Share on Facebook Share on Twitter Share on Google+ Share on Pinterest Share on Linkedin ਸਟੈਨੋਟਾਈਪਿਸਟ ਤੇ ਜੂਨੀਅਰ ਸਕੇਲ ਸਟੈਨੋਗਰਾਫ਼ਰਾਂ ਵੱਲੋਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਘਿਰਾਓ ਨਬਜ਼-ਏ-ਪੰਜਾਬ, ਮੁਹਾਲੀ, 13 ਦਸੰਬਰ: 418 ਸਿਲੈਕਟਡ ਸਟੈਨੋ-ਟਾਈਪਿਸਟ ਅਤੇ 29 ਜੂਨੀਅਰ ਸਕੇਲ ਸਟੈਨੋ-ਗਰਾਫ਼ਰਾਂ ਵੱਲੋਂ ਅੱਜ ਇੱਥੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁੱਧਵਾਰ ਨੂੰ ਸਵੇਰੇ ਹੀ ਬੇਰੁਜ਼ਗਾਰ ਨੌਜਵਾਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਇਕੱਤਰ ਹੋਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਤੱਕ ਭੀੜ ਜਮ੍ਹਾ ਹੋ ਗਈ। ਇੱਥੋਂ ਉਹ ਰੋਸ ਮਾਰਚ ਕਰਦੇ ਹੋਏ ਐਸਐਸਐਸ ਬੋਰਡ ਦੇ ਬਾਹਰ ਪਹੁੰਚੇ ਅਤੇ ਮੁੱਖ ਗੇਟ ਦੇ ਧਰਨਾ ਲਗਾ ਕੇ ਬੈਠ ਗਏ। ਬੇਰੁਜ਼ਗਾਰ ਨੌਜਵਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਮੀਦਵਾਰਾਂ ਨੇ ਦੱਸਿਆ ਕਿ ਐੱਸਐੱਸਐੱਸ ਬੋਰਡ ਲਗਾਤਾਰ ਉਨ੍ਹਾਂ ਨੂੰ ਡਿਊਟੀ ਜੁਆਇਨ ਕਰਵਾਉਣ ਲਈ ਝੂਠੇ ਲਾਰੇ ਲਗਾ ਰਿਹਾ ਹੈ ਜਦੋਂਕਿ ਭਰਤੀ ਦਾ 99 ਫੀਸਦੀ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ, ਪ੍ਰੰਤੂ ਨਤੀਜਾ ਆਉਣ ਤੋਂ 3 ਮਹੀਨੇ ਬੀਤ ਜਾਣ ਦੇ ਬਾਵਜੂਦ ਮੈਰਿਟ ਸੂਚੀ ਸਬੰਧਤ ਵਿਭਾਗਾਂ ਨੂੰ ਭੇਜਣ ਵਿੱਚ ਬਿਨਾਂ ਵਜ੍ਹਾ ਦੇਰੀ ਕੀਤੀ ਜਾ ਰਹੀ ਹੈ। ਜਦੋਂਕਿ ਇਸ ਭਰਤੀ ਤੋਂ ਬਾਅਦ ਹੋਈਆਂ ਕਰੀਬ 15 ਭਰਤੀਆਂ ਦੇ ਉਮੀਦਵਾਰਾਂ ਨੂੰ ਜੁਆਇਨਿੰਗ ਵੀ ਕਰਵਾਇਆ ਜਾ ਚੁੱਕਾ ਹੈ। ਸਫਲ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਪਹਿਲਾਂ ਵਾਲੀ ਭਰਤੀ 7-8 ਸਾਲ ਪਹਿਲਾਂ ਹੋਈ ਸੀ ਅਤੇ ਮੌਜੂਦਾ ਭਰਤੀ ਪ੍ਰਕਿਰਿਆ ਨੂੰ ਚੱਲਦਿਆਂ ਵੀ 2 ਸਾਲ ਹੋਣ ਵਾਲੇ ਹਨ ਪ੍ਰੰਤੂ ਇਸ ਦੇ ਬਾਵਜੂਦ ਉਨ੍ਹਾਂ ਦੀ ਭਰਤੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਨੇ ਦੱਸਿਆ ਕਿ ਕੁਝ ਫੇਲ੍ਹ ਹੋਏ ਉਮੀਦਵਾਰਾਂ ਵੱਲੋਂ ਭਰਤੀ ਨੂੰ ਰੋਕਣ ਲਈ ਵੱਖ-ਵੱਖ ਬਹਾਨੇ ਬਣਾ ਕੇ ਹਾਈ ਕੋਰਟ ਵਿੱਚ ਕੇਸ ਪਾਇਆ ਗਿਆ, ਜਿਸ ਦਾ ਕੋਈ ਸਿਰ-ਮੂੰਹ ਨਾ ਹੋਣ ਕਾਰਨ ਹਾਈਕੋਰਟ ਵੱਲੋਂ ਪਹਿਲੀ ਹੀ ਪੇਸ਼ੀ ’ਤੇ ਬੀਤੀ 5 ਅਕਤੂਬਰ ਨੂੰ ਇਹ ਕੇਸ ਰੱਦ ਕਰਕੇ ਭਰਤੀ ਨੂੰ ਹਰੀ ਝੰਡੀ ਦਿੱਤੀ ਗਈ ਸੀ। ਲੇਕਿਨ ਹੁਣ ਤੱਕ ਸਰਕਾਰ ਨੇ ਸਫਲ ਉਮੀਦਵਾਰਾਂ ਨੂੰ ਡਿਊਟੀ ਜੁਆਇੰਨਿੰਗ ਨਹੀਂ ਕਰਵਾਈ ਗਈ। ਸਰਕਾਰ ਦੀ ਲੇਟ-ਲਤੀਫ਼ੀ ਦੇ ਚੱਲਦਿਆਂ ਫੇਲ੍ਹ ਉਮੀਦਵਾਰ ਭਰਤੀ ਪ੍ਰਕਿਰਿਆ ਨੂੰ ਰੋਕਣ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਲੇਕਿਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਜਿਸ ਕਾਰਨ ਉਨ੍ਹਾਂ ਨੂੰ ਠੰਢ ਦੇ ਮੌਸਮ ਵਿੱਚ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ ਇਸ ਮਸਲੇ ਦਾ ਜਲਦੀ ਹੱਲ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਐਸਐਸਐਸ ਬੋਰਡ ਦੇ ਬਾਹਰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