ਰੋਜ਼ੀ-ਰੋਟੀ ਤੋਂ ਵਾਂਝੇ 100 ਪਰਿਵਾਰਾਂ ਨੂੰ ਸਰਬੱਤ ਦਾ ਭਲਾ ਟਰੱਸਟ ਨੇ ਦਿੱਤਾ ਰਾਸ਼ਨ

60 ਪਾਠੀ ਸਿੰਘਾਂ,20 ਆਸ਼ਾ ਵਰਕਰਾਂ ਅਤੇ 20 ਵਿਧਵਾ ਔਰਤਾਂ ਦੇ ਪਰਿਵਾਰ ਸ਼ਾਮਲ

ਡਾ.ਓਬਰਾਏ ਤੇ ਪੰਜਾਬੀਆਂ ਨੂੰ ਹੈ ਵੱਡਾ ਮਾਣ: ਭਾਈ ਮੋਹਨ ਸਿੰਘ,ਮਾ.ਅਜੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 11 ਜੁਲਾਈ:
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ ‘ਚ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਪੂਰੀ ਦੁਨੀਆਂ ਅੰਦਰ ਇੱਕ ਜ਼ਿਕਰਯੋਗ ਮਿਸਾਲ ਬਣ ਚੁੱਕੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਦੇ ਤੀਜੇ ਪੜਾਅ ਤਹਿਤ ਗੁਰੂ ਕੀ ਵਡਾਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੇਰੁਜ਼ਗਾਰ ਹੋਏ 60 ਪਾਠੀ ਸਿੰਘਾਂ, ਮਕਬੂਲਪੁਰਾ ਖੇਤਰ ਦੀਆਂ 20 ਵਿਧਵਾ ਔਰਤਾਂ ਅਤੇ 20 ਆਸ਼ਾ ਵਰਕਰਾਂ ਦੇ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਉਪਰੋਕਤ ਥਾਵਾਂ ‘ਤੇ ਰਾਸ਼ਨ ਵੰਡਣ ਪਹੁੰਚੇ ਟਰੱਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਵਿੱਤ ਸਕੱਤਰ ਨਵਜੀਤ ਸਿੰਘ ਘਈ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਤੇ ਸ਼ਿਵਦੇਵ ਸਿੰਘ ਬੱਲ ਆਦਿ ਨੇ ਦੱਸਿਆ ਕਿ ਡਾ.ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਤੀਜੇ ਪੜਾਅ ਤਹਿਤ 1900 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਿਆ ਜਾ ਰਿਹਾ ਹੈ,ਜਿਸ ਤਹਿਤ ਅੱਜ ਗੁਰੂ ਕੀ ਵਡਾਲੀ ਵਿਖੇ ਸ਼ੁਸ਼ੋਭਿਤ ਗੁਰਦੁਆਰਾ ਜਨਮ ਅਸਥਾਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿਖੇ ਵੱਖ-ਵੱਖ ਗੁਰੂ ਘਰਾਂ ਅੰਦਰ ਚੱਲਣ ਵਾਲੀਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਬੰਦ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਜ਼ੀ-ਰੋਟੀ ਤੋਂ ਆਤੁਰ ਹੋਏ 60 ਪਾਠੀ ਸਿੰਘਾਂ,ਬੇਰੀ ਗੇਟ ਖੇਤਰ ਦੀਆਂ 20 ਲੋੜਵੰਦ ਆਸ਼ਾ ਵਰਕਰਾਂ ਅਤੇ ਮਕਬੂਲਪੁਰਾ ਖੇਤਰ ਦੀਆਂ 20 ਵਿਧਵਾ ਔਰਤਾਂ ਜਿਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਟਰੱਸਟ ਹਰ ਮਹੀਨੇ ਵਿਧਵਾ ਪੈਨਸ਼ਨ ਵੀ ਦੇ ਰਿਹਾ ਹੈ,ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਗਿਆ ਹੈ।
ਇਸ ਦੌਰਾਨ ਮੌਜੂਦ ਪਾਠੀ ਸਿੰਘਾਂ ਦੇ ਆਗੂ ਭਾਈ ਮੋਹਨ ਸਿੰਘ ਨੇ ਇਸ ਔਖੀ ਘੜੀ ਵੇਲੇ ਗੁਰੂ ਘਰ ਦੇ ਵਜ਼ੀਰਾਂ ਦੀ ਮਦਦ ਲਈ ਅੱਗੇ ਆਉਣ ਅਤੇ ਜਦ ਕਿ ਸਿਟੀਜ਼ਨ ਫ਼ੋਰਮ ਵਿੱਦਿਆ ਮੰਦਰ ਦੇ ਸੰਚਾਲਕ ਮਾਸਟਰ ਅਜੀਤ ਸਿੰਘ ਨੇ ਵਿਧਵਾ ਔਰਤਾਂ ਤੇ ਹੋਰ ਲੋੜਵੰਦਾਂ ਦੀ ਕੀਤੀ ਜਾ ਰਹੀ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਾਂ ਦੀ ਸਤਿਕਾਰਤ ਹਸਤੀ ਡਾ. ਓਬਰਾਏ ਵੱਲੋਂ ਪੂਰੀ ਦੁਨੀਆਂ ਅੰਦਰ ਲੋੜਵੰਦ ਲੋਕਾਂ ਲਈ ਕੀਤੇ ਜਾਂਦੇ ਪਰਉਪਕਾਰਾਂ ਨਾਲ ਸਮੁੱਚੀ ਪੰਜਾਬੀਅਤ ਦਾ ਸਿਰ ਫ਼ਖ਼ਰ ਨਾਲ ਉੱਚਾ ਹੋਇਆ ਹੈ ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…