ਪੰਜਾਬ ਆਉਣ ’ਤੇ ਸੋਨੀਆ ਗਾਂਧੀ ਨੂੰ ਕਾਲੇ ਝੰਡੇ ਦਿਖਾਉਣਗੇ ਕੱਚੇ ਅਧਿਆਪਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਇਨਕਾਰੀ ਹੋਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਹੁਣ ਕੱਚੇ ਅਧਿਆਪਕ ਪੰਜਾਬ ਆ ਰਹੀ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਗਟਾਉਣਗੇ ਅਤੇ ਸੂਬਾ ਸਰਕਾਰ ਦੀਆਂ ਨਾਕਾਮੀਆਂ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਢੰਡੋਰਾ ਪਿੱਟਣਗੇ।
ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਵੀਰਪਾਲ ਕੌਰ ਸਿਧਾਣਾ ਤੇ ਜਸਵੰਤ ਸਿੰਘ ਪੰਨੂ ਅਤੇ ਮੀਡੀਆ ਕੋਅਰਡੀਨੇਟਰ ਜੁਝਾਰ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਜਿਸ ਕਾਰਨ ਅਧਿਆਪਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ।
ਆਗੂਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਹਾਲੀ ਵਿੱਚ ਕੱਚੇ ਅਧਿਆਪਕਾਂ ਦਾ ਸੂਬਾ ਪੱਧਰੀ ਇਕੱਠ ਸੱਦਿਆ ਗਿਆ ਹੈ ਅਤੇ ਪੰਜਾਬ ਆਉਣ ’ਤੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਵੱਖ-ਵੱਖ ਥਾਵਾਂ ’ਤੇ ਵੱਡੇ ਪੱਧਰ ਉੱਤੇ ਗੁਪਤ ਐਕਸ਼ਨ ਕੀਤੇ ਜਾਣਗੇ। ਹਾਲਾਂਕਿ ਪੰਜਾਬ ਕਾਂਗਰਸ ਦਾ ਕਾਟੋ ਕਲੇਸ ਖ਼ਤਮ ਕਰਵਾਉਣ ਲਈ ਸੋਨੀਆ ਗਾਂਧੀ ਚੰਡੀਗੜ੍ਹ ਅਤੇ ਪੰਜਾਬ ਆ ਰਹੇ ਹਨ ਅਤੇ ਕੱਚੇ ਅਧਿਆਪਕਾਂ ਨੇ ਪੰਜਾਬ ਕਾਂਗਰਸ ਭਵਨ ਦੇ ਬਾਹਰ ਕਾਲੇ ਝੰਡੇ ਲੈ ਕੇ ਪਹੁੰਚਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਪ੍ਰੰਤੂ ਕੁੱਝ ਵਿਅਕਤੀਆਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਨਵਜੋਤ ਸਿੱਧੂ ਦੇ ਤਾਜਪੋਸੀ ਸਮਾਗਮ ਵਿੱਚ ਖਲਲ ਪਵੇਗਾ ਅਤੇ ਮੁੱਖ ਮੰਤਰੀ ਦੇ ਹੱਕ ਦੀ ਗੱਲ ਹੋਵੇਗੀ ਕਿਉਂਕਿ ਕੈਪਟਨ ਸਾਹਿਬ ਭਾਵੇਂ ਦਿੱਲੀ ਤੋਂ ਫੋਨ ਆਉਣ ਤੋਂ ਬਾਅਦ ਸਮਾਗਮ ਵਿੱਚ ਆਉਣ ਲਈ ਰਾਜ਼ੀ ਹੋ ਗਏ ਹਨ ਪ੍ਰੰਤੂ ਉਹ ਅੰਦਰੋਂ ਅੰਦਰੀਂ ਅਜੀਬ ਜਿਹੀ ਘੁੱਟਣ ਮਹਿਸੂਸ ਕਰ ਰਹੇ ਹਨ। ਜਦੋਂਕਿ ਵਿਰੋਧ ਪ੍ਰਦਰਸ਼ਨ ਦਾ ਮੰਤਵ ਮੁੱਖ ਮੰਤਰੀ ਨੂੰ ਸਿੱਧੇ ਤੌਰ ’ਤੇ ਨਿਸ਼ਾਨਾ ਬਣਾਉਣਾ ਹੈ। ਜਿਸ ਕਾਰਨ ਸੜਕ ਰਸਤੇ ਆਉਣ ’ਤੇ ਸੋਨੀਆ ਗਾਂਧੀ ਦੇ ਕਾਫ਼ਲੇ ਨੂੰ ਸੜਕ ਕਿਨਾਰੇ ਖੜੇ ਹੋ ਕੇ ਕਾਲੇ ਝੰਡੇ ਦਿਖਾਏ ਜਾਣਗੇ ਤਾਂ ਜੋ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ ਅਤੇ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਕੀ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਵਿਰੋਧ ਪ੍ਰਦਰਸ਼ਨ ਕਰਨ ਦਾ ਕੋਈ ਵੱਖਰਾ ਪ੍ਰੋਗਰਾਮ ਵੀ ਮੌਕੇ ’ਤੇ ਉਲੀਕਿਆ ਜਾ ਸਕਦਾ ਹੈ। ਕੁੱਝ ਵੀ ਹੋਵੇ ਕੱਚੇ ਅਧਿਆਪਕਾਂ ਦੇ ਮਨਾਂ ਵਿੱਚ ਭਾਰੀ ਰੋਸ ਵਿਆਪਕ ਹੈ ਅਤੇ ਗੁੱਸਾ ਸਿਰ ਚੜ੍ਹ ਕੇ ਬੋਲ ਰਿਹਾ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…