
ਯੂਥ ਆਫ਼ ਪੰਜਾਬ ਅਤੇ ਫਰੰਟ ਵੱਲੋਂ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦਾ ਘਿਰਾਓ
ਲਾਵਾਰਿਸ ਪਸ਼ੂਆਂ ਕਾਰਨ ਵਾਪਰ ਚੁੱਕੇ ਹਨ ਕਈ ਸੜਕ ਹਾਦਸੇ, ਗੰਦਗੀ ਵੀ ਫੈਲਾ ਰਹੇ ਨੇ ਲਾਵਾਰਿਸ ਪਸ਼ੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਪਿੱਛੇ ਜਿਹੇ ਪਸ਼ੂਆਂ ਕਾਰਨ ਵਾਪਰੇ ਸੜਕ ਦੁਰਘਟਨਾਵਾਂ ਦੌਰਾਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸ਼ਹਿਰ ਵਾਸੀ ਕਾਫੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਪ੍ਰੰਤੂ ਹੁਣ ਤੱਕ ਢੁਕਵਾਂ ਹੱਲ ਨਹੀਂ ਕੱਢਿਆ ਜਾ ਸਕਿਆ ਹੈ। ਸ਼ਹਿਰ ਦੇ ਕਈ ਪਾਰਕ ਪਸ਼ੂ ਚਰਾਂਦ ਬਣ ਚੁੱਕੇ ਹਨ ਅਤੇ ਲਾਵਾਰਿਸ ਪਸ਼ੂਆਂ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਗੰਦਗੀ ਵੀ ਫੈਲ ਰਹੀ ਹੈ।
ਉਧਰ, ਅੱਜ ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਅਤੇ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਕਾਰਕੁਨ ਅਤੇ ਸ਼ਹਿਰ ਵਾਸੀ ਸੜਕਾਂ ’ਤੇ ਉਤਰ ਆਏ ਹਨ। ਅੱਜ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਸਥਾਨਕ ਲੋਕਾਂ ਨੇ ਮੁਹਾਲੀ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ਅਤੇ ਧਰਨੇ ਦੌਰਾਨ ਘੜਾ ਭੰਨ ਕੇ ਨਾਅਰੇਬਾਜ਼ੀ ਕੀਤੀ। ਚੰਡੀਗੜ੍ਹ ਦੇ ਵਸਨੀਕ ਪ੍ਰਮੋਦ ਕੁਮਾਰ ਵੀ ਧਰਨੇ ਵਿੱਚ ਸ਼ਾਮਲ ਹੋਏ ਅਤੇ ਨਗਰ ਨਿਗਮ ਸਟਾਫ਼ ’ਤੇ ਉਸ ਦੇ ਵਾੜੇ ਵਿੱਚ ਖੜੇ ਪਸ਼ੂ ਖੋਲ੍ਹ ਕੇ ਗਊਸ਼ਾਲਾ ਵਿੱਚ ਬੰਦ ਕਰਨ ਅਤੇ ਉਸ ਤੋਂ 70 ਹਜ਼ਾਰ ਰੁਪਏ ਜੁਰਮਾਨਾ ਮੰਗਣ ਦਾ ਦੋਸ਼ ਲਾਇਆ।
ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੁਹਾਲੀ ਨਿਗਮ ਅਤੇ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਸੀ ਕਿ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਸੰਸਥਾ ਦੇ ਕਾਰਕੁਨਾਂ ਅਤੇ ਸ਼ਹਿਰ ਵਾਸੀਆਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਨਗਰ ਨਿਗਮ ਭਵਨ ਦੇ ਅੰਦਰ ਦਾਖ਼ਲ ਹੋ ਗਏ ਪ੍ਰੰਤੂ ਉਨ੍ਹਾਂ ਨੂੰ ਗੱਲੀਬਾਤੀਂ ਸਮਝਾ ਕੇ ਦਫ਼ਤਰ ਤੋਂ ਬਾਹਰ ਕੱਢਿਆ ਗਿਆ। ਇਸ ਮਗਰੋਂ ਮੁਜ਼ਾਹਰਾ ਕਰ ਰਹੇ ਲੋਕ ਬਾਹਰ ਧਰਨੇ ’ਤੇ ਬੈਠ ਗਏ।
ਸ੍ਰੀ ਬੈਦਵਾਨ ਅਤੇ ਸ੍ਰੀ ਕੁੰਭੜਾ ਨੇ ਕਿਹਾ ਕਿ ਇਲਾਕੇ ਵਿੱਚ ਰੋਜ਼ਾਨਾ ਲਾਵਾਰਿਸ ਪਸ਼ੂਆਂ ਕਾਰਨ ਹਾਦਸੇ ਵਾਪਰ ਰਹੇ ਹਨ ਅਤੇ ਕਈ ਵਾਰ ਨੈਸ਼ਨਲ ਹਾਈਵੇਅ ਉੱਤੇ ਪਸ਼ੂਆਂ ਕਾਰਨ ਲੰਮੇ ਜਾਮ ਵੀ ਲਗਦੇ ਹਨ। ਇਹੀ ਨਹੀਂ ਪਸ਼ੂਆਂ ਵੱਲੋਂ ਖੇਤਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਵੀ ਉਜਾੜਾ ਕੀਤਾ ਜਾ ਰਿਹਾ ਹੈ। ਲੇਕਿਨ ਨਗਰ ਨਿਗਮ ਵੱਲੋਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਕੁਝ ਗਊਸ਼ਾਲਾ ਨੂੰ ਸਰਕਾਰ ਵੱਲੋਂ ਬਕਾਇਦਾ ਗਰਾਂਟ ਦਿੱਤੀ ਜਾਂਦੀ ਹੈ ਅਤੇ ਦਾਨੀ ਸੱਜਣਾ ਵੱਲੋਂ ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰਾ ਵੀ ਦਾਨ ਕੀਤਾ ਜਾਂਦਾ ਹੈ। ਆਮ ਲੋਕਾਂ ਤੋਂ ਗਊ ਸੈੱਸ ਵੀ ਲਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ।
ਉਧਰ, ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਲਾਵਾਰਿਸ ਪਸ਼ੂ ਫੜਨ ਵਾਲੀ ਟੀਮ ਵਿੱਚ ਸ਼ਾਮਲ ਜਿਨ੍ਹਾਂ ਵਿਅਕਤੀਆਂ ’ਤੇ ਦੋਸ਼ ਲਗਾਏ ਗਏ ਹਨ, ਇਸ ਮਾਮਲੇ ਦੀ ਜਾਂਚ ਕਰਕੇ ਕਸੂਰਵਰਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।