nabaz-e-punjab.com

ਜਬਰ ਜਨਾਹ: ਮਹਿਲਾ ਕਮਿਸ਼ਨ ਦੀ ਮੁਖੀ ਵੱਲੋਂ ਕਾਰ ਚਾਲਕ ਦੀ ਗ੍ਰਿਫ਼ਤਾਰੀ ਤੇ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਪੀੜਤ ਲੜਕੀ ਤੇ ਪੁਲੀਸ ਅਫ਼ਸਰਾਂ ਨਾਲ ਕੀਤੀ ਮੁਲਾਕਾਤ

ਸਕੈਚ ਜਾਰੀ ਹੋਣ ਪਿੱਛੋਂ ਗੁਪਤ ਸੂਚਨਾ ਮਿਲਣ ’ਤੇ ਪੁਲੀਸ ਸ਼ੱਕੀ ਮੁਲਜ਼ਮ ਦੀ ਭਾਲ ਵਿੱਚ ਮਨੀਮਾਜਰਾ ਪੁੱਜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਪ੍ਰੇਮ ਵਿਆਹ ਕਰਵਾ ਕੇ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਨੌਜਵਾਨ ਮੁਟਿਆਰ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਵਿੱਚ ਪੁਲੀਸ ਅਧਿਕਾਰੀ ਦੀ ਕਥਿਤ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਸੋਮਵਾਰ ਨੂੰ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਮੁੱਚੇ ਘਟਨਾਕ੍ਰਮ ਦਾ ਜਾਇਜ਼ਾ ਲਿਆ ਅਤੇ ਪੀੜਤ ਲੜਕੀ ਨਾਲ ਵੀ ਗੱਲ ਕੀਤੀ। ਮਹਿਲਾ ਕਮਿਸ਼ਨ ਦ ਮੁਖੀ ਨੇ ਪੁਲੀਸ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸਬੰਧਤ ਥਾਣੇਦਾਰ, ਜੋ ਸ਼ਿਕਾਇਤ ਉੱਤੇ ਫੌਰੀ ਕਾਰਵਾਈ ਕਰਨ ਵਿੱਚ ਨਾਕਾਮ ਰਹਿਣ ਕਾਰਨ ਮੁਅੱਤਲ ਹੈ, ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਂਦੇ ਹੋਏ ਮੁਲਜ਼ਮ ਕਾਰ ਚਾਲਕ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।
ਸ੍ਰੀਮਤੀ ਗੁਲਾਟੀ ਨੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਇਸ ਕੇਸ ਵਿੱਚ ਸਖ਼ਤ ਕਾਰਵਾਈ ਦੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪੀੜਤ ਲੜਕੀ ਨੂੰ ਡਾਕਟਰੀ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਪੀੜਤ ਲੜਕੀ ਨੂੰ ਭਰੋਸਾ ਦਿੱਤਾ ਕਿ ਮਹਿਲਾ ਕਮਿਸ਼ਨ ਉਸ ਦੇ ਮੁੜ-ਵਸੇਬੇ ਦਾ ਪੂਰਾ ਖਿਆਲ ਰੱਖੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਪੀੜਤ ਲੜਕੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਮੁਲਜ਼ਮ ਨੇ ਬੀਤੀ 15 ਅਪਰੈਲ ਦੀ ਸਵੇਰ ਨੂੰ ਉਸ ਨੂੰ ਲਿਫ਼ਟ ਦੇਣ ਦੇ ਬਹਾਨੇ ਸੈਕਟਰ-68 ’ਚੋਂ ਆਪਣੀ ਕਾਰ ਵਿੱਚ ਬਿਠਾਇਆ ਅਤੇ ਉਹ ਉਸ ਨੂੰ ਸੈਕਟਰ-67 ਵਿੱਚ ਲੈ ਗਿਆ, ਜਿੱਥੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਸੈਕਟਰ-79 ਅਤੇ ਸੈਕਟਰ-80 ਵਿਚਕਾਰ ਇਕ ਸੁੰਨਸਾਨ ਥਾਂ ’ਤੇ ਲੈ ਗਿਆ, ਜਿੱਥੇ ਵੀ ਕਾਰ ਚਾਲਕ ਨੇ ਉਸ ਨਾਲ ਦੁਬਾਰਾ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਕਿਸੇ ਤਰ੍ਹਾਂ ਕਾਰ ’ਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈ ਅਤੇ ਉੱਚੀ ਉੱਚੀ ਰੌਲਾ ਪਾ ਦਿੱਤਾ। ਇਸ ਮਗਰੋਂ ਪੀੜਤ ਲੜਕੀ ਨੇ ਪੁਲੀਸ ਕੰਟਰੋਲ ਰੂਮ ਵਿੱਚ ਫੋਨ ਕਰਕੇ ਆਪਬੀਤੀ ਦੱਸੀ ਅਤੇ ਆਪਣੇ ਪਤੀ ਨਾਲ ਸੋਹਾਣਾ ਥਾਣੇ ਵਿੱਚ ਪਹੁੰਚੀ ਸੀ।
ਉਧਰ, ਪੁਲੀਸ ਨੇ ਪੀੜਤ ਲੜਕੀ ਦੀ ਮਦਦ ਨਾਲ ਸ਼ੱਕੀ ਮੁਲਜ਼ਮ (ਕਾਰ ਚਾਲਕ) ਦਾ ਸਕੈਚ ਮੀਡੀਆ ਵਿੱਚ ਜਾਰੀ ਕਰਨ ਤੋਂ ਬਾਅਦ ਅੱਜ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਕੈਚ ਨਾਲ ਮਿਲਦਾ ਜੁਲਦਾ ਇਕ ਨੌਜਵਾਨ ਮਨੀਮਾਜਰਾ ਵਿੱਚ ਰਹਿੰਦਾ ਹੈ। ਸੂਚਨਾ ਨੂੰ ਆਧਾਰ ਬਣਾ ਕੇ ਪੁਲੀਸ ਮਨੀਮਾਜਰਾ ਪਹੁੰਚੀ ਤਾਂ ਪਤਾ ਲੱਗਾ ਕਿ ਜਿਸ ਨੌਜਵਾਨ ਬਾਰੇ ਸ਼ੱਕ ਜਾਹਰ ਕੀਤਾ ਗਿਆ ਸੀ, ਉਹ ਬੀਤੀ 13 ਅਪਰੈਲ ਤੋਂ ਕਾਠਮੁੰਡੂ (ਨੇਪਾਲ) ਘੁੰਮਣ ਫਿਰਨ ਗਿਆ ਸੀ ਅਤੇ 20 ਅਪਰੈਲ ਨੂੰ ਵਾਪਸ ਆਇਆ ਹੈ। ਇਸ ਕੇਸ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ’ਤੇ ਜਾਅਲੀ ਨੰਬਰ ਲੱਗਿਆ ਹੋਇਆ ਸੀ। ਜੋ ਕਿ ਗੁਰਦਾਸਪੁਰ ਵਿੱਚ ਚਲਦੀ ਮਿੰਨੀ ਟਰੈਵਲ ਬੱਸ ਦਾ ਸੀ।
ਇਸ ਸਬੰਧੀ ਐਸਪੀ (ਡੀ) ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਹੀ ਹੈ ਅਤੇ ਮੁਲਜ਼ਮ ਕਾਰ ਚਾਲਕ ਨੂੰ ਕਾਬੂ ਕਰਨ ਲਈ ਪੁਲੀਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਪੂਰੇ ਇਲਾਕੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਗੁਆਂਢੀ ਸੂਬਿਆਂ ਦੀ ਪੁਲੀਸ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …