ਰੈੱਡ ਕਰਾਸ ਸ਼ਾਖਾ ਵੱਲੋਂ ਆਕਸੀਜਨ ਕੰਸਟਰੇਟਰ ਮੁਹੱਈਆ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ

ਜ਼ਿਲ੍ਹਾ ਪੱਧਰ ’ਤੇ ਆਕਸੀਜਨ ਕੰਸਟਰੇਟਰ ਬੈਂਕ ਸਥਾਪਿਤ: ਸ੍ਰੀਮਤੀ ਕੋਮਲ ਮਿੱਤਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਕੋਵਿਡ-19 ਦੇ ਮਰੀਜ਼ ਜੋ ਘਰਾਂ ਵਿੱਚ ਇਕਾਂਤਵਾਸ ਹੋ ਕੇ ਆਪਣਾ ਇਲਾਜ ਕਰ ਰਹੇ ਹਨ, ਦੀ ਮਦਦ ਲਈ ਹੁਣ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਮਦਦ ਦਾ ਹੱਥ ਵਧਾਇਆ ਹੈ। ਇਸ ਸਬੰਧੀ ਆਕਸੀਜਨ ਕੰਸਟਰੇਟਰ ਬੈਂਕ ਸਥਾਪਿਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਹਾਲੀ ਦੂਜੇ ਜ਼ਿਲ੍ਹਿਆਂ ਨਾਲੋਂ ਮੋਹਰੀ ਜ਼ਿਲ੍ਹਾ ਸਾਬਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਨੇ ਕਰੋਨਾ ਪੀੜਤਾਂ ਨੂੰ ਲੋੜੀਂਦੀਆਂ ਸੰਭਵ ਸਹੂਲਤਾਂ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਆਕਸੀਜਨ ਕੰਸਨਟਰੇਟਰ ਬੈਂਕ ਚਲਾਇਆ ਜਾ ਰਿਹਾ ਹੈ। ਇਹ ਸੇਵਾ ਕਰੋਨਾ ਤੋਂ ਪ੍ਰਭਾਵਿਤ ਵਿਅਕਤੀ ਜੋ ਇਲਾਜ ਹੋਣ ਮਗਰੋਂ ਘਰ ਵਿੱਚ ਇਕਾਂਤਵਾਸ ਕੀਤੇ ਗਏ ਹਨ, ਉਨ੍ਹਾਂ ਲਈ ਹੈ, ਜਿਨ੍ਹਾਂ ਨੂੰ ਆਕਸੀਜਨ ਦੀ ਘਾਟ ਹੈ।
ਏਡੀਸੀ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਬਿਨਾਂ ਕਿਸੇ ਕਿਰਾਏ ’ਤੇ ਵਾਪਸ ਮੋੜੇ ਜਾਣ ਵਾਲੇ 15 ਦਿਨਾਂ ਕੰਸਟਰੇਟਰ ਮੁਹੱਈਆ ਕਰਵਾਏ ਜਾਂਦੇ ਹਨ। ਇਸ ਲਈ ਰੈੱਡ ਕਰਾਸ ਦੇ ਦਫ਼ਤਰ ਵਿੱਚ ਪੰਜ ਹਜ਼ਾਰ ਰੁਪਏ ਮੋੜਨਯੋਗ ਸਕਿਉਰਿਟੀ ਜਮ੍ਹਾਂ ਕਰਵਾਉਣੀ ਪਵੇਗੀ। ਮਰੀਜ਼ ਦੇ ਵਾਰਸ ਨੂੰ ਆਕਸੀਜਨ ਕੰਸਟਰੇਟਰ ਲੈਣ ਸਬੰਧੀ ਇਲਾਜ ਮਗਰੋਂ ਡਾਕਟਰ ਦੀ ਪਰਚੀ, ਜਿਸ ’ਤੇ ਕੰਸਟਰੇਟਰ ਦੀ ਲੋੜ ਬਾਰੇ ਲਿਖਿਆ ਹੋਵੇ, ਦੇ ਨਾਲ ਨਾਲ ਸਵੈ ਘੋਸ਼ਣਾ ਪੱਤਰ ਦੇਣਾ ਹੁੰਦਾ ਹੈ।
ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਆਕਸੀਜਨ ਕੰਸਟਰੇਟਰ ਲੈਣ ਸਬੰਧੀ ਫੋਨ ਨੰਬਰ 0172-2219526 ਅਤੇ ਸੀਨੀਅਰ ਸਹਾਇਕ ਰੈੱਡ ਕਰਾਸ ਸ਼ਾਖਾ ਮੋਹਨ ਲਾਲ ਸਿੰਗਲਾ ਦੇ ਮੋਬਾਈਲ ਨੰਬਰ 94174-95806 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਸ਼ਾਖਾ ਵੱਲੋਂ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦੋ ਮੈਡੀਕਲ ਆਕਸੀਜਨ ਸਪਲਾਈ ਸਿਸਟਮ ਲਗਾਏ ਗਏ ਹਨ। ਇਨ੍ਹਾਂ ਆਕਸੀਜਨ ਪਲਾਂਟਾਂ ਤੋਂ ਪ੍ਰਤੀ ਮਿੰਟ 90 ਲੀਟਰ ਆਕਸੀਜਨ ਪੈਦਾ ਹੁੰਦੀ ਹੈ। ਇਸ ਦੌਰਾਨ ਏਡੀਸੀ ਨੇ ਅੱਜ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੈੱਡ ਕਰਾਸ ਦੇ ਫੰਡਾਂ ਵਿੱਚ ਵਾਧਾ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਮੈਂਬਰਾਂ ਤੋਂ ਫੰਡਾਂ ਵਿੱਚ ਵਾਧਾ ਕਰਨ ਸਬੰਧੀ ਸੁਝਾਅ ਵੀ ਲਏ ਗਏ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ-ਕਮ-ਆਨਰੇਰੀ ਸਕੱਤਰ ਤਰਸੇਮ ਚੰਦ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …