nabaz-e-punjab.com

ਰਿਆਨ ਪਬਲਿਕ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਿਫ਼ਾਰਸ਼

ਨਿੱਜੀ ਸਕੂਲ ਵੱਲੋਂ ਅੱਠਵੀਂ ਜਮਾਤ ਦੀ ਦਲਿਤ ਵਿਦਿਆਰਥਣ ਦਾ ਸਰਟੀਫਿਕੇਟ ਰੋਕਣ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਮੁਹਾਲੀ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ ਦੀ ਧੱਕੇਸ਼ਾਹੀ ਵਿਰੁੱਧ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਿੱਜੀ ਦਖ਼ਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਇਸ ਤਰ੍ਹਾਂ ਦਲਿਤ ਵਰਗ ਦੀ ਪੀੜਤ ਲੜਕੀ ਨੂੰ ਇਨਸਾਫ਼ ਮਿਲਣ ਦੀ ਆਸ ਬੱਝ ਗਈ ਹੈ। ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਨੇ ਰਿਆਨ ਪਬਲਿਕ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਡੀਸੀ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਐਸਡੀਐਮ ਨੇ ਸਕੂਲ ਪ੍ਰਬੰਧਕਾਂ ਦਾ ਰਵੱਈਆ ਅੜੀਅਲ ਹੋਣ ਦੀ ਗੱਲ ਕਹੀ ਹੈ। ਜਾਂਚ ਅਧਿਕਾਰੀ ਦਾ ਮੰਨਣਾ ਹੈ ਕਿ ਪੀੜਤ ਲੜਕੀ ਨੂੰ ਸਰਟੀਫਿਕੇਟ ਦੇਣਾ ਬਣਦਾ ਹੈ ਤਾਂ ਜੋ ਉਸ ਦਾ ਭਵਿੱਖ ਖ਼ਰਾਬ ਨਾ ਹੋ ਸਕੇ। ਉਂਜ ਐਸਡੀਐਮ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਜੇਕਰ ਉਨ੍ਹਾਂ ਵਿਚਕਾਰ ਪੈਸਿਆਂ ਦਾ ਕੋਈ ਵਿਵਾਦ ਚੱਲ ਰਿਹਾ ਹੈ ਤਾਂ ਸਕੂਲ ਸਮਰੱਥ ਅਧਿਕਾਰੀ ਕੋਲ ਚਾਰਾਜੋਈ ਕਰ ਸਕਦਾ ਹੈ ਪਰ ਬੱਚੇ ਦੇ ਭਵਿੱਖ ਨਾਲ ਖਿਲਵਾੜ ਕਿਸੇ ਵੀ ਸੂਰਤ ਵਿੱਚ ਨਹੀਂ ਕੀਤਾ ਜਾ ਸਕਦਾ।
ਅਨੁਸੂਚਿਤ ਜਾਤੀਆਂ ਕਮਿਸ਼ਨਰ ਦੇ ਹੁਕਮਾਂ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਵਿਭਾਗ ਵੱਖਰੇ ਤੌਰ ’ਤੇ ਜਾਂਚ ਕਰ ਰਿਹਾ ਹੈ। ਨਿੱਜੀ ਸਕੂਲ ’ਤੇ ਗਰੀਬ ਪਰਿਵਾਰ ਦੀ ਲੜਕੀ ਪ੍ਰੀਤ ਕੌਰ ਨੂੰ ਅੱਠਵੀਂ ਪਾਸ ਦਾ ਸਰਟੀਫਿਕੇਟ ਜਾਰੀ ਨਾ ਕਰਨ ਦਾ ਦੋਸ਼ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਲਗਾਤਾਰ ਕੇਸ ਦੀ ਪੈਰਵੀ ਕਰਦੇ ਆ ਰਹੇ ਹਨ।
