
ਰਵੀ ਸਿੱਧੂ ਕੇਸ: ਮੁਹਾਲੀ ਅਦਾਲਤ ਵਿੱਚ 5 ਸਰਕਾਰੀ ਗਵਾਹ ਪੇਸ਼, ਇੱਕ ਗਵਾਹ ਬਿਆਨਾਂ ਤੋਂ ਮੁੱਕਰਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਪੰਜਾਬ ਦੇ ਬਹੁ ਚਰਚਿਤ ਭ੍ਰਿਸ਼ਟਾਚਾਰ (ਕਥਿਤ ਤੌਰ ’ਤੇ ਪੈਸੇ ਲੈ ਕੇ ਗਜ਼ਟਿਡ ਅਧਿਕਾਰੀਆਂ ਨੂੰ ਨੌਕਰੀ ਦੇਣ) ਦੇ ਮਾਮਲੇ ਵਿੱਚ ਨਾਮਜ਼ਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉਰਫ਼ ਰਵੀ ਸਿੱਧੂ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਵਿੱਚ ਹੋਈ। ਪਹਿਲਾਂ ਇਸ ਕੇਸ ਦੀ ਸੁਣਵਾਈ ਜ਼ਿਲ੍ਹਾ ਰੂਪਨਗਰ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਿੱਚ ਚਲ ਰਹੀ ਸੀ ਲੇਕਿਨ ਕੁੱਝ ਦਿਨ ਪਹਿਲਾਂ ਇਹ ਮਾਮਲਾ ਵੀ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਤਬਦੀਲ ਹੋ ਗਿਆ।
ਇਸ ਮਾਮਲੇ ਵਿੱਚ ਪੰਜ ਸਰਕਾਰੀ ਗਵਾਹ ਅਦਾਲਤ ਵਿੱਚ ਪੇਸ਼ ਹੋਏ। ਜਿਨ੍ਹਾਂ ’ਚੋਂ ਇੱਕ ਗਵਾਹ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰ ਗਿਆ ਜਦੋਂ ਕਿ ਬਾਕੀ ਚਾਰੇ ਗਵਾਹ ਆਪਣੇ ਬਿਆਨਾਂ ’ਤੇ ਕਾਇਮ ਰਹੇ। ਇੱਥੋਂ ਦੇ ਫੇਜ਼-5 ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਮੈਨੇਜਰ ਬਲਜੀਤ ਸਿੰਘ ਨੇ ਅਦਾਲਤ ਨੂੰ ਰਵੀ ਸਿੱਧੂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਅਤੇ ਐਫ਼ਡੀਜ਼ ਬਾਰੇ ਜਾਣਕਾਰੀ ਦਿੱਤੀ। ਜਨਮ ਤੇ ਮੌਤ ਵਿਭਾਗ ਦੇ ਚੰਡੀਗੜ੍ਹ ਦੇ ਅਧਿਕਾਰੀ ਹਰਸ਼ ਵਰਧਨ ਨੇ ਇੱਕ ਵਿਅਕਤੀ ਅਵਤਾਰ ਸਿੰਘ ਦੀ ਮੌਤ ਦੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਬਾਰੇ ਆਪਣੇ ਬਿਆਨ ਦਰਜ ਕਰਵਾਏ।
ਇੰਝ ਹੀ ਵਿਜੀਲੈਂਸ ਬਿਊਰੋ ਵੱਲੋਂ ਮੁਲਾਜ਼ਮ ਰਵੀ ਸਿੱਧੂ ਦੀ ਗ੍ਰਿਫ਼ਤਾਰ ਸਮੇਂ ਘਰ ਅਤੇ ਦਫ਼ਤਰ ’ਚੋਂ ਬਰਾਮਦ ਨਗਦੀ ਅਤੇ ਜ਼ਰੂਰੀ ਦਸਤਾਵੇਜ਼ਾਂ ਦੇ ਮੌਕੇ ਗਵਾਹ ਬਣਾਏ ਗਏ ਅਜੀਤ ਸਿੰਘ ਸੇਤੀਆ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਹਨ ਅਤੇ ਵਿਜੀਲੈਂਸ ਦੇ ਰਿਕਾਰਡ ਮੁਤਾਬਕ ਆਪਣੇ ਪੁਰਾਣੇ ਬਿਆਨਾਂ ’ਤੇ ਕਾਇਮ ਰਹੇ। ਸਾਬਕਾ ਖੇਤੀਬਾੜੀ ਅਫ਼ਸਰ ਜਗਦੀਸ਼ ਕੁਮਾਰ ਨੇ ਰਵੀ ਸਿੱਧੂ ਵੱਲੋਂ ਜ਼ਮੀਨ ਤੇ ਜਾਇਦਾਦ ਦੀ ਵੇਚ ਅਤੇ ਖਰੀਦ ਸਬੰਧੀ ਐਸਟੀਮੇਟ ਰਿਪੋਰਟ ਪੇਸ਼ ਕੀਤੀ।
ਉਧਰ, ਸੇਅਰ ਬਾਜ਼ਾਰ ਨਾਲ ਸਬੰਧਤ ਦੀਪਕ ਤੇ੍ਰਹਨ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਰਵੀ ਸਿੱਧੂ ਦੀ ਮਾਂ, ਭੈਣ ਅਤੇ ਭਰਾ ਨੇ ਸ਼ੇਅਰ ਖ਼ਰੀਦੇ ਹੋਏ ਹਨ ਪ੍ਰੰਤੂ ਇਸ ਕੇਸ ਮੁਤੱਲਕ ਉਨ੍ਹਾਂ ਨੇ ਕਦੇ ਵੀ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਜਾ ਕੇ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਵਿਜੀਲੈਂਸ ਦੇ ਅਜਿਹੇ ਕਿਸੇ ਦਸਤਾਵੇਜ਼ ਬਤੌਰ ਸਰਕਾਰੀ ਗਵਾਹ ਕੋਈ ਦਸਖ਼ਤ ਹੀ ਕੀਤੇ ਸਨ। ਅਦਾਲਤ ਨੇ ਦੋਵਾਂ ਧਿਰਾਂ ਦੀ ਕਰਾਸ ਬਹਿਸ ਅਤੇ ਦਲੀਲਾਂ ਸੁਣਨ ਤੋਂ ਬਾਅਦ ਕੇਸ ਸੁਣਵਾਈ 5 ਅਪਰੈਲ ’ਤੇ ਅੱਗੇ ਪਾ ਦਿੱਤੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੌਰਾਨ ਸਾਲ 2002 ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਵੀ ਸਿੱਧੂ ਦੇ ਖ਼ਿਲਾਫ਼ ਮੁਹਾਲੀ ਵਿਜੀਲੈਂਸ ਥਾਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਵਿੱਚ ਇਸ ਬਹੁ ਚਰਚਿਤ ਕੇਸ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚਲ ਰਹੀ ਹੈ।