
ਜ਼ਿਲ੍ਹਾ ਤੇ ਬਲਾਕ ਪੱਧਰੀ ਪਸ਼ੂ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਪਸ਼ੂਆਂ ਦੀ ਹੋਵੇਗੀ ਕੌਮੀ ਚੈਂਪੀਅਨਸ਼ਿਪ ਲਈ ਰਜਿਸਟੇਸ਼ਨ
ਸਿੱਧੂ ਨੇ ਕੀਤੀ 11ਵੀਂ ਨੈਸ਼ਨਲ ਲਾਈਟ ਸਟਾਕ ਚੈਂਪੀਅਨਸ਼ਿਪ ਤੇ ਐਕਸਪੋ ਸਬੰਧੀ ਵੱਖ ਵੱਖ ਵਿਭਾਗਾਂ ਨਾਲ ਅਹਿਮ ਮੀਟਿੰਗ
ਚੱਪੜਚਿੜੀ ਜੰਗੀ ਯਾਦਗਾਰ ਨੇੜੇ ਕਰਵਾਈ ਜਾਵੇਗੀ ਕੌਂਮੀ ਚੈਂਪੀਅਨਸ਼ਿਪ
ਐਸ.ਏ.ਐਸ. ਨਗਰ (ਮੁਹਾਲੀ), 30 ਨਵੰਬਰ
ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਚੱਪੜਚਿੜੀ ਜੰਗੀ ਯਾਦਗਾਰ ਨੇੜੇ ਕਰਵਾਈ ਜਾਣ ਵਾਲੀ 11ਵੀਂ ਨੈਸ਼ਨਲ ਲਾਈਵ ਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ ਲਈ ਪੰਜਾਬ ’ਚੋਂ ਕੇਵਲ ਉਨ੍ਹਾਂ ਪਸ਼ੂਆਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ, ਜੋ ਬਲਾਕ ਅਤੇ ਜ਼ਿਲ੍ਹਾ ਪੱਧਰੀ ਪਸ਼ੂਧਨ ਤੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕੌਮੀ ਚੈਂਪੀਅਨਸ਼ਿਪ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮੰਤਰੀ ਨੇ ਕਿਹਾ ਕਿ ਲੋਕਾਂ ਵਿੱਚ ਡੇਅਰੀ ਧੰਦਿਆਂ ਸਬੰਧੀ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਕੌਮੀ ਪੱਧਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਪਸ਼ੂਆਂ ਦੀ ਚੰਗੀ ਨਸਲ ਤਿਆਰ ਕਰਨ ਵਿੱਚ ਵੱਡੇ ਪੱਧਰ ’ਤੇ ਮਦਦ ਮਿਲੇਗੀ ਅਤੇ ਪਸ਼ੂ ਪਾਲਣ ਤੇ ਡੇਅਰੀ ਦਾ ਧੰਦਾ ਹੋਰ ਵਿਕਸਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਕੌਮੀ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਕੌਮੀ ਚੈਂਪੀਅਨਸ਼ਿਪ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਪਸ਼ੂਆਂ ਨੂੰ ਖਰੀਦਣ ਸਬੰਧੀ ਉਪਰਾਲੇ ਵੀ ਕੀਤੇ ਜਾਣਗੇ ਅਤੇ
ਚੈਂਪੀਅਨਸ਼ਿਪ ਦੌਰਾਨ ਘੋੜਿਆਂ ਦੀਆਂ ਸਰਪਟ ਦੌੜਾਂ ਅਤੇ ਰੇਬੀਆ ਚਾਲ ਮੁਕਾਬਲੇ ਕਰਵਾਉਣ ਲਈ ਰੇਸ ਟਰੈਕ ਤਿਆਰ ਕਰਨ, ਮੇਲੇ ਵਿੱਚ ਹਿੱਸਾ ਲੈਣ ਵਾਲੇ ਪਸ਼ੂਆਂ ਦੀ ਰਜਿਸਟਰੇਸ਼ਨ ਅਤੇ ਸਮਾਂ ਸਾਰਨੀ ਮੁਤਾਬਕ ਵੱਖ-ਵੱਖ ਮੁਕਾਬਲੇ ਕਰਵਾਉਣ, ਜੱਜਾਂ ਦਾ ਪ੍ਰਬੰਧ ਕਰਨ, ਪਸ਼ੂਆਂ ਲਈ ਹਰੇ ਅਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਨ, ਮੇਲੇ ਦੌਰਾਨ ਵੈਟਰਨਰੀ ਏਡ ਦਾ ਪ੍ਰਬੰਧ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਮੰਤਰੀ ਨੇ ਦੱਸਿਆ ਕਿ ਕੌਮੀ ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਉਤਪਾਦਾਂ ਸਬੰਧੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਦੌਰਾਨ ਕਬੱਡੀ ਦੇ ਸ਼ੋਅ ਮੈਚ ਕਰਵਾਉਣ ਦੇ ਨਾਲ ਨਾਲ ਸੱਭਿਆਚਾਰ ਪ੍ਰੋਗਰਾਮ ਵੀ ਕਰਵਾਏ ਜਾਣਗੇ।
ਮੀਟਿੰਗ ਵਿੱਚ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਸਕੱਤਰ ਰਾਜ ਕਮਲ ਚੌਧਰੀ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਏ.ਐਸ.ਨੰਦਾ, ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਸਮੇਤ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।