
ਕੱਚੇ ਅਧਿਆਪਕਾਂ ਵੱਲੋਂ ਚੌਥੀ ਵਾਰ ਕੈਪਟਨ ਦੀ ਕੋਠੀ ਘੇਰਨ ਲਈ ਚੰਡੀਗੜ੍ਹ ਵੱਲ ਕੂਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਸਿੱਖਿਆ ਭਵਨ ਦੇ ਬਾਹਰ ਪਿਛਲੇ 38 ਦਿਨਾਂ ਤੋਂ ਲੜੀਵਾਰ ਧਰਨੇ ’ਤੇ ਬੈਠੇ ਕੱਚੇ ਅਧਿਆਪਕਾਂ ਨੇ ਸ਼ੁੱਕਰਵਾਰ ਨੂੰ ਚੌਥੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ। ਇਸ ਪੈਦਲ ਮਾਰਚ ਦੀ ਅਗਵਾਈ ਕੱਚੇ ਅਧਿਆਪਕ ਯੂਲੀਅਨ ਦੇ ਪੰਜ ਕਨਵੀਨਰ ਅਜਮੇਰ ਸਿੰਘ ਅੌਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਵੀਰਪਾਲ ਕੌਰ ਅਤੇ ਜਸਵੰਤ ਸਿੰਘ ਪੰਨੂ ਕਰ ਰਹੇ ਹਨ। ਕੱਚੇ ਅਧਿਆਪਕ ਰੋਸ ਮਾਰਚ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਅੱਗੇ ਵਧ ਰਹੇ ਹਨ। ਵਾਈਪੀਐਸ ਚੌਂਕ ’ਤੇ ਮੁਹਾਲੀ ਪੁਲੀਸ ਅਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਦੇ ਉਸ ਪਾਰ ਯੂਟੀ ਪੁਲੀਸ ਵੱਲੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਰਾਹ ਡੱਕਣ ਲਈ ਜ਼ਬਰਦਸਤ ਬੈਰੀਕੇਟਟਿੰਗ ਕੀਤੀ ਗਈ।
ਇਸ ਤੋਂ ਪਹਿਲਾਂ ਕੱਚੇ ਅਧਿਆਪਕਾਂ ਨੇ ਮੁਹਾਲੀ ਏਅਰਪੋਰਟ ਸੜਕ ’ਤੇ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਅੰਜ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪਹੁੰਚਣ ਦੀ ਸੰਭਾਵਨ ਸੀ ਪਰ ਇਹ ਦੋਵੇਂ ਵੱਡੇ ਨੇਤਾ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਨਹੀਂ ਪਹੁੰਚੇ।