
ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵਿੱਚ ਧੀਆਂ ਦੀ ਲੋਹੜੀ ਮਨਾਈ
ਕੁੜੀਆਂ ਦੇ ਨਾਮ ਰਿਹਾ ਲੋਹੜੀ ਦਾ ਤਿਉਹਾਰ, ਰੰਗਾਰੰਗ ਪ੍ਰੋਗਰਾਮ, ਡਾਂਸ ਤੇ ਗੀਤਾਂ ਦੀ ਲੱਗੀ ਛਹਿਬਰ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਜਨਵਰੀ:
ਰਿਆਤ ਐਂਡ ਬਾਹਰਾ ਯੂਨੀਵਰਸਿਟੀ ਕੈਂਪਸ ਵਿੱਚ ਲੋਹੜੀ ਦਾ ਤਿਉਹਾਰ ਪੂਰੇ ਜੋਸ਼, ਆਨੰਦ ਅਤੇ ਵਧਾਈਆਂ ਦੇ ਮਾਹੌਲ ਵਿੱਚ ਮਨਾਇਆ ਗਿਆ। ਸਮਾਜ ਵਿੱਚ ਕੁੜੀਆਂ ਪ੍ਰਤੀ ਬੁਰਾਈਆਂ ਦੇ ਖਾਤਮੇ ਦੀ ਸੋਚ ਨੂੰ ਸਮਰਪਿਤ ਇਸ ਲੋਹੜੀ ਦੇ ਤਿਉਹਾਰ ਮੌਕੇ ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਅਤੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਲੋਹੜੀ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ਵੱਲੋਂ ਪੰਜਾਬੀ ਬੋਲੀਆਂ ਨਾਲ ਪੇਸ਼ ਕੀਤੇ ਗਏ ਗਿੱਧੇ ਨਾਲ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।
ਇਸ ਮੌਕੇ ਸ੍ਰੀ ਗੁਰਵਿੰਦਰ ਸਿਘ ਬਾਹਰਾ ਨੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਸਮੇਤ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਮਾਤਮਾ ਸਾਰੀਆਂ ਲੜਕੀਆਂ ਨੂੰ ਉਹ ਸਾਰੀਆਂ ਖੁਸ਼ੀਆਂ ਬਖਸ਼ੇ ਜਿਸ ਨਾਲ ਉਹ ਆਪਣੇ ਜੀਵਨ ਦਾ ਟੀਚਾ ਜਲਦੀ ਤੋਂ ਜਲਦੀ ਪ੍ਰਾਪਤ ਕਰ ਸਕਣ। ਇਸ ਮੌਕੇ ਵਾਈਸ ਚਾਂਸਲਰ ਡਾ.ਰਾਜ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਲੜਕਿਆਂ ਦੀ ਤਰ੍ਹਾਂ ਲੜਕੀਆਂ ਨੂੰ ਵੀ ਬਰਾਬਰ ਦਾ ਦਰਜਾ ਦੇਣ ਦੀ ਜਰੂਰਤ ਹੈ। ਜੇਕਰ ਮੌਕਾ ਦਿੱਤਾ ਜਾਵੇ ਤਾਂ ਸਮਾਜ ਵਿੱਚ ਲੜਕੀਆਂ ਵੀ ਆਪਣੀ ਪ੍ਰਤੀਭਾ, ਕਲਾ ਅਤੇ ਕੁਸ਼ਲਤਾ ਦਿਖਾ ਸਕਦੀਆਂ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਮੂੰਗਫਲੀ,ਰੇੜੀਆਂ ਅਤੇ ਗੱਚਕ ਆਦਿ ਵੀ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮੂਹ ਕਾਲਜਾਂ ਦੇ ਡੀਨ, ਡਾਇਰੈਕਟਰ ਅਤੇ ਫੈਕਲਟੀ ਮੈਂਬਰ ਵੀ ਮੌਜੂਦ ਰਹੇ।