ਰਜਿਸਟਰਾਰ ਪੰਜਾਬ ਨਰਸਿੰਗ ਕੌਂਸਲ ਦਫ਼ਤਰ ਦੀ ਸੀਨੀਅਰ ਸਹਾਇਕ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ

ਮੋੜ ਮੰਡੀ ਦੀ ਨਰਸਿੰਗ ਸੰਸਥਾ ਨੂੰ ਐਫ਼ੀਲੀਏਸ਼ਨ ਸਰਟੀਫਿਕੇਟ ਜਾਰੀ ਕਰਨ ਬਦਲੇ ਮੰਗੇ ਸਨ 20 ਹਜ਼ਾਰ ਰੁਪਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਪੰਜਾਬ ਵਿਜੀਲੈਂਸ ਬਿਊਰੋ ਮੁਹਾਲੀ ਰੇਂਜ ਦੇ ਐਸਐਸਪੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਅੱਜ ਵਿਜੀਲੈਂਸ ਬਿਊਰੋ ਯੂਨਿਟ ਮੁਹਾਲੀ ਵੱਲੋਂ ਰਵਿੰਦਰ ਸਿੰਘ ਉਪ ਕਪਤਾਨ ਪੁਲੀਸ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਟਰੈਪ ਲਗਾ ਕੇ ਦਰਸ਼ੀ ਦੇਵੀ ਸੀਨੀਅਰ ਸਹਾਇਕ ਨੂੰ 20,000 ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਸ਼ਿਕਾਇਤਕਰਤਾ ਸਵਰਨ ਪ੍ਰਕਾਸ਼ ਦੇ ਬਿਆਨ ਦੇ ਆਧਾਰ ’ਤੇ ਮੁਕੱਦਮਾ ਨੰਬਰ 4 ਮਿਤੀ 16-05-2018 ਅ/ਧ 7,13,(2)88 ਪੀ.ਸੀ. ਐਕਟ ਥਾਣਾ ਫਲਾਇੰਗ ਸਕਵਾਇਡ-1 ਐਟ ਮੁਹਾਲੀ ਵਿੱਚ ਦਰਜ ਰਜਿਸਟਰ ਕੀਤਾ ਗਿਆ।
ਸ੍ਰੀ ਵਿਰਕ ਨੇ ਦੱਸਿਆ ਕਿ ਸਵਰਨ ਪ੍ਰਕਾਸ਼ ਪੁੱਤਰ ਪੇ੍ਰਮ ਕੁਮਾਰ ਵਾਸੀ ਮੌੜ ਮੰਡੀ ਨੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਕੀਤੀ ਸੀ ਕਿ ਉਹ ਮੌੜ ਮੰਡੀ ਵਿਖੇ ਸਰਸਵਤੀ ਇੰਸਟੀਚਿਊਟ ਆਫ਼ ਨਰਸਿੰਗ ਨਾਮ ਦੀ ਸੰਸਥਾ ਚਲਾਉਂਦਾ ਹੈ। ਇਸ ਸੰਸਥਾ ਦੀ ਇੰਸਪੈਕਸ਼ਨ ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦੀ ਟੀਮ ਵੱਲੋਂ ਸਤੰਬਰ 2017 ਵਿੱਚ ਕੀਤੀ ਗਈ ਸੀ, ਲੇਕਿਨ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦਦ ਉਨ੍ਹਾਂ ਨੂੰ ਇਸ ਦਫ਼ਤਰ ਵੱਲੋਂ ਐਫੀਲੇਸ਼ਨ ਪੱਤਰ ਜਾਰੀ ਨਹੀਂ ਕੀਤਾ ਗਿਆ। ਉਸ ਵੱਲੋਂ ਇਹ ਪੱਤਰ ਲੈਣ ਲਈ ਕਈ ਵਾਰ ਇਸ ਦਫ਼ਤਰ ਪਾਸ ਪਹੁੰਚ ਕੀਤੀ ਗਈ, ਲੇਕਿਨ ਉਸ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੱਤਾ ਜਾਂਦਾ ਸੀ। ਕੱਲ੍ਹ ਜਦੋਂ ਉਹ ਇਸ ਸਬੰਧ ਵਿੱਚ ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦਫ਼ਤਰ ਮੈਡੀਕਲ ਭਵਨ ਸੈਕਟਰ 69 ਵਿੱਚ ਤਾਇਨਾਤ ਸੀਨੀਅਰ ਸਹਾਇਕ ਦਰਸ਼ੀ ਦੇਵੀ (ਜੋ ਇਸ ਨੂੰ ਡੀਲ ਕਰਦੀ ਸੀ) ਨੂੰ ਮਿਲਿਆ ਤਾਂ ਉਸ ਨੇ ਐਫੀਲੇਸ਼ਨ ਪੱਤਰ ਜਾਰੀ ਕਰਾਉਣ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਵਿਜੀਲੈਂਸ ਅਨੁਸਾਰ ਸਰਕਾਰੀ ਗਵਾਹਾਂ ਮਦਨ ਲਾਲ ਐਗਰੀਕਲਚਰ ਸਬ ਇੰਸਪੈਕਟਰ ਅਤੇ ਸੁੱਚਾ ਸਿੰਘ ਐਗਰੀਕਲਚਰ ਐਕਸਟੈਨਸ਼ਨ ਅਫ਼ਸਰ ਐਸ.ਏ.ਐਸ. ਨਗਰ ਦੀ ਹਾਜਰੀ ਵਿੱਚ ਟਰੈਪ ਲਗਾ ਕੇ ਦੋਸ਼ਣ ਦਰਸ਼ੀ ਦੇਵੀ ਨੂੰ ਸ਼ਿਕਾਇਤ ਕਰਤਾ ਸਵਰਨ ਪ੍ਰਕਾਸ਼ ਪਾਸੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦਫ਼ਤਰ ਮੈਡੀਕਲ ਭਵਨ ਸੈਕਟਰ 69 ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਰਿਸ਼ਵਤ ਵਾਲੀ ਰਕਮ ਗਵਾਹਾਂ ਦੀ ਹਾਜਰੀ ਵਿੱਚ ਬਰਾਮਦ ਕੀਤੀ ਗਈ। ਇਸ ਮੌਕੇ ਵਿਜੀਲੈਂਸ ਟੀਮ ਵਿੱਚ ਇੰਸਪੈਕਟਰ ਸਤਵੰਤ ਸਿੰਘ, ਇੰਸਪੈਕਟਰ ਪਰਮਜੀਤ ਕੌਰ, ਏ.ਐਸ.ਆਈ. ਕਸ਼ਮੀਰ ਸਿੰਘ, ਰਪਿੰਦਰ ਕੌਰ, ਐਚ.ਸੀ. ਭੁਪਿੰਦਰ ਸਿੰਘ ਅਤੇ ਸੀ-2 ਰਸ਼ਪਿੰਦਰ ਸਿੰਘ ਆਦਿ ਸ਼ਾਮਲ ਸਨ। ਸ੍ਰੀ ਵਿਰਕ ਨੇ ਦੱਸਿਆ ਕਿ ਲੋਕਾਂ ਨੂੰ ਰਿਸ਼ਵਤ ਖੋਰਾਂ ਨੂੰ ਫੜਾਉਣ ਲਈ ਇਸੇ ਤਰ੍ਹਾਂ ਅੱਗੇ ਆਉਣਾ ਚਾਹੀਦਾ ਹੈ, ਲੋਕ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਚਲਾਏ ਜਾ ਰਹੇ ਨੰਬਰ 1800 1800 1000 ਤੇ ਵੀ ਸੰਪਰਕ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…