Nabaz-e-punjab.com

ਤਰਕਸ਼ੀਲ ਸੁਸਿਾੲਟੀ ਨੇ ‘ਸਰੀਰ ਦਾਨ’ ਤੋਂ ਬਾਅਦ ‘ਅੰਗ ਪ੍ਰਦਾਨ’ ਲਈ ਜਾਗਰੂਕਤਾ ਦਾ ਬੀੜਾ ਚੁੱਕਿਆ

ਬਾਲ ਭਵਨ ਮੁਹਾਲੀ ਵਿੱਚ ਦਿਮਾਗੀ ਮੌਤ ਤੋਂ ਬਾਅਦ ਅੰਗ ਪ੍ਰਦਾਨ ਵਿਸ਼ੇ ’ਤੇ ਸੈਮੀਨਾਰ

ਦੇਸ਼ ਵਿੱਚ ਅੰਗ ਨਾ ਮਿਲਣ ਕਾਰਨ ਹਰ ਸਾਲ ਹੋ ਰਹੀਆਂ ਨੇ 5 ਲੱਖ ਮੌਤਾਂ: ਥਿੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਮਰਨ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਭੇਟ ਕਰਨ ਦੀ ਮੁਹਿੰਮ ਤੋਂ ਬਾਅਦ ਹੁਣ ਦਿਮਾਗੀ ਮੌਤ ਤੋਂ ਮਗਰੋਂ ਅੰਗ-ਪ੍ਰਦਾਨ ਕਰਨ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਲੜੀ ਦੇ ਤਹਿਤ ਤਰਕਸ਼ੀਲ ਸੁਸਾਇਟੀ ਦੀ ਜ਼ਿਲ੍ਹਾ ਮੁਹਾਲੀ ਇਕਾਈ ਵੱਲੋਂ ਅੱਜ ਇੱਥੋਂ ਦੇ ਫੇਜ਼-4 ਸਥਿਤ ਬਾਲ ਭਵਨ ਵਿੱਚ ‘ਦਿਮਾਗੀ ਮੌਤ ਤੋਂ ਬਾਅਦ ਅੰਗ-ਪ੍ਰਦਾਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਪੀਜੀਆਈ ਹਸਪਤਾਲ ਚੰਡੀਗੜ੍ਹ ਦੇ ਮਾਹਰਾਂ ਨੇ ਆਪਣੇ ਵਿਚਾਰਾਂ ਰਾਹੀਂ ਸਰੋਤਿਆਂ ਨੂੰ ਅੰਗ ਪ੍ਰਦਾਨ ਅਤੇ ਲੋੜਵੰਦਾਂ ਨੂੰ ਅੰਗ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਜਾਣ ਦੇ ਹੈਰਾਨੀ ਜਨਕ ਤੱਥਾਂ ’ਤੇ ਰੋਸ਼ਨੀ ਪਾਈ।
ਸੈਮੀਨਾਰ ਦੌਰਾਨ ਵਿਸ਼ਾ ਮਾਹਰ ਕਰਨਜੋਤ ਸਿੰਘ ਥਿੰਦ ਨੇ ਦੱਸਿਆ ਕਿ ਦੇਸ਼ ਵਿੱਚ ਹਰ ਸਾਲ ਅੰਗ ਨਾ ਮਿਲਣ ਕਾਰਨ ਕਰੀਬ ਪੰਜ ਲੱਖ ਮੌਤਾਂ ਹੋ ਰਹੀਆਂ ਹਨ ਅਤੇ ਇਸ ਵੇਲੇ ਇਸ ਮੁੱਦੇ ਬਾਰੇ ਜਾਣਕਾਰੀ ਦੀ ਬੇਤਹਾਸ਼ਾ ਘਾਟ ਹੈ। ਉਹਨਾਂ ਕਿਹਾ ਕਿ ਦਿਮਾਗੀ ਮੌਤ ਤੋਂ ਬਾਅਦ ਇੱਕ ਮਨੁੱਖ ਸੱਤ ਤੋਂ ਅੱਠ ਮਨੁੱਖਾਂ ਨੂੰ ਦਿਲ, ਗੁਰਦੇ, ਮਿਹਦਾ, ਫੇਫੜੇ ਆਦਿ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾ ਸਕਦਾ ਹੈ। ਸ਼੍ਰੀ ਕਰਨਜੋਤ ਨੇ ਕਿਹਾ ਕਿ ਅੱਜ ਤੋਂ ਪੱਚੀ ਸਾਲ ਪਹਿਲਾਂ ਜਿਵੇਂ ਲੋਕ ਖੂਨਦਾਨ ਕਰਨ ਤੋਂ ਡਰਦੇ ਸਨ, ਬਿਲਕੁਲ ਓਹੀ ਹਾਲਾਤ ਅੱਜਕੱਲ੍ਹ ਅੰਗ ਪ੍ਰਦਾਨ ਕਰਨ ਦੇ ਮਸਲੇ ‘ਤੇ ਦੇਸ਼ ਵਿੱਚ ਬਣੇ ਹੋਏ ਹਨ। ਉਹਨਾਂ ਕਿਹਾ ਕਿ ਭਾਰਤੀ ਸਮਾਜ ਵਿੱਚ ਉਮਰ ਤੇ ਧਾਰਮਿਕ ਅਧਾਰ ਤੇ ਕਈ ਮਿੱਥਾਂ ਅੰਗ ਪ੍ਰਦਾਨ ਕਰਨ ਬਾਰੇ ਜੁੜੀਆਂ ਹੋਈਆਂ ਹਨ।
ਇਸ ਤੋਂ ਪਹਿਲਾਂ ਤਰਕਸ਼ੀਲ ਸੁਸਾਇਟੀ ਮੁਹਾਲੀ ਦੇ ਜਥੇਬੰਦਕ ਮੁਖੀ ਲੈਕਚਰਾਰ ਸੁਰਜੀਤ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਹਰੇਕ ਸਾਲ ਢਾਈ ਲੱਖ ਲੋਕਾਂ ਨੂੰ ਗੁਰਦੇ, 80 ਹਜ਼ਾਰ ਨੂੰ ਜਿਗਰ, 50 ਹਜ਼ਾਰ ਨੂੰ ਦਿਲ ਅਤੇ ਇਕ ਲੱਖ ਲੋਕਾਂ ਨੂੰ ਕੋਰਨੀਆ ਚਾਹੀਦਾ ਹੁੰਦਾ ਹੈ ਪਰ ਸਮੇਂ ਸਿਰ ਅੰਗ ਨਾ ਮਿਲਣ ਕਾਰਨ ਸਬੰਧਤ ਮਨੁੱਖ ਸਾਥੋਂ ਵਿਛੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਪਿੰਡ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੱਥਾਂ ਵਿੱਚ ਜਾ ਕੇ ਅਲਖ਼ ਜਗਾਈ ਜਾਵੇਗੀ। ਇਸ ਮੌਕੇ ਤਰਕਸ਼ੀਲ ਆਗੂ ਜਰਨੈਲ ਸਿੰਘ ਕ੍ਰਾਂਤੀ, ਪ੍ਰਿੰਸੀਪਲ ਗੁਰਮੀਤ ਸਿੰਘ, ਸਤਨਾਮ ਸਿੰਘ ਦਾਊਂ, ਜਸਵੰਤ ਸਿੰਘ, ਡਾ. ਅਬਦੁਲ ਮਜ਼ੀਦ, ਹਰਪ੍ਰੀਤ ਸਿੰਘ, ਹਰਵਿੰਦਰ ਕੌਰ ਵੀ ਹਾਜ਼ਰ ਸਨ।
(ਬਾਕਸ ਆਈਟਮ): ਕੀ ਹੈ ਦਿਮਾਗੀ ਮੌਤ?
ਸੈਮੀਨਾਰ ਦੌਰਾਨ ਮਾਹਰਾਂ ਨੇ ਦੱਸਿਆ ਕਿ ਦਿਮਾਗੀ ਮੌਤ ਉਹ ਸਥਿਤੀ ਹੈ ਜਦੋਂ ਮਰੀਜ਼ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਪਰ ਦਿਲ ਸਮੇਤ ਸਰੀਰ ਦੇ ਬਾਕੀ ਅੰਗ ਕੰਮ ਕਰ ਰਹੇ ਹੁੰਦੇ ਹਨ। ਦਿਮਾਗੀ ਮੌਤ ਆਮ ਤੌਰ ’ਤੇ ਹੈਲਮੇਟ ਨਾ ਪਾਉਣ ਕਰਨ ਲੱਗੀ ਸੱਟ, ਟਿਊਮਰ, ਦਿਮਾਗ ਵਿੱਚ ਖੂਨ ਦੇ ਧੱਬੇ ਜੰਮ ਜਾਣ ਕਾਰਨ ਹੁੰਦੀ ਹੈ। ਦਿਮਾਗੀ ਮੌਤ ਤੋਂ ਬਾਅਦ ਮਨੁੱਖ ਮੁੜ ਜੀਵਤ ਨਹੀਂ ਹੋ ਸਕਦਾ।
(ਬਾਕਸ ਆਈਟਮ): ਅੰਗ ਪ੍ਰਦਾਨ ਕਰਨ ਵਿੱਚ ਸਪੇਨ ਸਭ ਤੋਂ ਅੱਗੇ ਤੇ ਭਾਰਤ ਫਾਡੀ
ਅੰਗ ਪ੍ਰਦਾਨ ਕਰਨ ਦੀ ਦਰ ਭਾਰਤ ਵਿੱਚ ਸੱਭ ਤੋਂ ਘੱਟ ਹੈ। ਦੇਸ਼ ਵਿੱਚ ਦਸ ਲੱਖ ਦੀ ਅਬਾਦੀ ਪਿੱਛੇ ਇਹ ਦਰ ਇਕ ਤੋਂ ਵੀ ਘੱਟ ਹੈ। ਦੂਜੇ ਪਾਸੇ ਅੰਗ ਪ੍ਰਦਾਨ ਕਰਨ ਦੀ ਦੁਨੀਆਂ ਵਿੱਚ ਸਭ ਤੋਂ ਵੱਧ ਦਰ ਸਪੇਨ ਦੀ ਹੈ ਜਿਹੜੀ ਕਿ 10 ਲੱਖ ਲੋਕਾਂ ਪਿੱਛੇ 46.9 ਹੈ। ਸੈਮੀਨਾਰ ਦੌਰਾਨ ਅੰਗਦਾਨ ਕਰਨ ਦੀ ਮੁਹਿੰਮ ਨਾਲ ਸਬੰਧਤ ਫਿਲਮਾਂ ਵੀ ਦਿਖਾਈਆਂ ਗਈਆਂ ਜੋ ਸਰੋਤਿਆਂ ਨੂੰ ਭਾਵੁਕ ਕਰ ਗਈਆਂ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…