Share on Facebook Share on Twitter Share on Google+ Share on Pinterest Share on Linkedin ਰਜੀਆ ਸੁਲਤਾਨਾ ਵੱਲੋਂ ਪੰਜਾਬ ਵਿੱਚ ਲਿੰਗ ਅਨੁਪਾਤ ਵਿੱਚ ਵਧੇਰੇ ਸੁਧਾਰ ਆਉਣ ਦਾ ਦਾਅਵਾ ਲੜਕੀਆਂ ਨੂੰ ਕਲਪਨਾ ਚਾਵਲਾ ਤੋਂ ਪ੍ਰੇਰਨਾ ਲੈਣ ਦੀ ਲੋੜ: ਰਜੀਆ ਸੁਲਤਾਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ: ਪੰਜਾਬ ਸਰਕਾਰ ਵੱਲੋਂ ਅੌਰਤਾਂ ਦੀ ਬਿਹਤਰੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਜ਼ਿਲ੍ਹਾ ਤਰਨ ਤਾਰਨ ਵਿੱਚ ਲਿੰਗ ਅਨੁਪਾਤ ਵਿੱਚ ਵੱਡੇ ਪੱਧਰ ’ਤੇ ਹੋਏ ਸੁਧਾਰ ਸਦਕਾ ਮਹਿਲਾ ਸਸ਼ਕਤੀਕਰਨ ਤਹਿਤ ਰਾਸ਼ਟਰਪਤੀ ਐਵਾਰਡ ਲਈ ਪੰਜਾਬ ਨੂੰ ਚੁਣਿਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਇੱਥੇ ਸੁਖ ਸ਼ਾਂਤੀ ਭਵਨ, ਫੇਜ਼-7 ਵਿਖੇ ਬ੍ਰਹਮ ਕੁਮਾਰੀਆਂ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਬੰਧੀ ‘ਵਿਮੈੱਨ: ਦਿ ਟੌਰਚ ਬੀਅਰਰ ਆਫ਼ ਵੈਲਿਊ ਬੇਸਡ ਸੁਸਾਇਟੀ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਅੌਰਤਾਂ ਦੀ ਬਿਹਤਰੀ ਲਈ ਇਹ ਜ਼ਰੂਰੀ ਹੈ ਕਿ ਉਹ ਅਧਿਆਤਮਿਕਤਾ ਦੇ ਆਧਾਰ ’ਤੇ ਆਪਣੇ ਅੰਦਰਲੀ ਤਾਕਤ ਦੀ ਪਛਾਣ ਕਰਨ। ਉਨ੍ਹਾਂ ਆਖਿਆ ਕਿ ਅੱਜ ਹਰ ਖੇਤਰ ਵਿੱਚ ਅੌਰਤਾਂ ਅੱਗੇ ਵੱਧ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਅੌਰਤ ਇਸ ਗੱਲ ਦਾ ਨਿਸ਼ਚਾ ਕਰੇ ਕਿ ਉਹ ਵੀ ਦੁਨੀਆਂ ਵਿੱਚ ਬੁਲੰਦੀਆਂ ਹਾਸਲ ਕਰਨ ਵਾਲੀਆਂ ਅੌਰਤਾਂ ਵਿੱਚ ਸ਼ੁਮਾਰ ਹੋਵੇਗੀ। ਉਨ੍ਹਾਂ ਨੇ ਬ੍ਰਹਮ ਕੁਮਾਰੀਆਂ ਵੱਲੋਂ ਸਮਾਜ ਨੂੰ ਸੁਚੱਜੀ ਸੇਧ ਦੇਣ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਖ਼ੁਦ ਵੀ ਬ੍ਰਹਮ ਕੁਮਾਰੀਆਂ ਵੱਲੋਂ ਦਿੱਤੇ ਜਾਂਦੇ ਸੁਨੇਹੇ ਦੀ ਪਾਲਣਾ ਲਈ ਯਤਨਸ਼ੀਲ ਹਨ ਤੇ ਅਜਿਹੇ ਸੈਮੀਨਾਰ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਜੇ ਇੱਕ ਅੌਰਤ ਸਿੱਖਿਅਤ ਹੁੰਦੀ ਹੈ ਤਾਂ ਉਹ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਵੀ ਸਿੱਖਿਅਤ ਕਰ ਕੇ ਗੁਣਾਂ ’ਤੇ ਆਧਾਰਿਤ ਨਰੋਏ ਸਮਾਜ ਦੀ ਸਿਰਜਣਾ ਵਿੱਚ ਮੋਹਰੀ ਭੂਮਿਕਾ ਨਿਭਾਅ ਸਕਦੀ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਦੌਰ ਵਿੱਚ ਬਾਹਰੀ ਦਿਖ ਦੇ ਸ਼ਿੰਗਾਰ ਉਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਪਰ ਰੂਹ ਦਾ ਸ਼ਿੰਗਾਰ ਬਾਹਰੀ ਦਿਖ ਨਾਲੋਂ ਅਹਿਮ ਹੈ ਤੇ ਬ੍ਰਹਮ ਕੁਮਾਰੀਆਂ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਹਨ, ਉਹ ਸਮਾਜ ਵਿਚਲੀਆਂ ਕੁਰੀਤੀਆਂ ਦੇ ਖ਼ਾਤਮੇ ਲਈ ਅਹਿਮ ਹਨ। ਇਸ ਮੌਕੇ ਬ੍ਰਹਮ ਕੁਮਾਰੀਆਂ ਵੱਲੋਂ ਸ੍ਰੀਮਤੀ ਰਜ਼ੀਆ ਸੁਲਤਾਨਾ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਰੇਡੀਓ, ਚੰਡੀਗੜ੍ਹ ਦੀ ਸਟੇਸ਼ਨ ਡਾਇਰੈਕਟਰ ਸ੍ਰੀਮਤੀ ਪੂਨਮ ਅੰਮ੍ਰਿਤ ਸਿੰਘ, ਰਾਜਯੋਗ ਸੈਂਟਰ ਰੂਪਨਗਰ ਦੀ ਇੰਚਾਰਜ ਬ੍ਰਹਮ ਕੁਮਾਰੀ ਰਮਾ ਅਤੇ ਰਾਜਯੋਗ ਸੈਂਟਰ ਅਤੇ ਮੁਹਾਲੀ ਸਰਕਲ ਦੀ ਡਾਇਰੈਕਟਰ ਪ੍ਰੇਮਲਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