ਬਲੌਂਗੀ ਥਾਣੇ ਸਾਹਮਣੇ ਲੱਗਦੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਤੋਂ ਪੈਸਿਆਂ ਵਸੂਲੀ ਦਾ ਮਾਮਲਾ ਭਖਿਆ

ਕਮੇਟੀ ਕਮੇਟੀ ਅਤੇ ਗਰਾਮ ਪੰਚਾਇਤ ਆਹੋ ਸਾਹਮਣੇ, ਇਕ ਦੂਜੇ ’ਤੇ ਦੂਸ਼ਣਬਾਜ਼ੀ, ਸਰਪੰਚ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਮੁਹਾਲੀ ਦੀ ਜੂਹ ਵਿੱਚ ਬਲੌਂਗੀ ਥਾਣੇ ਦੇ ਬਿਲਕੁਲ ਸਾਹਮਣੇ ਦਸਹਿਰਾ ਗਰਾਉਂਡ ਵਿੱਚ ਰੋਜ਼ਾਨਾ ਲੱਗਣ ਵਾਲੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਤੋਂ ਪੈਸਿਆਂ ਦੀ ਵਸੂਲੀ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਪਿੰਡ ਵਾਸੀਆਂ ਅਤੇ ਗਰਾਮ ਪੰਚਾਇਤ ਵੱਲੋਂ ਇੱਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਜਦੋਂਕਿ ਮੁਹਾਲੀ ਪ੍ਰਸ਼ਾਸਨ ਅਤੇ ਪੁਲੀਸ ਮੂਕ ਦਰਸ਼ਕ ਬਣੀ ਹੋਈ ਹੈ। ਬਲੌਂਗੀ ਗਰਾਮ ਸਭਾ ਦੇ ਜਨਰਲ ਇਜਲਾਸ ਦੌਰਾਨ ਮੰਡੀ ਦੀ ਪਰਚੀ ਕੱਟਣ ਲਈ ਗਠਿਤ 11 ਮੈਂਬਰੀ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਬਿੰਦਾ, ਅੰਗਰੇਜ਼ ਸਿੰਘ, ਐਡਵੋਕੇਟ ਦਲਜੀਤ ਸਿੰਘ ਪੂਨੀਆ, ਪਰਮਜੀਤ ਸਿੰਘ, ਗੁਰਮੇਲ ਸਿੰਘ, ਪੰਚ ਗੁਰਨਾਮ ਸਿੰਘ, ਪੱਪੀ ਬਲੌਂਗੀ ਅਤੇ ਹੋਰਨਾਂ ਵਿਅਕਤੀਆਂ ਨੇ ਦੋਸ਼ ਲਾਇਆ ਕਿ ਸਰਪੰਚ ਵੱਲੋਂ ਕਥਿਤ ਤੌਰ ’ਤੇ ਘਪਲੇਬਾਜ਼ੀ ਕੀਤੀ ਜਾ ਰਹੀ ਸੀ। ਹੁਣ ਜਦੋਂ ਕਮੇਟੀ ਵੱਲੋਂ ਕੰਮ ਸੰਭਾਲ ਜਾਣ ’ਤੇ ਪੰਚਾਇਤ ਦੀ ਆਮਦਨ ਵੱਧ ਗਈ ਹੈ ਤਾਂ ਸਰਪੰਚ ਨੇ ਦੁਕਾਨਦਾਰਾਂ ਨੂੰ ਕਮੇਟੀ ਮੈਂਬਰਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ਹੈ।
ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਹ 27 ਜੂਨ ਤੋਂ ਪੰਚਾਇਤ ਨਾਲ 15 ਤੋਂ 20 ਵਿਅਕਤੀ ਮੰਡੀ ਦੁਕਾਨਦਾਰਾਂ ਦੀ ਪਰਚੀ ਕੱਟ ਰਹੇ ਹਨ ਅਤੇ ਰੋਜ਼ਾਨਾ 12 ਤੋਂ 18 ਹਜ਼ਾਰ ਰੁਪਏ ਇਕੱਠੇ ਕੀਤੇ ਜਾਂਦੇ ਹਨ, ਜਦੋਂਕਿ ਇਸ ਤੋਂ ਪਹਿਲਾਂ ਸਰਪੰਚ ਬਹਾਦਰ ਸਿੰਘ ਸਿਰਫ਼ 6 ਹਜ਼ਾਰ ਆਮਦਨ ਦਿਖਾ ਰਿਹਾ ਸੀ।
ਸਰਪੰਚ ਵੱਲੋਂ ਕੱਟੀ ਜਾਣ ਵਾਲੀ ਰਸੀਦ ਬੁੱਕ ’ਤੇ ਕੋਈ ਨੰਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਰਪੰਚ ਮੰਡੀ ਦੀਆਂ ਪਰਚੀਆਂ ਕੱਟਣ ਵਿੱਚ ਘਪਲੇਬਾਜ਼ੀ ਕਰਦਾ ਆ ਰਿਹਾ ਹੈ। ਸਰਪੰਚ ਵੱਲੋਂ ਮੰਡੀ ਵਿੱਚ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ, ਬਰਸਾਤ ਦੇ ਦਿਨਾਂ ਵਿੱਚ ਦੁਕਾਨਦਾਰਾਂ ਨੂੰ ਚਿੱਕੜ ਵਿੱਚ ਦੁਕਾਨਾਂ ਲਗਾਉਣੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਹਨ। ਜਿਨ੍ਹਾਂ ਨੂੰ ਹੱਲ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ ਗਿਆ। ਕਮੇਟੀ ਮੈਂਬਰਾਂ ਨੇ 27 ਜੂਨ ਤੋਂ 1 ਜੁਲਾਈ ਤੱਕ 58,950 ਰੁਪਏ ਦਾ ਹਿਸਾਬ ਸਰਪੰਚ ਨੂੰ ਦਿੱਤਾ ਸੀ। ਅੰਬੇਦਕਰ ਕਲੋਨੀ ਵਿੱਚ ਜੋ ਨਾਜਾਇਜ਼ ਕਬਜ਼ਿਆਂ ਲਈ ਵੀ ਸਰਪੰਚ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਜਲਦੀ ਹੀ ਸਰਪੰਚ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ ਦੇ ਕੇ ਸਾਰੇ ਘਪਲਿਆਂ ਦੀ ਜਾਂਚ ਕਰਵਾਉਣਗੇ।
ਇਸੇ ਦੌਰਾਨ ਮੰਡੀ ਵਿੱਚ ਰੋਜ਼ਾਨਾ ਦੁਕਾਨਾਂ ਲਗਾਉਣ ਵਾਲੇ ਦੁਕਾਨਦਾਰ ਬਿੱਟੂ, ਵਿਸ਼ਵਜੀਤ, ਗੋਬਿੰਦ, ਅਭਿਸ਼ੇਕ ਨੇ ਕਿਹਾ ਕਿ ਉਨ੍ਹਾਂ ਤੋਂ ਸਰਪੰਚ ਦੇ ਬੰਦੇ ਨੇ ਖਾਲੀ ਪੇਪਰ ’ਤੇ ਇਹ ਕਹਿ ਕੇ ਦਸਖ਼ਤ ਕਰਵਾਏ ਸਨ ਕਿ ਬਲੌਂਗੀ ਵਿੱਚ ਸਫ਼ਾਈ ਕਰਵਾਉਣੀ ਹੈ, ਇਸ ਤਰ੍ਹਾਂ ਦੁਕਾਨਦਾਰਾਂ ਤੋਂ ਧੋਖੇ ਨਾਲ ਦਸਖ਼ਤ ਕਰਵਾ ਕੇ ਸਰਪੰਚ ਨੇ ਕਮੇਟੀ ਮੈਂਬਰਾਂ ਖ਼ਿਲਾਫ਼ ਦਰਖ਼ਾਸਤ ਦਿੱਤੀ ਗਈ।
ਉਧਰ, ਦੂਜੇ ਪਾਸੇ ਪਿੰਡ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਨੇ ਕਮੇਟੀ ਮੈਂਬਰਾਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਮੰਡੀ ਦੁਕਾਨਦਾਰਾਂ ਨੇ ਖ਼ੁਦ ‘ਆਪ’ ਵਿਧਾਇਕ, ਡੀਡੀਪੀਓ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕੋਲ ਅਜਿਹੀਆਂ ਕਈ ਵੀਡੀਓ ਮੌਜੂਦ ਹਨ, ਜਿਨ੍ਹਾਂ ਵਿੱਚ ਕਮੇਟੀ ਮੈਂਬਰ ਮੰਡੀ ਦੇ ਦੁਕਾਨਦਾਰਾਂ ਨੂੰ ਦਬਕੇ ਮਾਰ ਕੇ ਪਰਚੀ ਫੀਸ ਤੋਂ ਵੱਧ ਪੈਸਿਆਂ ਦੀ ਵਸੂਲੀ ਕਰ ਰਹੇ ਹਨ ਜਦੋਂਕਿ ਪੰਚਾਇਤ ਨੂੰ ਸਿਰਫ਼ 60 ਰੁਪਏ ਪ੍ਰਤੀ ਰੇਹੜੀ-ਫੜੀ ਮੁਤਾਬਕ ਹਿਸਾਬ ਦਿੱਤਾ ਜਾ ਰਿਹਾ ਹੈ। ਸਰਪੰਚ ਮੁਤਾਬਕ ਕਮੇਟੀ ਮੈਂਬਰ ਮੰਡੀ ਤੋਂ ਬਾਹਰ ਦੂਰ ਖੜ੍ਹਦੀਆਂ ਰੇਹੜੀਆਂ ਦੀ ਵੀ ਧੱਕੇ ਨਾਲ ਪਰਚੀ ਕੱਟਦੇ ਹਨ। ਸਰਪੰਚ ਨੇ ਕਿਹਾ ਕਿ ਉਹ ਆਪਣੇ ਘਰ ਪਰਚੀ ਨਹੀਂ ਛਾਪਦੇ ਬਲਕਿ ਪਰਚੀਆਂ ਸਰਕਾਰ ਵੱਲੋਂ ਛਾਪ ਕੇ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕੋਲ ਸਾਰਾ ਰਿਕਾਰਡ ਮੌਜੂਦ ਹੈ। ਆਮਦਨ ਵਿੱਚ ਵਾਧਾ ਇਸ ਕਰਕੇ ਹੋਇਆ ਹੈ ਕਿਉਂਕਿ ਕੁੱਝ ਦੁਕਾਨਦਾਰਾਂ ਦੀ ਇਕੱਠੀ ਪਰਚੀ ਕੱਟੀ ਗਈ ਹੈ। ਸਰਪੰਚ ਨੇ ਦਾਅਵਾ ਕੀਤਾ ਕਿ ਅਦਾਲਤੀ ਹੁਕਮਾਂ ਤਹਿਤ ਮੰਡੀ ਵਿੱਚ ਪਰਚੀ ਕੱਟੀ ਜਾ ਰਹੀ ਹੈ। ਅੰਬੇਦਕਰ ਕਲੋਨੀ ਵਿੱਚ ਨਾਜਾਇਜ਼ ਕਬਜ਼ਿਆਂ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਿਆ। ਸਰਪੰਚ ਨੇ ਕਿਹਾ ਕਿ ਕਮੇਟੀ ਮੈਂਬਰ ਜਿੱਥੋਂ ਮਰਜ਼ੀ ਜਾਂਚ ਕਰਵਾ ਲੈਣ ਉਨ੍ਹਾਂ ਕੋਲ ਪੂਰਾ ਰਿਕਾਰਡ ਹੈ ਅਤੇ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…