ਐਸਡੀਐਮ ਦੀ ਰਿਪੋਰਟ ਅਨੁਸਾਰ ਪੀੜਤ ਲੜਕੀ ਦੇ ਪਿਤਾ ਵਿਕਰਮਜੀਤ ਸਿੰਘ ਵਾਸੀ ਪਿੰਡ ਬਾਕਰਪੁਰ ਨੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਪੜਤਾਲ ਲਈ ਦੋਵਾਂ ਧਿਰਾਂ ਨੂੰ 10, 15, 16 ਅਤੇ 17 ਨਵੰਬਰ ਨੂੰ ਟੈਲੀਫੋਨ ਰਾਹੀਂ ਤਲਬ ਕੀਤਾ ਗਿਆ। ਸਕੂਲ ਪ੍ਰਿੰਸੀਪਲ ਨੇ ਪੇਸ਼ ਹੋ ਕੇ ਦੱਸਿਆ ਕਿ ਕਰੋਨਾ ਦੌਰਾਨ ਕਲਾਸਾਂ ਆਨਲਾਈਨ ਲਗਾਈਆਂ ਜਾਂਦੀਆਂ ਸਨ। ਹਰੇਕ ਬੱਚੇ ਨੂੰ ਆਨਲਾਈਨ ਕਲਾਸਾਂ ਲਗਾ ਕੇ ਪੜਾਇਆ ਜਾਂਦਾ ਸੀ। ਸ਼ਿਕਾਇਤਕਰਤਾ ਦੀ ਬੇਟੀ ਨੂੰ ਵੀ ਆਨਲਾਈਨ ਕਲਾਸਾਂ ਲਗਾਈਆਂ ਗਈਆਂ ਸਨ। ਇਸ ਸਬੰਧੀ ਸਕੂਲ ਨੂੰ ਰਿਕਾਰਡ ਪੇਸ਼ ਕਰਨ ਲਈ ਮੌਕੇ ’ਤੇ ਹਦਾਇਤ ਕੀਤੀ ਗਈ। ਸਕੂਲ ਅਥਾਰਟੀ ਨੇ ਨਾ ਹੀ ਰਿਕਾਰਡ ਪੇਸ਼ ਕੀਤਾ ਅਤੇ ਨਾ ਹੀ ਲਿਖਤੀ ਜਵਾਬ ਵਿੱਚ ਰਿਕਾਰਡ ਦਾ ਕੋਈ ਜ਼ਿਕਰ ਕੀਤਾ। ਇਸ ਗੱਲ ’ਤੇ ਹੀ ਅੜੇ ਰਹੇ ਸਕੂਲ ਦੀ ਫੀਸ ਭਰ ਕੇ ਹੀ ਸਕੂਲ ਲੀਵਿੰਗ ਸਰਟੀਫਿਕੇਟ ਦਿੱਤਾ ਜਾਵੇਗਾ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸ਼ਿਕਾਇਤਕਰਤਾ ਦੇ ਦੋ ਬੱਚੇ ਉਕਤ ਸਕੂਲ ਵਿੱਚ ਪੜ੍ਹਦੇ ਸਨ ਅਤੇ ਸਮੇਂ ਸਿਰ ਫੀਸ ਅਦਾ ਕੀਤੀ ਜਾਂਦੀ ਸੀ ਪ੍ਰੰਤੂ ਅਚਾਨਕ ਕਰੋਨਾ ਦਾ ਪ੍ਰਕੋਪ ਵਧਣ ਕਾਰਨ ਸਕੂਲ ਬੰਦ ਹੋ ਗਏ ਅਤੇ ਸ਼ਿਕਾਇਤਕਰਤਾ ਦਾ ਕੰਮ ਵੀ ਛੁੱਟ ਗਿਆ। ਜਿਸ ਕਾਰਨ ਉਹ ਆਪਣੀ ਬੇਟੀ ਨੂੰ ਫੋਨ ਲੈ ਕੇ ਨਹੀਂ ਦੇ ਸਕਿਆ। ਜਿਸ ਕਾਰਨ ਉਸ ਦੀ ਬੇਟੀ ਆਨਲਾਈਨ ਕਲਾਸਾਂ ਅਟੈਂਡ ਨਹੀਂ ਕਰ ਸਕੀ। ਆਰਥਿਕ ਤੰਗੀ ਕਾਰਨ ਅਗਲੇ ਸੈਸ਼ਨ ਵਿੱਚ ਉਸ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਲੇਕਿਨ ਨਿੱਜੀ ਸਕੂਲ ਨੇ ਸਰਟੀਫਿਕੇਟ ਨਹੀਂ ਦਿੱਤਾ। ਉਸ ਦੀ ਬੇਟੀ ਸਰਕਾਰੀ ਸਕੂਲ ਬਾਕਰਪੁਰ ਵਿੱਚ ਦਸਵੀਂ ਵਿੱਚ ਪੜ੍ਹ ਰਹੀ ਹੈ। ਲੇਕਿਨ ਅੱਠਵੀਂ ਦਾ ਸਰਟੀਫਿਕੇਟ ਨਾ ਹੋਣ ਕਰਕੇ ਹੁਣ ਉਹ ਦਸਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਨਹੀਂ ਹੋ ਸਕਦੀ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…