ਕੱਚੇ ਅਧਿਆਪਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਕੱਢਿਆ ਵਿਸ਼ਾਲ ਰੋਸ ਮਾਰਚ, ਨਾਅਰੇਬਾਜ਼ੀ

ਕਿਸਾਨਾਂ ਤੇ ਅੱਤਿਆਚਾਰ ਕਰਨ ਵਾਲੇ ਅਫ਼ਸਰਾਂ ਦੀਆਂ ਸੇਵਾਵਾਂ ਖ਼ਤਮ ਕਰਕੇ ਪੁਲੀਸ ਕੇਸ ਦਰਜ ਹੋਵੇ

ਕੇਂਦਰ ਸਰਕਾਰ ਫੌਰੀ ਤੌਰ ’ਤੇ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰੇ: ਅਧਿਆਪਕ ਆਗੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਹਰਿਆਣਾ ਦੇ ਕਰਨਾਲ ਇਲਾਕੇ ਵਿਖੇ ਬੀਤੇ ਕੱਲ੍ਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਖੱਟਰ ਸਰਕਾਰ ਦੀ ਸ਼ਹਿ ’ਤੇ ਹਰਿਆਣਾ ਪੁਲੀਸ ਵੱਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਅਤੇ ਅੰਨ੍ਹੇਵਾਹ ਤਸ਼ੱਦਦ ਦੇ ਖ਼ਿਲਾਫ਼ ਪੰਜਾਬ ਦੇ ਕੱਚੇ ਅਧਿਆਪਕਾਂ ਦਾ ਗੁੱਸਾ ਭੜਕ ਉੱਠਿਆ। ਇੱਥੋਂ ਦੇ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਕੱਚੇ ਅਧਿਆਪਕਾਂ ਨੇ ਆਪਣੀ ਪੱਕੇ ਹੋਣ ਦੀ ਮੰਗ ਨੂੰ ਪਾਸੇ ਰੱਖ ਕੇ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਰੋਸ ਮਾਰਚ ਕੀਤਾ। ਜਿਸ ਦੀ ਅਗਵਾਈ ਸੂਬਾ ਕਨਵੀਨਰ ਦਵਿੰਦਰ ਸਿੰਘ ਸੰਧੂ ਮੁਕਤਸਰ, ਸਤਿੰਦਰ ਸਿੰਘ ਕੰਗ, ਹਰਮੀਤ ਕੌਰ ਪਟਿਆਲਾ, ਹਰਪ੍ਰੀਤ ਕੌਰ ਜਲੰਧਰ, ਧੀਰਜ ਕੁਮਾਰ ਮੁਹਾਲੀ ਨੇ ਕੀਤੀ।
ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਕਿਸਾਨਾਂ ’ਤੇ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਇਹ ਰੋਸ ਮਾਰਚ ਸਿੱਖਿਆ ਭਵਨ ਦੇ ਬਾਹਰੋਂ ਸ਼ੁਰੂ ਹੋਇਆ ਅਤੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਪਹਿਲਾਂ ਤੋਂ ਚੱਲ ਰਹੇ ਪੁਆਧੀ ਖੇਤਰ ਮੁਹਾਲੀ ਦੇ ਕਿਸਾਨਾਂ ਦੇ ਲੜੀਵਾਰ ਧਰਨੇ ਵਿੱਚ ਪਹੁੰਚ ਕੇ ਖ਼ਤਮ ਹੋਇਆ। ਇੱਥੇ ਕੱਚੇ ਅਧਿਆਪਕਾਂ ਨੇ ਕਿਸਾਨਾਂ ਨਾਲ ਧਰਨੇ ’ਤੇ ਬੈਠ ਕੇ ਕਿਸਾਨੀ ਸੰਘਰਸ਼ੀ ਨੂੰ ਪੂਰਨ ਸਮਰਥਨ ਦਾ ਐਲਾਨ ਕੀਤਾ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੇ ਪੁਲੀਸ ਅਫ਼ਸਰਾਂ ਦੀ ਸ਼ਨਾਖ਼ਤ ਕਰਕੇ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣ ਅਤੇ ਜ਼ਿੰਮੇਵਾਰ ਅਫ਼ਸਰਾਂ ਅਤੇ ਮੁਲਾਜ਼ਮਾਂ ਖ਼ਿਲਾਫ਼ ਅਪਰਾਧਿਕ ਪਰਚਾ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾਵੇ। ਉਨ੍ਹਾਂ ਨੇ ਕਿਸਾਨ ਵਿਰੋਧੀ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਸਮੂਹ ਕੱਚੇ ਅਧਿਆਪਕ ਸੂਬੇ ਦੇ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੇ ਹਨ।

ਇਸ ਮੌਕੇ ਭੁਪਿੰਦਰ ਕੌਰ ਮੁਹਾਲੀ, ਰੁਪਿੰਦਰ ਸਿੰਘ ਪਟਿਆਲਾ, ਗੁਰਦੀਪ ਸਿੰਘ, ਦੀਪਕ ਕੁਮਾਰ ਅੰਮ੍ਰਿਤਸਰ, ਰਾਜਵੀਰ ਸਿੰਘ, ਕੁਲਵੰਤ ਸਿੰਘ, ਸੰਦੀਪ ਸਿੰਘ ਅਤੇ ਮਲਕੀਤ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …