ਰਜ਼ੀਆ ਸੁਲਤਾਨਾ ਵੱਲੋਂ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ 100 ਫੀਸਦੀ ਇਮਾਨਦਾਰੀ ਵਰਤਨ ਦੇ ਆਦੇਸ਼

ਵੱਖ-ਵੱਖ ਵਿੰਗਾਂ ਦੇ ਕਾਰਜਕਾਰੀ ਇੰਜੀਨੀਅਰਾਂ ਤੇ ਐਸਡੀਓਜ਼ ਨਾਲ ਉੱਚ ਪੱਧਰੀ ਮੀਟਿੰਗ ’ਚ ਕੀਤੀ ਸਮੀਖਿਆ

ਵਿਕਾਸ ਕਾਰਜ ਮਿੱਥੇ ਸਮੇਂ ਸਿਰ ਵਿੱਚ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਪੁਰੀ ਲਗਨ ਤੇ ਮਿਹਨਤ ਨਾਲ ਕੰਮ ਕਰਨ ਦੀ ਹਦਾਇਤ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਅਪਰੈਲ:
ਪੰਜਾਬ ਦੀ ਲੋਕ ਨਿਰਮਾਣ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਸੂਬੇ ਦੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਨ ਆਦੇਸ਼ ਦਿੱਤੇ ਹਨ। ਉਨਾਂ ਕਿਹਾ ਕਿ ਵਿਭਾਗੀ ਕੰਮਾਂ ਵਿੱਚ ਕਿਸੇ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪਸ਼ੱਟ ਤੌਰ ’ਤੇ ਕਿਹਾ ਕਿ,‘‘ਮੈਂ ਤੁਹਾਡੇ ਸਾਹਮਣੇ ਸਹੁੰ ਖਾਂਦੀ ਹਾਂ ਕਿ ਮੈਂ ਨਾ ਤਾਂ ਖੁਦ ਭ੍ਰਿਸ਼ਟਾਚਾਰ ਕਰਾਂਗੀ ਅਤੇ ਤੁਹਾਨੂੰ ਸਲਾਹ ਦਿੰਦੀ ਹਾਂ ਕਿ ਤੁਸੀਂ ਸਾਰੇ ਵੀ ਦਫ਼ਤਰੀ ਕੰਮਕਾਜ ਅਤੇ ਵਿਕਾਸ ਕਾਰਜਾਂ ਵਿਚ 100 ਫੀਸਦੀ ਈਮਾਨਦਾਰੀ ਅਤੇ ਪਾਰਦਰਸ਼ਤਾ ਲਿਆਉਣੀ ਯਕੀਨੀ ਬਣਾਓ।’’ ਉਨ੍ਹਾਂ ਨੇ ਅੱਜ ਇਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਸੂਬੇ ਵਿੱਚ ਚਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿਚ ਵਿਭਾਗ ਦੇ ਵੱਖੋ-ਵੱਖ ਵਿੰਗਾਂ ਦੇ ਕਾਰਜਕਾਰੀ ਇੰਜੀਨੀਅਰਾਂ ਅਤੇ ਐਸ.ਡੀ.ਓਜ਼. ਨੇ ਸ਼ਾਮਲ ਹੋਏ।
ਰਜ਼ੀਆ ਸੁਲਤਾਨਾ ਨੇ ਅਧਿਕਾਰੀ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸੂਬੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਮੁਕੰਮਲ ਕੀਤਾ ਜਾਵੇ ਅਤੇ ਇਨ੍ਹਾਂ ਸਬੰਧੀ ਨਿਰਧਾਰਿਤ ਸਮਾਂ ਸੀਮਾ ਤੇ ਗੁਣਵੱਤਾ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਅਫਸਰਾਂ ਨੂੰ ਤੈਨਾਤੀਆਂ ਅਤੇ ਤਬਾਦਲਿਆਂ ਸਬੰਧੀ ਨੱਠ-ਭੱਜ ਤੋਂ ਗੁਰੇਜ਼ ਕਰਨ ਲਈ ਕਿਹਾ। ਉਨਾਂ ਕਿਹਾ ਕਿ ਭਵਿੱਖ ’ਚ ਤਬਾਦਲੇ ਅਤੇ ਤੈਨਾਤੀਆਂ ਨਿਰੋਲ ਮੈਰਿਟ ਦੇ ਆਧਾਰ ਉੱਤੇ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਵਿੱਚ ਸਬੰਧਤ ਅਫਸਰ ਦੀ ਸਖ਼ਤ ਮਿਹਨਤ, ਇਮਾਨਦਾਰੀ ਅਤੇ ਸੁਚੱਜੀ ਕਾਰਗੁਜ਼ਾਰੀ ਨੂੰ ਵੀ ਜ਼ੇਰੇ ਧਿਆਨ ਰੱਖਿਆ ਜਾਵੇਗਾ।
ਇਸ ਤੋਂ ਪਹਿਲਾਂ ਸੀਨੀਅਰ ਆਈਏਐਸ ਅਫ਼ਸਰ ਤੇ ਵਿਭਾਗ ਦੇ ਸਕੱਤਰ ਸ੍ਰੀ ਹੁਸਨ ਲਾਲ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਵਿਕਾਸ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ’ਚ ਆ ਰਹੀਆਂ ਅੌਕੜਾਂ ਬਾਰੇ ਖੁੱਲ੍ਹ ਕੇ ਦੱਸਣ ਲਈ ਕਿਹਾ। ਇਸ ਮੀਟਿੰਗ ਮੌਕੇ ਅਧਿਕਾਰੀਆਂ ਵਲੋਂ ਜ਼ਮੀਨ ਦੇ ਅਧਿਗ੍ਰਹਿਣ, ਜੰਗਲਾਤ ਮਹਿਕਮੇ ਦੀ ਇਜਾਜ਼ਤ ਅਤੇ ਬਿਜਲੀ ਦੇ ਖੰਭਿਆਂ ਨੂੰ ਤਬਦੀਲ ਕਰਨ ਆਦਿ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਅਫਸਰਾਂ ਵਲੋਂ ਸਟਾਫ ਦੀ ਕਮੀ, ਫੰਡਾਂ ਦਾ ਨਿਯਮਿਤ ਤੌਰ ਉੱਤੇ ਉਪਲਬਧ ਨਾ ਹੋਣਾ ਅਤੇ ਤਰੱਕੀਆਂ ਵਿੱਚ ਹੁੰਦੀ ਦੇਰੀ ਬਾਰੇ ਵੀ ਮੰਤਰੀ ਸਾਹਿਬਾ ਨੂੰ ਜਾਣੂ ਕਰਵਾਇਆ। ਮੀਟਿੰਗ ਵਿੱਚ ਸ਼ਾਮਲ ਅਫਸਰਾਂ ਵਲੋਂ ਮੰਤਰੀ ਸਾਹਿਬਾ ਨੂੰ ਤੈਨਾਤੀਆਂ ਅਤੇ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਸੁਧਾਰ ਕਰਨ ਲਈ ਬੇਨਤੀ ਕੀਤੀ ਗਈ। ਇਸ ਦੇ ਜਵਾਬ ਵਿੱਚ ਮੰਤਰੀ ਸਾਹਿਬਾ ਨੇ ਕਿਹਾ ਕਿ ਜੰਗਲਾਤ ਮਹਿਕਮੇ ਦੀ ਇਜਾਜ਼ਤ ਦਾ ਮਸਲਾ ਛੇਤੀ ਹੀ ਸੁਲਝਾ ਲਿਆ ਜਾਵੇਗਾ ਕਿਉਂ ਜੋ ਜੰਗਲਾਤ ਮੰਤਰੀ ਨਾਲ ਉਨ੍ਹਾਂ ਦੀ ਅੱਜ ਸਵੇਰੇ ਹੀ ਮੀਟਿੰਗ ਹੋਈ ਹੈ ਜਿਸ ਵਿੱਚ ਜੰਗਲਾਤ ਮੰਤਰੀ ਵਲੋਂ ਇਸ ਮਸਲੇ ਸਬੰਧੀ ਛੇਤੀ ਹੀ ਫੈਸਲਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਮੰਤਰੀ ਸਾਹਿਬਾ ਨੇ ਅਫਸਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੁਆਰਾ ਰੱਖੀਆਂ ਗਈਆਂ ਸਮੱਸਿਆਵਾਂ ਅਤੇ ਹੱਕੀ ਮੰਗਾਂ ਦਾ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਚੀਫ ਇੰਜੀਨੀਅਰ ਏ.ਕੇ. ਸਿੰਗਲਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …