
ਮੁਹਾਲੀ ਨਗਰ ਨਿਗਮ ਦਫ਼ਤਰ ’ਚੋਂ ਟਰੀ-ਪਰੂਨਿੰਗ ਮਸ਼ੀਨ ਦਾ ਰਿਕਾਰਡ ਗਾਇਬ
ਸਾਬਕਾ ਕੌਂਸਲਰ ਕੁਲਜੀਤ ਬੇਦੀ ਨੇ ਕੈਬਨਿਟ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਸ਼ਿਕਾਇਤਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਮੁਹਾਲੀ ਨਗਰ ਨਿਗਮ ਦੇ ਦਫ਼ਤਰ ਵਿੱਚ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਟਰੀ-ਪਰੂਨਿੰਗ ਮਸ਼ੀਨ ਦੀ ਖਰੀਦੋ ਫਰੋਖ਼ਤ ਸਬੰਧੀ ਸਰਕਾਰੀ ਰਿਕਾਰਡ ਗਾਇਬ ਹੋ ਜਾਣ ਦਾ ਸਮਾਚਾਰ ਹੈ। ਨਿਗਮ ਦੇ ਸਾਬਕਾ ਕੌਂਸਲਰ ਅਤੇ ਪ੍ਰਸਿੱਧ ਸਮਾਜ ਸੇਵੀ ਕੁਲਜੀਤ ਸਿੰਘ ਬੇਦੀ ਨੇ ਇਸ ਸਬੰਧ ਵਿੱਚ ਨਿਗਮ ਕਮਿਸ਼ਨਰ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ, ਵਧੀਕ ਮੁੱਖ ਸਕੱਤਰ ਅਤੇ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਹਨ। ਸ੍ਰੀ ਬੇਦੀ ਵੱਲੋਂ ਭੇਜੀ ਗਈ ਲਿਖਤੀ ਸ਼ਿਕਾਇਤ ਵਿੱਚ ਉਕਤ ਮਸ਼ੀਨ ਸਬੰਧੀ ਸਰਕਾਰੀ ਰਿਕਾਰਡ ਦਫ਼ਤਰ ਵਿੱਚੋਂ ਗਾਇਬ ਹੋਣ ਸਬੰਧੀ ਐਫ.ਆਈ.ਆਰ. ਦਰਜ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨਿਗਮ ਵੱਲੋਂ ਮਸ਼ੀਨ ਲਈ ਖਰਚ ਕੀਤੇ 89.50 ਲੱਖ ਰੁਪਏ ਸਮੇਤ ਵਿਆਜ ਵਾਪਿਸ ਕਰਵਾਉਣ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੁਹਾਲੀ ਵੱਲੋਂ ਜਨਵਰੀ 2017 ਨੂੰ ਟਰੀ-ਪਰੂਨਿੰਗ ਮਸ਼ੀਨ ਦੀ ਖਰੀਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਟੈਂਡਰ ਲੱਗਣ ਉਪਰੰਤ ਇੱਕ ਕੰਪਨੀ ਨੂੰ 89.50 ਲੱਖ ਰੁਪਏ ਦੀ ਐਡਵਾਂਸ ਪੇਮੈਂਟ ਕਰ ਦਿੱਤੀ ਗਈ ਸੀ। ਬਾਅਦ ਵਿੱਚ ਮਸ਼ੀਨ ਦੀ ਖਰੀਦ ਵਿਵਾਦਾਂ ਵਿੱਚ ਘਿਰਨ ਉਪਰੰਤ ਸਰਕਾਰ ਵੱਲੋਂ ਜਾਂਚ ਕਰਵਾਈ ਗਈ ਸੀ ਅਤੇ ਕੁਝ ਅਧਿਕਾਰੀਆਂ ਨੂੰ ਚਾਰਜਸ਼ੀਟ ਵੀ ਕੀਤਾ ਗਿਆ ਸੀ। ਜਾਂਚ ਦੌਰਾਨ ਪੰਜਾਬ ਸਰਕਾਰ ਨੇ ਮਸ਼ੀਨ ਦੀ ਖਰੀਦ ਵਿੱਚ ਭਾਰੀ ਊਣਤਾਈਆਂ ਪਾਏ ਜਾਣ ’ਤੇ ਨਗਰ ਨਿਗਮ ਵੱਲੋਂ ਖਰਚੇ ਗਏ 89.50 ਲੱਖ ਰੁਪਏ ਦੀ ਰਿਕਵਰੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ ਅਤੇ ਮਸ਼ੀਨ ਦਾ ਟੈਂਡਰ ਰੱਦ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਸਨ।
