
ਪਰਲ ਗਰੁੱਪ ਨਾਲ ਸਬੰਧਤ 500 ਜਾਇਦਾਦਾਂ ਦੀਆਂ ਮਾਲ ਰਿਕਾਰਡ ਵਿੱਚ ਰੈੱਡ ਐਂਟਰੀਆਂ ਕੀਤੀਆਂ
ਰੈੱਡ ਐਂਟਰੀ ਬਾਅਦ ਨਹੀਂ ਵਿੱਕ ਸਕੇਗੀ ਪਰਲ ਕੰਪਨੀ ਨਾਲ ਸਬੰਧਤ ਕੋਈ ਵੀ ਜਾਇਦਾਦ: ਡੀਸੀ ਆਸ਼ਿਕਾ ਜੈਨ
ਸਮੂਹ ਐਸਡੀਐਮਜ਼ ਨੂੰ ਸ਼ਨਾਖ਼ਤ ਕੀਤੀਆਂ ਜਾਇਦਾਦਾਂ ਦੀ ਖਰੀਦ ਵੇਚ ’ਤੇ ਪਾਬੰਦੀ ਯਕੀਨੀ ਬਣਾਉਣ ਦੇ ਹੁਕਮ
ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਪਰਲ ਗਰੁੱਪ ਦੀ ਮਾਲਕੀ ਵਾਲੀ ਜ਼ਮੀਨਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਖਰੀਦ/ਵੇਚ/ਤਬਾਦਲੇ ਨੂੰ ਅਸਰਦਾਰ ਢੰਗ ਨਾਲ ਰੋਕਣ ਲਈ ਮੁਹਾਲੀ ਪ੍ਰਸ਼ਾਸਨ ਨੇ ਪਰਲ ਗਰੁੱਪ ਨਾਲ ਸਬੰਧਤ ਤਮਾਮ ਜਾਇਦਾਦਾਂ ਦੀ ਸ਼ਨਾਖ਼ਤ ਕਰਨ, ਵਾੜ ਲਗਾਉਣ ਅਤੇ ਇਸ ’ਤੇ ਮਨਾਹੀ ਵਾਲੇ ਹੋਰਡਿੰਗ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ‘ਸਾਡੇ ਕੋਲ ਸੇਬੀ ਦੁਆਰਾ ਪ੍ਰਦਾਨ ਕੀਤੀ ਗਈ ਲਗਪਗ 500 ਜਾਇਦਾਦਾਂ ਦੀ ਸੂਚੀ ਹੈ ਅਤੇ ਮੁਹਾਲੀ, ਖਰੜ ਅਤੇ ਡੇਰਾਬੱਸੀ ਦੇ ਐਸਡੀਐਮਜ਼ ਨੂੰ ਤਮਾਮ ਜਾਇਦਾਦ ਦੀ ਪਛਾਣ ਕਰਨ, ਚਾਰੇ ਪਾਸੇ ਕੰਡਾਤਾਰ, ਵਾੜ ਲਗਾਉਣ ਅਤੇ ਆਮ ਲੋਕਾਂ ਨੂੰ ਖਰੀਦ, ਵੇਚ ਤੇ ਤਬਾਦਲਾ ਨਾ ਕਰਨ ਬਾਰੇ ਜਾਗਰੂਕ ਕਰਨ ਲਈ ਹੋਰਡਿੰਗ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਡੀਸੀ ਨੇ ਕਿਹਾ, ’’ਅਸੀਂ ਮਾਲ ਰਿਕਾਰਡ ਵਿੱਚ ਲਾਲ ਐਂਟਰੀਆਂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੋਈ ਵੀ ਇਸ ਜਾਇਦਾਦ ਨੂੰ ਵੇਚਣ ਜਾਂ ਖਰੀਦਣ ਦੇ ਯੋਗ ਨਾ ਰਹੇ ਅਤੇ ਹੁਣ ਤੱਕ ਜ਼ਿਆਦਾਤਰ ਕੰਮ ਪੂਰਾ ਹੋ ਚੁੱਕਾ ਹੈ।’’ ਉਨ੍ਹਾਂ ਕਿਹਾ ਕਿ ਮੁਹਾਲੀ, ਖਰੜ ਅਤੇ ਡੇਰਾਬੱਸੀ ਦੇ ਉਪ ਮੰਡਲ ਮੈਜਿਸਟਰੇਟ ਅਗਲੇ ਕੁਝ ਦਿਨਾਂ ਵਿੱਚ ਇਸ ਕਾਰਵਾਈ ਨੂੰ ਮੁਕੰਮਲ ਕਰ ਲੈਣਗੇ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਮੁਹਾਲੀ ਸਬ ਡਵੀਜ਼ਨ ਦੇ ਕੁਝ ਪਿੰਡਾਂ ਦੀ ਸੂਚੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਣਕਮਾਜਰਾ, ਦੁਰਾਲੀ, ਸਨੇਟਾ, ਸੁਖਗੜ੍ਹ, ਢੇਲਪੁਰ, ਸੇਖਨਮਾਜਰਾ, ਲਡਿਆਲੀ, ਰਾਏਪੁਰ ਖੁਰਦ, ਰਾਏਪੁਰ ਕਲਾਂ, ਚੱਪੜਚਿੜੀ ਖੁਰਦ, ਬਲੌਂਗੀ, ਬਨੂੜ, ਖਿਲਾਵੜ ਤੋਂ ਇਲਾਵਾ ਡੇਰਾਬੱਸੀ ਵਿੱਚ ਜਟਾਣਾ ਕਲਾਂ, ਕੌਲੀ ਮਾਜਰਾ, ਹਰੀਪੁਰ ਕੂੜਾ, ਦੇਵੀਨਗਰ, ਜਨੇਤਪੁਰ, ਛਛਰੌਲੀ, ਘੋਲੂਮਾਜਰਾ, ਜਗਾਧਰੀ, ਮੋਠਾਂਵਾਲੀ ਅਤੇ ਛੱਤ ਅਜਿਹੇ ਪਿੰਡ ਹਨ ਜਿੱਥੇ ਜ਼ਮੀਨ ਦੀ ਸ਼ਨਾਖ਼ਤ, ਵਾੜ ਲਗਾਉਣ ਅਤੇ ਮਨਾਹੀ ਦੇ ਬੋਰਡ ਲਗਾਉਣ ਦਾ ਕੰਮ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟਾਂ ਨੂੰ ਬਿਨਾਂ ਕਿਸੇ ਦੇਰੀ ਦੇ ਕੰਮ ਨੂੰ ਪੂਰਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਅਗਲੀ ਕਾਰਵਾਈ ਲਈ ਜਾਇਦਾਦਾਂ ਨੂੰ ਸੰਭਾਲਿਆ ਜਾ ਸਕੇ।
ਡੀਸੀ ਨੇ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਲ ਗਰੁੱਪ ਨਾਲ ਸਬੰਧਤ ਜ਼ਿਲ੍ਹੇ ਵਿੱਚ ਸ਼ਨਾਖ਼ਤ ਕੀਤੀਆਂ ਅਜਿਹੀਆਂ ਲਾਲ ਐਂਟਰੀਆਂ ਵਾਲੀਆਂ ਜਾਇਦਾਦਾਂ ਦੀ ਖਰੀਦ/ਵੇਚ/ਤਬਾਦਲੇ ਤੋਂ ਬਚਣ ਤਾਂ ਜੋ ਉਨ੍ਹਾਂ ਨਾਲ ਕੋਈ ਧੋਖਾ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਪਰਲ ਦੇ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਕਮਾਈ ਦੀ ਪਾਈ ਪਾਈ ਵਾਪਸ ਕਰਵਾਉਣ ਲਈ ਵਚਨਬੱਧ ਹੈ।