ਰੈਫਰੈਡੰਮ 2020: ਸਿੱਖ ਨੌਜਵਾਨ ਐਨਆਈਏ ਅਦਾਲਤ ਵਿੱਚ ਪੇਸ਼, ਅਗਲੀ ਸੁਣਵਾਈ 11 ਫਰਵਰੀ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਮਸ਼ਹੂਰ ਭਾਰਤ ਦੀ ਪੰਜਾਬ ਪੁਲਿਸ ਇੱਕ ਵਾਰ ਫਿਰ ਖਾਲਿਸਤਾਨ ਦੇ ਨਾਂ ਹੇਠ ਸਿੱਖ ਨੌਜਵਾਨਾਂ ਦਾ ਘਾਣ ਕਰ ਰਹੀ ਹੈ। ਪੰਜਾਬ ਪੁਲਿਸ ਵੱਲੋਂ ਸਿੱਖੀ ਅਤੇ ਸਿੱਖ ਹਿੱਤਾਂ ਨਾਲ ਸਰੋਕਾਰ ਰੱਖਣ ਵਾਲੇ ਸਿੱਖ ਨੋਜਵਾਨਾਂ ਦੇ ਮਨੋਬਲ ਡੇਗਣ ਅਤੇ ਨੌਜਵਾਨਾਂ ਨੂੰ ਭੈਭੀਤ ਕਰਨ ਲਈ ਖਾਲਿਸਤਾਨ ਅਤੇ ਰੈਫਰੈਡੰਮ 2020 ਦੇ ਪ੍ਰਚਾਰ ਦੇ ਨਾਂ ਹੇਠ ਦੇਸ਼ ਧ੍ਰੋਹ ਵਰਗੇ ਕਾਲੇ ਕਾਨੂੰਨ ਦੀਆਂ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ, ਸਰੀਰਕ ਅਤੇ ਮਾਨਸਿਕ ਤਸ਼ੱਦਦ ਤੋਂ ਬਾਅਦ ਜੇਲ੍ਹ ’ਚ ਡੱਕਿਆ ਜਾ ਰਿਹਾ ਹੈ।
ਪੰਜਾਬ ਪੁਲੀਸ ਵੱਲੋਂ ਖਾਲਿਸਤਾਨ ਦੇ ਪ੍ਰਚਾਰ ਅਤੇ ਰੈਫਰੈਡੰਮ 2020 ਦੇ ਨਾਂ ’ਤੇ ਗ੍ਰਿਫ਼ਤਾਰ ਅੰਮ੍ਰਿਤਸਰ ਦੇ ਸਿੱਖ ਨੌਜਵਾਨਾਂ ਭਾਈ ਮਨਜੀਤ ਸਿੰਘ ਖਡੂਰ ਸਾਹਿਬ, ਭਾਈ ਕੁਲਦੀਪ ਸਿੰਘ ਖਡੂਰ ਸਾਹਿਬ, ਭਾਈ ਜਤਿੰਦਰ ਸਿੰਘ ਖਡੂਰ ਸਾਹਿਬ, ਭਾਈ ਹਰਪ੍ਰੀਤ ਸਿੰਘ ਹੈਪੀ ਨੌਸ਼ਹਿਰਾ ਪੰਨੂੰਆਂ, ਭਾਈ ਗੁਰਵਿੰਦਰ ਸਿੰਘ ਗੋਪੀ ਨੌਸ਼ਹਿਰਾ ਪੰਨੂੰਆਂ, ਭਾਈ ਸੁਖਰਾਜ ਸਿੰਘ ਰਾਜੂ ਸੁਲਤਾਨਵਿੰਡ, ਭਾਈ ਮਲਕੀਤ ਸਿੰਘ ਮੀਤੂ, ਭਾਈ ਸੁਖਰਾਜ ਸਿੰਘ, ਭਾਈ ਬਿਕਰਮਜੀਤ ਸਿੰਘ, ਭਾਈ ਹਰਮੀਤ ਸਿੰਘ ਨੂੰ ਮੁਹਾਲੀ ਦੀ ਐਨਆਈਏ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 11 ਫਰਵਰੀ ਮੁਕੱਰਰ ਕੀਤੀ ਹੈ। ਸਿੱਖ ਰਿਲੀਫ਼ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਮਾਮਲੇ ਦੀ ਪੈਰਵੀ ਲਈ ਸਿੱਖ ਰਿਲੀਫ਼ ਵੱਲੋਂ ਸੀਨੀਅਰ ਵਕੀਲ ਸਰਬਜੀਤ ਸਿੰਘ ਬੈਂਸ ਅਤੇ ਮਹਿਲਾ ਵਕੀਲ ਕੁਲਵਿੰਦਰ ਕੌਰ ਪੇਸ਼ ਹੋਏ। ਇਸ ਸਬੰਧੀ 152/19 ਅਕਤੂਬਰ 2018 ਅਧੀਨ ਧਾਰਾ 153ਏ, 153ਬੀ, 120ਬੀ, 177,122, ਅਤੇ 17/18/19 ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਥਾਣਾ ਸੁਲਤਾਨਵਿੰਡ ’ਚ ਕੇਸ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਸਾਰੇ ਸਿੰਘਾਂ ਦਾ ਕੇਸ ਜੋ ਅੰਮ੍ਰਿਤਸਰ ਦੀ ਅਦਾਲਤ ਵਿੱਚ ਚੱਲ ਰਿਹਾ ਸੀ, ਉਹ ਜੂਨ 2020 ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਿੱਲੀ ਨੇ ਆਪਣੇ ਅਧਿਕਾਰ ਹੇਠ ਲੈ ਲਿਆ ਸੀ ਅਤੇ ਅੱਜ ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਗ੍ਰਿਫ਼ਤਾਰ ਸਾਰੇ ਸਿੱਖ ਬੰਦੀਆਂ ਨੂੰ ਪੇਸ਼ ਕੀਤਾ ਗਿਆ। ਪਰਿਵਾਰਾਂ ਦੀ ਆਰਥਿਕ ਸਹਾਇਤਾ ਬੰਦੀ ਸਿੰਘਾਂ ਦੀ ਸੰਭਾਲ ਲਈ ਯਤਨਸ਼ੀਲ ਸੰਸਥਾ ਸਿੱਖ ਰਿਲੀਫ ਨੇ ਕੀਤੀ ਹੈ ਅਤੇ ਸਾਰੇ ਨੌਜਵਾਨਾਂ ਦਾ ਕੇਸ ਸਿੱਖ ਰਿਲੀਫ ਵੱਲੋਂ ਲੜਿਆ ਜਾ ਰਿਹਾ ਹੈ। ਅੰਮ੍ਰਿਤਸਰ ਪੁਲੀਸ ਵੱਲੋਂ ਗ੍ਰਿਫ਼ਤਾਰ ਇਹ ਸਾਰੇ ਸਿੱਖ ਨੌਜਵਾਨ ਸਿੱਖੀ ਦੇ ਪ੍ਰਚਾਰ ਵਿੱਚ ਲੱਗੇ ਹੋਏ ਸਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਸਿੱਖਾ ਦੀ ਗ੍ਰਿਫ਼ਤਾਰੀ ਇਹ ਦੱਸਦੀ ਹੈ ਭਾਰਤ ਸਰਕਾਰ ਦੀ ਪੰਜਾਬ ਪੁਲੀਸ ਦੀ ਅੱਖ ਵਿੱਚ ਸਿੱਖੀ ਸੋਚ ਰੱਖਣ ਵਾਲੇ ਨੌਜਵਾਨ ਹਮੇਸ਼ਾ ਰੜਕਦੇ ਰਹਿੰਦੇ ਹਨ।

Load More Related Articles
Load More By Nabaz-e-Punjab
Load More In Court

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …