Nabaz-e-punjab.com

ਸੁਮੇਧ ਸੈਣੀ ਕੇਸ: ਮੁਲਜ਼ਮਾਂ ਵੱਲੋਂ ਬੇਹਿਸਾਬ ਚੱਲ\ਅਚੱਲ ਜਾਇਦਾਦ ਬਣਾਉਣ ਦਾ ਵੇਰਵਾ ਦਰਜ

ਪੰਜਾਬ ਵਿਜੀਲੈਂਸ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ

ਮੁਹਾਲੀ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਵਿੱਚ ਛਾਪੇਮਾਰੀ, ਫਿਲਹਾਲ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਸੈਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਅੱਜ ਦੂਜੇ ਦਿਨ ਵਿਜੀਲੈਂਸ ਵੱਲੋਂ ਸੈਣੀ ਦੀ ਪੈੜ ਨੱਪਣ ਲਈ ਮੁਹਾਲੀ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰਨਾਂ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਲੰਘੀ ਦੇਰ ਰਾਤ ਤੱਕ ਦੋ ਐਸਪੀ, ਡੀਐਸਪੀ ’ਤੇ ਆਧਾਰਿਤ ਵਿਜੀਲੈਂਸ ਦੀ ਟੀਮ ਸੈਣੀ ਦੇ ਘਰ ਦੇ ਬਾਹਰ ਖੜੀ ਰਹੀ ਪ੍ਰੰਤੂ ਸੁਰੱਖਿਆ ਅਮਲੇ ਨੇ ਟੀਮ ਨੂੰ ਅੰਦਰ ਨਹੀਂ ਜਾਣ ਦਿੱਤਾ। ਪਹਿਲਾਂ ਤਾਂ ਸੁਰੱਖਿਆ ਅਮਲਾ ਤੇ ਵਕੀਲ ਇਹ ਕਹਿੰਦੇ ਰਹੇ ਕਿ ਲੋਕਲ ਪੁਲੀਸ ਨਾਲ ਨਹੀਂ ਹੈ। ਬਾਅਦ ਵਿੱਚ ਯੂਟੀ ਪੁਲੀਸ ਵੀ ਮੌਕੇ ’ਤੇ ਸੱਦ ਲਈ ਗਈ ਸੀ। ਇਸ ਦੇ ਬਾਵਜੂਦ ਵਿਜੀਲੈਂਸ ਟੀਮ ਨੂੰ ਬੇਰੰਗ ਵਾਪਸ ਪਰਤਣਾ ਪਿਆ। ਉਸ ਦੇ ਖ਼ਿਲਾਫ਼ ਬੀਤੇ ਕੱਲ੍ਹ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦਾ ਨਵਾਂ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਉਧਰ, ਸਿਆਸੀ ਹਲਕਿਆਂ ਵਿੱਚ ਇਹ ਚਰਚਾ ਬੜੇ ਜ਼ੋਰਾਂ ’ਤੇ ਹੈ ਕਿ ਵਿਜੀਲੈਂਸ ਦੀ ਇਹ ਕਾਰਵਾਈ ਮਹਿਜ ਖਾਨਾਪੂਰਤੀ ਤੱਕ ਹੀ ਸੀਮਤ ਹੈ। ਵਿਜੀਲੈਂਸ ਨੇ ਹੁਕਮਰਾਨਾਂ ਦੇ ਕਹਿਣ ’ਤੇ ਸਾਬਕਾ ਪੁਲੀਸ ਮੁਖੀ ਖ਼ਿਲਾਫ਼ ਇਹ ਕੇਸ ਦਰਜ ਤਾਂ ਕਰ ਲਿਆ ਹੈ ਪਰ ਸੈਣੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਅੱਖਾਂ ’ਚ ਘੱਟਾ ਪਾਉਣ ਵਾਲੀ ਗੱਲ ਹੈ।
ਇਸ ਮਾਮਲੇ ਵਿੱਚ ਲੋਕ ਨਿਰਮਾਣ ਵਿਭਾਗ (ਭ ਤੇ ਮ) ਦੇ ਕਾਰਜਕਾਰੀ ਇੰਜੀਨੀਅਰ ਨਿਮਰਤ ਦੀਪ ਸਿੰਘ ਵਾਸੀ ਸੈਕਟਰ-35ਡੀ, ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਵਾਸੀ ਫੇਜ਼-3ਬੀ1, ਮੁਹਾਲੀ, ਅਜੈ ਕੌਸ਼ਲ ਵਾਸੀ ਡੁੱਗਰੀ ਰਾਜਪੂਤਾਂ (ਹੁਸ਼ਿਆਰਪੁਰ), ਪ੍ਰਦੁਮਣ ਸਿੰਘ ਵਾਸੀ ਭਾਗੜਾ (ਹੁਸ਼ਿਆਰਪੁਰ), ਪਰਮਜੀਤ ਸਿੰਘ ਵਾਸੀ ਪਿੰਡ ਭੜੌਜੀਆਂ (ਮੁੱਲਾਂਪੁਰ ਗਰੀਬਦਾਸ), ਅਮਿੱਤ ਸਿੰਗਲਾ ਵਾਸੀ ਸੈਕਟਰ-27, ਚੰਡੀਗੜ੍ਹ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਐਫ਼ਆਈਆਰ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ (ਕਰਾਈਮ) ਵਰਿੰਦਰ ਸਿੰਘ ਬਰਾੜ ਨੂੰ ਸ਼ਿਕਾਇਤ ਕਰਤਾ ਦਰਸਾਇਆ ਗਿਆ ਹੈ। ਉਂਜ ਇਸ ਅਪਰਾਧਿਕ ਕੇਸ ਦੀ ਸੂਈ ਕਾਰਜਕਾਰੀ ਇੰਜੀਨੀਅਰ ਅਤੇ ਉਸ ਦੇ ਪਿਤਾ ਦੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਐਫ਼ਆਈਆਰ ਵਿੱਚ ਮੁਹਾਲੀ ਸਮੇਤ ਚੰਡੀਗੜ੍ਹ, ਪੰਜਾਬ, ਪੰਚਕੂਲਾ, ਹਰਿਆਣਾ ਵਿੱਚ ਬੇਹਿਸਾਬ ਚੱਲ ਅਤੇ ਅਚੱਲ ਜਾਇਦਾਦਾਂ ਦਾ ਵੇਰਵਾ ਦਿੱਤਾ ਗਿਆ ਹੈ।
ਵਿਜੀਲੈਂਸ ਅਨੁਸਾਰ ਸੁਰਿੰਦਰਜੀਤ ਸਿੰਘ 1994 ਵਿੱਚ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਲੈਕਚਰਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸੀ। ਉਨ੍ਹਾਂ ਨੂੰ ਵਿਰਾਸਤ ਵਿੱਚ ਗੁਰਦਾਸਪੁਰ ਵਿਖੇ ਰਿਹਾਇਸ਼ੀ ਮਕਾਨ ਸਮੇਤ 9 ਦੁਕਾਨਾਂ, ਕੁੱਲ ਰਕਬਾ 4 ਕਨਾਲ 13 ਮਰਲੇ ਹਾਸਲ ਹੋਇਆ ਸੀ। ਇਸ ਤੋਂ ਬਾਅਦ ਨਿਮਰਤ ਦੀਪ ਜਾਂ ਉਸ ਦੇ ਪਿਤਾ ਨੂੰ ਵਿਰਾਸਤ ਵਿੱਚ ਹੋਰ ਕੋਈ ਅਚੱਲ ਜਾਇਦਾਦ ਹਾਸਲ ਨਹੀਂ ਹੋਈ ਅਤੇ ਇਨ੍ਹਾਂ ਦੀ ਤਨਖ਼ਾਹ\ਪੈਨਸ਼ਨ ਅਤੇ ਕਥਿਤ ਨਾਜਾਇਜ਼ ਤਰੀਕੇ ਨਾਲ ਹਾਸਲ ਕੀਤੀਆਂ ਚੱਲ\ਅਚੱਲ ਜਾਇਦਾਦਾਂ ਤੋਂ ਹੋਈ ਆਮਦਨ ਤੋਂ ਇਲਾਵਾ ਹੋਰ ਕੋਈ ਵੱਖਰਾ ਜਾਣੂ ਸਰੋਤ ਦਾ ਅਜਿਹਾ ਸਾਧਨ ਸਾਹਮਣੇ ਨਹੀਂ ਆਇਆ ਹੈ। ਜਿਸ ਰਾਹੀਂ ਨਿਮਰਤ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ 1 ਅਪਰੈਲ 2004 ਤੋਂ 10 ਦਸੰਬਰ 2020 ਤੱਕ ਨਾਜਾਇਜ਼ ਢੰਗ ਬੇਹਿਸਾਬੀ ਚੱਲ\ਅਚੱਲ ਜਾਇਦਾਦ ਬਣਾਉਣ ਬਾਰੇ ਪਤਾ ਲੱਗਾ ਹੈ। ਇਨ੍ਹਾਂ ਦੇ ਵੱਖ-ਵੱਖ ਬੈਂਕਾਂ ਵਿੱਚ ਕਰੀਬ 22 ਖਾਤੇ ਹਨ। ਜਿਨ੍ਹਾਂ ਵਿੱਚ 4,88,04,934 (ਚਾਰ ਕਰੋੜ ਅਠਾਸੀ ਲੱਖ ਚਾਰ ਹਜ਼ਾਰ ਨੌਂ ਸੌ ਚੌਂਤੀ ਰੁਪਏ) ਜਮ੍ਹਾ ਹਨ। ਇਸ ਤੋਂ ਇਲਾਵਾ 11,18,78,714 (ਗਿਆਰਾਂ ਕਰੋੜ ਅਠਾਰਾਂ ਲੱਖ ਅਠੱਤਰ ਹਜ਼ਾਰ ਸੱਤ ਸੌ ਚੋਂਦਾ ਰੁਪਏ) ਦੀਆਂ ਐਫ਼ਡੀਜ਼ ਹਨ ਅਤੇ 2,12,06825 (ਦੋ ਕਰੋੜ ਬਾਰਾਂ ਲੱਖ ਛੇ ਹਜ਼ਾਰ ਅੱਠ ਸੌ ਪੱਚੀ ਰੁਪਏ) ਦੀ ਵਿਦੇਸ਼ੀ ਕਰੰਸੀ ਦੀ ਖਰੀਦੀ ਕੀਤੀ ਗਈ ਹੈ। ਇਸ ਤੋਂ ਇਲਾਵਾ ਲਗਪਗ 10 ਕਰੋੜ ਰੁਪਏ ਬੈਂਕ ਖਾਤਿਆਂ ਰਾਹੀਂ ਫੁਟਕਲ ਖ਼ਰਚਿਆਂ\ਅਦਾਇਗੀਆਂ ’ਤੇ ਖ਼ਰਚ\ਅਦਾ ਕੀਤੇ ਗਏ ਹਨ।
ਨਿਮਰਤ ਨੇ ਆਪਣੇ ਪਿਤਾ ਅਤੇ ਸੁਰਿੰਦਰਜੀਤ ਸਿੰਘ ਐਂਡ ਸੰਨਜ਼ ਦੇ ਨਾਂ ’ਤੇ ਸਸਤੀ ਜ਼ਮੀਨ ਦੀ ਖ਼ਰੀਦ ਕਰਦੇ, ਉਸ ਜ਼ਮੀਨ ਦਾ ਤਬਾਦਲਾ ਮਹਿੰਗੇ ਮੁੱਲ ਦੀ ਜ਼ਮੀਨ ਨਾਲ ਦਰਸਾ ਕੇ ਪਹਿਲੇ ਮਾਲਕ ਨੂੰ ਨਾ ਜਾਣੂ ਵਸੀਲਿਆਂ ਰਾਹੀਂ ਹਾਸਲ ਹੋਏ ਕਥਿਤ ਦਾਗੀ ਧਨ ਰਾਹੀਂ ਅਦਾਇਗੀ ਗਈ। ਇੰਜ ਉਸ ਵੱਲੋਂ ਅਸਲ ਸੌਦੇ ਨੂੰ ਛੁਪਾ ਕੇ ਨਾਜਾਇਜ਼ ਜਾਇਦਾਦਾਂ ਹਾਸਲ ਕੀਤੀਆਂ ਹਨ। ਅਜੈ ਕੌਸ਼ਲ ਨੇ ਪਿੰਡ ਮਾਣਕਪੁਰ ਸ਼ਰੀਫ਼ (ਕੁਰਾਲੀ) ਵਿੱਚ 100 ਕਨਾਲ ਰਕਬਾ ਇਕ ਕਰੋੜ ਵਿੱਚ ਖ਼ਰੀਦਿਆਂ ਸੀ। ਉਪਰੰਤ ਪ੍ਰਦੁਮਣ ਸਿੰਘ ਨੇ ਇਸ ’ਚੋਂ ਆਪਣਾ ਹਿੱਸਾ 50 ਕਨਾਲ ਨਿਮਰਤ ਦੀਪ ਤੇ ਉਸਦੇ ਪਿਤਾ ਨੂੰ ਤਬਾਦਲੇ ਰਾਹੀਂ ਦਿੱਤਾ ਅਤੇ ਇਸ ਦੇ ਬਦਲੇ ਉਨ੍ਹਾਂ ਤੋਂ ਪਿੰਡ ਕੁਲਾਰ (ਬਲਾਚੌਰ) ਵਿੱਚ ਪਹਾੜ ਕਿਸਮ ਦੀ ਸਸਤੀ ਜ਼ਮੀਨ ਹਾਸਲ ਕੀਤੀ। ਅਜੈ ਕੌਸ਼ਲ ਨੇ 30 ਕਨਾਲ ਰਕਬਾ ਸੁਰਿੰਦਰਜੀਤ ਦੀ ਕੰਪਨੀ ਨੂੰ ਦਿੱਤਾ ਅਤੇ ਬਦਲੇ ਵਿੱਚ ਪਿੰਡ ਮਾਜਰੀਆਂ ਵਿੱਚ ਪਹਾੜ ਕਿਸਮ ਦੀ ਜ਼ਮੀਨ ਪ੍ਰਾਪਤ ਕੀਤੀ। ਇੰਜ ਹੀ ਉਸ ਨੇ ਪਿੰਡ ਮਾਣਕਪੁਰ ਸ਼ਰੀਫ਼ ਵਿਚਲੀ 20 ਕਨਾਲ ਰਕਬਾ ਪਰਮਜੀਤ ਸਿੰਘ ਨੂੰ 22 ਲੱਖ ਵਿੱਚ ਵੇਚ ਦਿੱਤਾ, ਜੋ ਨਿਮਰਤ ਨਾਲ ਮਿਲੀਭੁਗਤ ਸਾਬਤ ਹੁੰਦੀ ਹੈ। ਕਿਉਂਕਿ ਇਸ ਸਬੰਧੀ ਪਰਮਜੀਤ ਨੇ ਚੰਡੀਗੜ੍ਹ ਵਿੱਚ ਜੋ ਰਿਹਾਇਸ਼ੀ ਪਤਾ ਦਰਸਾਇਆ ਹੈ, ਦਰਅਸਲ ਉਹ ਨਿਮਰਤ ਦੀਪ ਦਾ ਮਕਾਨ ਹੈ। ਇਸ ਤਰ੍ਹਾਂ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਬਾਰੇ ਹੋਰ ਵੀ ਅਹਿਮ ਜਾਣਕਾਰੀ ਵਿਜੀਲੈਂਸ ਦੇ ਹੱਥ ਲੱਗੀ ਹੈ। ਇਸ ਬਾਰੇ ਅਗਲੀ ਖ਼ਬਰ ਵਿੱਚ ਆਪਣੇ ਪਾਠਕਾਂ ਨੂੰ ਪ੍ਰਾਪਤ ਜਾਣਕਾਰੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Agriculture & Forrest

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…