ਸਰਕਾਰ ਵੱਲੋਂ ਮਸ਼ੀਨ ਦੀ ਖਰੀਦ ਵਿੱਚ ਪਾਈਆਂ ਗਈਆਂ ਊਣਤਾਈਆਂ ਲਈ ਬੀ.ਆਰ. ਬਾਂਸਲ (ਸੇਵਾਮੁਕਤ) ਐਡੀਸ਼ਨਲ ਡਿਸਟ੍ਰਿਕਟ ਐਂਡ ਸ਼ੈਸ਼ਨਜ ਜੱਜ ਨੂੰ ਰੈਗੂਲਰ ਪੜਤਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਜੱਜ ਸਾਹਿਬ ਵੱਲੋਂ ਇਸ ਦੀ ਪੜਤਾਲ ਕਰਨ ਉਪਰੰਤ 20 ਅਕਤੂਬਰ 2019 ਨੂੰ ਸਰਕਾਰ ਕੋਲ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਵਿੱਚ ਮਸ਼ੀਨ ਦੀ ਖਰੀਦ ਸਬੰਧੀ ਊਣਤਾਈਆਂ ਦੀ ਪੁਸ਼ਟੀ ਕੀਤੀ ਗਈ ਸੀ।
ਸ੍ਰੀ ਬੇਦੀ ਨੇ ਕਿਹਾ ਕਿ ਹੁਣ ਤੱਕ ਨਗਰ ਨਿਗਮ ਮੁਹਾਲੀ ਵੱਲੋਂ ਉਕਤ ਮਸ਼ੀਨ ਵਾਲੀ ਕੰਪਨੀ ਨੂੰ ਕੀਤੀ ਗਈ ਐਡਵਾਂਸ ਪੇਮੈਂਟ ਸਮੇਤ ਵਿਆਜ ਇਸ ਸਮੇਂ ਲਗਭਗ 2 ਕਰੋੜ ਰੁਪਏ ਤੋਂ ਉਪਰ ਬਣਦੀ ਹੈ ਜੋ ਕਿ ਹਾਲੇ ਤੱਕ ਵੀ ਨਿਗਮ ਵੱਲੋਂ ਵਾਪਿਸ ਨਹੀਂ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਟਰੀ-ਪਰੂਨਿੰਗ ਮਸ਼ੀਨ ਦੀ ਖਰੀਦ ਅਤੇ ਪੜਤਾਲ ਨਾਲ ਸਬੰਧਤ ਜ਼ਰੂਰੀ ਰਿਕਾਰਡ ਵੀ ਨਿਗਮ ਦਫ਼ਤਰ ਵਿੱਚੋਂ ਗਾਇਬ ਹੈ। ਇਸ ਪ੍ਰਕਾਰ ਨਗਰ ਨਿਗਮ ਨੂੰ ਇਸ ਕੇਸ ਵਿੱਚ 2 ਕਰੋੜ ਤੋਂ ਵੀ ਜ਼ਿਆਦਾ ਰਾਸ਼ੀ ਦਾ ਮਾਲੀ ਨੁਕਸਾਨ ਹੋਇਆ ਹੈ। ਮਸ਼ੀਨ ਸਬੰਧੀ ਨਿਗਮ ਦਫ਼ਤਰ ਵਿੱਚੋਂ ਰਿਕਾਰਡ ਗਾਇਬ ਹੋਣ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਵੀ ਮੰਨੀ ਜਾ ਰਹੀ ਹੈ।
ਸ੍ਰੀ ਬੇਦੀ ਨੇ ਮੰਗ ਕੀਤੀ ਕਿ ਨਗਰ ਨਿਗਮ ਦੇ 2 ਕਰੋੜ ਰੁਪਏ ਦੇ ਵਿੱਤੀ ਨੁਕਸਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਕੇਸ ਦੀ ਫਾਈਲ ਨੂੰ ਤੁਰੰਤ ਟਰੇਸ ਕਰਵਾਇਆ ਜਾਵੇ। ਜੇਕਰ ਇਸ ਫਾਈਲ ਬਾਰੇ ਪਤਾ ਨਹੀਂ ਲੱਗਦਾ ਤਾਂ ਪੁਲਿਸ ਕੇਸ ਦਰਜ ਕਰਵਾਇਆ ਜਾਵੇ। ਇਸ ਦੇ ਨਾਲ ਹੀ ਨਿਗਮ ਦੇ ਪੈਸੇ ਦੀ ਤੁਰੰਤ ਰਿਕਵਰੀ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਕਤ ਮਸ਼ੀਨ ਦੇ ਰਿਕਾਰਡ ਗਾਇਬ ਹੋਣ ਸਬੰਧੀ ਅਤੇ ਪੈਸੇ ਦੀ ਰਿਕਵਰੀ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਜ਼ਬੂਰ ਹੋ ਕੇ ਇਸ ਸਾਜਿਸ਼ ਨੂੰ ਬੇਨਕਾਬ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਅਤੇ ਪੈਸੇ ਦੀ ਰਿਕਵਰੀ ਕਰਵਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜ਼ਬੂਰ ਹੋਣਗੇ।