
ਰਿਆਤ-ਬਾਹਰਾ ਵੱਲੋਂ ਪਿੰਡਾਂ ਵਿੱਚ ਦੰਦਾਂ ਦੇ ਮੁਫ਼ਤ ਚੈੱਕਅਪ ਕੈਂਪ, ਮੁਫ਼ਤ ਦਵਾਈਆਂ ਦਿੱਤੀਆਂ
ਕੁਰਾਲੀ, 21 ਦਸੰਬਰ (ਰਜਨੀਕਾਂਤ ਗਰੋਵਰ):
ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵੱਲੋਂ ਕਾਰਪੋਰੇਟ ਸੋਸ਼ਲ ਰਿਸਪੋਂਸੀਵਿਲਟੀ ਤਹਿਤ ਗਾਰਡਨ ਵੈਲੀ ਇੰਟਰ ਨੈਸ਼ਨਲ ਸਕੂਲ ਮੋਰਿੰਡਾ, ਸਰਕਾਰੀ ਐਲੀਮੈਂਟਰੀ ਸਕੂਲ ਅਲਾਹਪੁਰ ਅਤੇ ਸਰਕਾਰੀ ਮਿਡਲ ਸਕੂਲ ਮਲਕਪੁਰ ਟੱਪਰੀਆਂ ਵਿਖੇ ਦੰਦਾਂ ਦੇ ਮੁਫ਼ਤ ਚੈੱਕਅਪ ਕੈਂਪ ਲਗਾਏ ਗਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਰਿਆਤ ਐਂਡ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਪਬਲਿਕ ਹੈਲਥ ਡੈਂਟਲ ਵਿਭਾਗ ਦੇ ਮਾਹਰ ਡਾਕਟਰਾਂ ਡਾ. ਮੋਹਿਤ ਬੰਸਲ, ਡਾ. ਵਰੁਣ ਸੂਰੀ, ਡਾ. ਜਸਦੀਪ ਸਿੰਘ ਅਤੇ ਮਨਜੀਤ ਸਿੰਘ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੇ ਸਕੂਲੀ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਵੇਰੇ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਸਫ਼ਾਈ ਕਰਨ ਲਈ ਪ੍ਰੇਰਿਆ। ਮਿੱਠਾ ਖਾਸ ਕਰਕੇ ਚਾਕਲੇਟ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ।
ਇਹ ਜਾਣਕਾਰੀ ਦਿੰਦਿਆਂ ਡਾਕਟਰ ਮੋਹਿਤ ਬੰਸਲ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਵੱਲੋਂ ਕਈ ਪ੍ਰਕਾਰ ਦੇ ਜੰਕ ਫੂਡ, ਚਾਕਲੇਟ ਦਾ ਸੇਵਨ ਵੱਡੀ ਮਾਤਰਾ ਵਿੱਚ ਕੀਤਾ ਜਾਂਦਾ ਹੈ। ਜਿਸ ਨਾਲ ਉਨ੍ਹਾਂ ਦੇ ਦੰਦਾਂ ’ਤੇ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਸਬੰਧੀ ਉਹ ਪੂਰੀ ਤਰ੍ਹਾਂ ਸੁਚੇਤ ਨਹੀਂ ਹੁੰਦੇ। ਇਸ ਮੌਕੇ ਡਾ. ਵਰੁਣ ਸੂਰੀ, ਡਾ. ਜਸਦੀਪ ਸਿੰਘ ਨੇ ਦੱਸਿਆ ਕਿ ਦੰਦ ਸਰੀਰ ਦੇ ਬਹੁਤ ਹੀ ਮਹੱਤਵ ਪੂਰਨ ਅੰਗ ਹਨ, ਇਸ ਲਈ ਦੰਦਾਂ ਦੀ ਸਾਫ਼-ਸਫ਼ਾਈ ਅਤੇ ਮੂੰਹ ਨਾਲ ਸਬੰਧਤ ਮੁਸ਼ਕਲਾਂ ਅਤੇ ਬਿਮਾਰੀਆਂ ਤੋਂ ਬਚਣ ਦੇ ਉਪਾਅ ਬਾਰੇ ਵੀ ਜਾਗਰੂਕ ਕੀਤਾ। ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਇਕ ਤੰਦਰੁਸਤ ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਉਸ ਦੇਸ਼ ਦੇ ਹਰ ਵਰਗ ਦਾ ਹਰ ਪੱਖੋਂ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਰਿਆਤ ਐਂਡ ਬਾਹਰਾ ਗਰੁੱਪ ਵੱਲੋਂ ਨਾ ਸਿਰਫ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਸਗੋਂ ਸਮੇਂ ਸਮੇਂ ਸਿਰ ਸਮਾਜ ਸੇਵੀ ਕੰਮ ਵੀ ਕੀਤੇ ਜਾਂਦੇ ਹਨ। ਮੈਡੀਕਲ ਕੈਂਪ ਲਗਾਉਣੇ ਵੀ ਇਸੇ ਕੜੀ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਿਲਸਿਲਾ ਜਾਰੀ ਰੱਖਿਆ ਜਾਵੇਗਾ।