। ਇਹ ਸਿਲਸਿਲਾ ਕਰੀਬ ਦੋ ਸਾਲ ਤੱਕ ਜਾਰੀ ਰਿਹਾ। ਇਸ ਦੌਰਾਨ ਮੁਲਜ਼ਮ ਨੌਜਵਾਨ ਆਪਣੀ ਮਹਿਲਾ ਦੋਸਤ ਨੂੰ ਲੈ ਕੇ ਫੇਜ਼-1 ਥਾਣਾ ਅਧੀਨ ਪੈਂਦੇ ਇਕ ਹੋਟਲ ਵਿੱਚ ਲੈ ਆਇਆ। ਇੱਥੇ ਵੀ ਉਸ ਨੇ ਪੀੜਤ ਅੌਰਤ ਨਾਲ ਬਲਾਤਕਾਰ ਕੀਤਾ। ਅੌਰਤ ਦੀ ਪੱਤ ਲੁੱਟਣ ਤੋਂ ਬਾਅਦ ਉਹ ਵਿਆਹ ਕਰਵਾਉਣ ਤੋਂ ਮੁਕਰ ਗਿਆ। ਇੱਥੋਂ ਤੱਕ ਹੁਣ ਉਸ ਨੇ ਪੀੜਤ ਅੌਰਤ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਿਸ ਕਾਰਨ ਉਸ ਨੇ ਇਨਸਾਫ਼ ਪ੍ਰਾਪਤੀ ਲਈ ਥਾਣੇ ਦਾ ਬੂਹਾ ਖੜਕਾਇਆ।