
ਅਫ਼ਗਾਨੀ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਸ਼ਰਨ ਦਿਵਾਉਣ ਲਈ ਯੂਐਨਓ ਤੱਕ ਕੀਤੀ ਪਹੁੰਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ
ਪੰਜਾਬ ਅਗੇਂਸਟ ਕੁਰੱਪਸ਼ਨ ਅਤੇ ਅੰਤਰ ਰਾਸ਼ਟਰੀ ਇਨਕਲਾਬੀ ਮੰਚ (ਰਜਿ:) ਵੱਲੋਂ ਕਾਬੁਲ ਗੁਰਦੁਆਰੇ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਆਨਲਾਈਨ ਮੀਟਿੰਗ ਸੱਦੀ ਗਈ। ਜਿਸ ਵਿੱਚ ਲਗਭਗ 18 ਦੇਸ਼ਾਂ ਦੇ ਕਾਰਕੁਨਾਂ ਨੇ ਭਾਗ ਗਿਆ। ਮੀਟਿੰਗ ਵਿੱਚ ਅਫਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰੇ ’ਤੇ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮਤਾ ਪਾਸ ਕਰਕੇ ਇਸ ਮਾਮਲੇ ਨੂੰ ਯੂਐਨਓ ਦੀ ਸੰਸਥਾ ਇੰਡੀਅਨ ਫੈਡਰੇਸ਼ਨ ਆਫ਼ ਸੰਯੁਕਤ ਰਾਸ਼ਟਰ ਸੰਘ ਕੋਲ ਉਠਾਇਆ ਗਿਆ। ਮਤੇ ਵਿੱਚ ਅਫਗਾਨਿਸਤਾਨ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੀ ਜਾਨ ਮਾਲ ਦੀ ਰਖਵਾਲੀ ਵਾਸਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਸ਼ਰਨ ਦੇਣ ਲਈ ਮਾਮਲਾ ਉਠਾਇਆ ਗਿਆ।
ਇਸ ਤੋਂ ਬਾਅਦ ਦੋਵੇਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਇੰਡੀਅਨ ਫੈਡਰੇਸ਼ਨ ਆਫ ਸੰਯੁਕਤ ਰਾਸ਼ਟਰ ਸੰਘ ਦੇ ਮੀਤ ਪ੍ਰਧਾਨ ਹਰਚਰਨ ਸਿੰਘ ਰਨੌਤਾ ਨਾਲ ਮਿਲ ਕੇ ਇਸ ਮਸਲੇ ਸਬੰਧੀ ਆਪਣੇ ਵਿਚਾਰ ਪ੍ਰਗਟਾਏ ਗਏ ਅਤੇ ਇੱਕ ਮੈਮੋਰੰਡਮ ਵੀ ਸੌਂਪਿਆ ਗਿਆ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦਸਿਆ ਕਿ ਇਸ ਮੌਕੇ ਹਰਚਰਨ ਸਿੰਘ ਰਨੌਤਾ ਨੇ ਕਿਹਾ ਕਿ ਉਹ ਖ਼ੁਦ ਕਾਬੁਲ ਗੁਰਦੁਆਰੇ ਤੇ ਹਮਲੇ ਦੇ ਮਾਮਲੇ ਵਿੱਚ ਕਾਫ਼ੀ ਦੁੱਖ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਕਰਤਾ ਪਰਵਾਨ ਸਾਹਿਬ ਤੇ ਹਮਲਾ ਕਰਨ ਅਤੇ ਉਸ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਇਸਲਾਮੀ ਅੱਤਵਾਦੀਆਂ ਦੀ ਵਹਿਸ਼ੀਆਨਾ ਕਾਰਵਾਈ ਉਨ੍ਹਾਂ ਦੀ ਕੱਟੜਤਾ ਅਤੇ ਅਗਿਆਨਤਾ ਨੂੰ ਦਰਸਾਉੱਦੀ ਹੈ।
ਉਹਨਾਂ ਕਿਹਾ ਕਿ ਚਾਰ ਘੰਟੇ ਚੱਲੀ ਗੋਲੀਬਾਰੀ ਅਤੇ 20 ਤੋੱ ਵੱਧ ਬੰਬਾਂ ਦੇ ਧਮਾਕੇ ਨੇ ਗੁਰਦੁਆਰੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਇੱਕ ਪਾਠੀ, ਇੱਕ ਸੁਰੱਖਿਆ ਗਾਰਡ ਅਤੇ ਤਾਲਿਬਾਨ ਬਲਾਂ ਦੇ ਇੱਕ ਮੈਂਬਰ ਸਮੇਤ ਤਿੰਨ ਵਿਅਕਤੀ ਮਾਰੇ ਗਏ। ਕਦੇ 70,000 ਤੋਂ ਵੱਧ ਦਾ ਅਫਗਾਨ ਸਿੱਖ ਭਾਈਚਾਰਾ ਹੁਣ ਸਿਰਫ 161 ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਨਾਂ ਤੇ ਹਿੰਸਾ ਅਤੇ ਖੂਨ-ਖਰਾਬਾ ਇਸਲਾਮ ਦੀਆਂ ਸਿੱਖਿਆਵਾਂ ਦਾ ਵੀ ਅਪਮਾਨ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਸੰਪਰਕ ਵਿੱਚ ਪਹਿਲਾਂ ਹੀ ਹਨ। ਭਾਵੇੱ ਭਾਰਤ ਸਰਕਾਰ ਨੇ ਈ ਵੀਜ਼ਾ ਜਾਰੀ ਕੀਤਾ ਹੈ ਪਰ ਅਫਗਾਨ ਦੇ ਕਰੋੜਪਤੀ ਸਿੱਖਾਂ ਨੂੰ ਖਾਲੀ ਹੱਥ ਭਾਰਤ ਆਉਣਾ ਪਏਗਾ ਅਤੇ ਭਾਰਤ ਵਿੱਚ ਪਹਿਲਾਂ ਹੀ ਬੇਰੁਜ਼ਗਾਰੀ ਹੈ ਇਸ ਲਈ ਯਤਨ ਕੀਤੇ ਜਾ ਰਹੇ ਹਨ ਕਿ ਇਨ੍ਹਾਂ ਅਫਗਾਨੀ ਸਿੱਖਾਂ ਨੂੰ ਯੂਰਪ, ਅਮਰੀਕਾਂ ਅਤੇ ਕੈਨੇਡਾ ਆਦਿ ਦੇਸ਼ਾਂ ਵਿੱਚ ਸ਼ਰਨ ਅਤੇ ਰੋਜ਼ਗਾਰ ਮੁਹੱਈਆ ਕਰਾਇਆ ਜਾਵੇ। ਇਸ ਮੌਕੇ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਵਿੱਚ ਲਵਨੀਤ ਠਾਕੁਰ, ਮਨਪ੍ਰੀਤ ਸਿੰਘ ਅਤੇ ਇੰਡੀਅਨ ਫੈਡਰੇਸ਼ਨ ਆਫ ਸੰਯੁਕਤ ਰਾਸ਼ਟਰ ਸੰਘ ਦੇ ਅਧਿਕਾਰੀ ਸ਼ਾਮਲ ਸਨ।