ਮੁਹਾਲੀ ਤਹਿਸੀਲ ਵਿੱਚ 31 ਅਗਸਤ ਤੋਂ ਸੰਭਵ ਹੋ ਪਾਉਣਗੀਆਂ ਘਟੀ ਹੋਈ ਸਟਾਂਪ ਡਿਊਟੀ ’ਤੇ ਰਜਿਸਟਰੀਆਂ

ਨੋਟੀਫਿਕੇਸ਼ਨ ਦੀ ਕਾਪੀ ਨਾ ਮਿਲਣ ਕਾਰਨ ਅੱਜ ਨਹੀਂ ਹੋਈ ਕੋਈ ਰਜਿਸਟਰੀ, ਤਹਿਸੀਲ ਰਹੀ ਪੁਰੀ ਤਰ੍ਹਾਂ ਸੁੰਨਸਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ ਸ਼ਹਿਰੀ ਜਾਇਦਾਦ ਦੀ ਰਜਿਸਟਰੀ ਲਈ ਵਸੂਲੀ ਜਾਂਦੀ ਸਟਾਂਪ ਡਿਊਟੀ ਦੀ ਦਰ 9 ਫੀਸਦੀ ਤੋਂ ਘਟਾ ਕੇ 6 ਫੀਸਦੀ ਕੀਤੇ ਜਾਣ ਸਬੰਧੀ ਪੱਤਰ ਜਾਰੀ ਕੀਤੇ ਜਾਣ ਦੇ ਬਾਵਜੂਦ ਅੱਜ ਵੀ ਮੁਹਾਲੀ ਤਹਿਸੀਲ ਵਿੱਚ ਰਜਿਸਟਰੀ ਦਾ ਕੰਮ ਠੱਪ ਰਿਹਾ ਅਤੇ ਤਹਿਸੀਲ ਦਫ਼ਤਰ ਵਿੱਚ ਸਟਾਂਪ ਡਿਊਟੀ ਘੱਟ ਕਰਨ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਨਾ ਮਿਲਣ ਦੀ ਗੱਲ ਕਹਿ ਕੇ ਘਟੀ ਹੋਈ ਦਰ ’ਤੇ ਰਜਿਸਟਰੀ ਕਰਵਾਉਣ ਤੋਂ ਇਨਕਾਰ ਕੀਤੇ ਜਾਣ ਕਾਰਨ ਤਹਿਸੀਲ ਵਿੱਚ ਸਾਰਾ ਦਿਨ ਸੁੰਨ ਵਰਤੀ ਰਹੀ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵੱਲੋੱ ਬੀਤੇ ਕੱਲ ਇਸ ਸਬੰਧੀ ਪੰਜਾਬ ਦੇ ਸਾਰੇ ਮੰਡਲਾਂ ਦੇ ਕਮਿਸ਼ਨਰਾਂ, ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ, ਇੰਸਪੈਕਟਰ ਜਨਰਲ ਆਫ ਰਜਿਸਟਰੇਸ਼ਨ ਜਲੰਧਰ, ਸਮੂਹ ਸਬ ਡਿਵੀਜਨ ਮੈਜਿਸਟਰੇਟਾਂ ਅਤੇ ਸਮੂਹ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਪੰਜਾਬ ਸਕਾਰ ਵੱਲੋਂ ਸ਼ਹਿਰੀ ਖੇਤਰਾਂ ਵਿਚ ਸਟਾਂਪ ਡਿਊਟੀ ਦੇ ਰੇਟ 9 ਫੀਸਦੀ ਤੋੱ ਘਟਾ ਕੇ 6 ਫੀਸਦੀ ਕਰਨ ਲਈ ਨੋਟੀਫਿਕੇਸ਼ਨ ਨੰਬਰ 23:ਕਪ/ 2017/ਮਿਤੀ 28.08.2017 ਰਾਹੀਂ ਇੰਡੀਅਨ ਸਟੈਂਪ (ਪੰਜਾਬ ਅਸੈਂਡਮੈਂਟ) ਆਰਡੀਨੈਂਸ ਨੰ: 5 ਆਫ 2017 ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਸ਼ਹਿਰੀ ਖੇਤਰਾਂ ਵਿਚ ਸਟੈਂਪ ਡਿਊਟੀ (ਅਗਲੇ ਹੁਕਮਾਂ ਤੱਕ) 6 ਫੀਸਦੀ ਦੀ ਦਰ ਤੇ ਹੀ ਲਗੇਗੀ।
ਇਸ ਪੱਤਰ ਦੇ ਨਾਲ ਨੋਟੀਫਿਕੇਸ਼ਨ ਦੀ ਕਾਪੀ ਵੀ ਭੇਜੀ ਗਈ ਸੀ ਪ੍ਰੰਤੂ ਅੱਜ ਜਦੋਂ ਸਥਾਨਕ ਤਹਿਸੀਲ ਦਫਤਰ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਉੱਥੇ ਪੂਰੀ ਤਰ੍ਹਾਂ ਸੁੰਨ ਵਰਤੀ ਹੋਈ ਸੀ ਅਤੇ ਰਜਿਸਟਰੀਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਸੀ। ਤਹਿਸੀਲ ਦਫਤਰ ਵਿਚ ਤਹਿਸਲੀਦਾਰ ਅਤੇ ਨਾਇਬ ਤਹਿਸੀਲਦਾਰ ਵੀ ਮੌਜੂਦ ਨਹੀਂ ਸੀ ਅਤੇ ਦਫਤਰ ਦੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਹੁਣ ਤੱਕ ਤਹਿਸੀਲ ਦਫਤਰ ਵਿਚ ਸੰਬੰਧਿਤ ਨੋਟੀਫਿਕੇਸ਼ਨ ਦੀ ਕਾਪੀ ਨਾ ਪਹੁੰਚਣ ਕਾਰਨ ਸਟਾਂਪ ਡਿਊਟੀ ਵਿੱਚ ਕਟੌਤੀ ਲਾਗੂ ਨਹੀਂ ਹੋਈ ਹੈ। ਇਸ ਦੌਰਾਨ ਉੱਥੇ ਰਜਿਸਟ੍ਰੀ ਕਰਵਾਉਣ ਦਾ ਕੋਈ ਚਾਹਵਾਨ ਵੀ ਨਜਰ ਨਹੀਂ ਆਇਆ ਅਤੇ ਤਹਿਸੀਲ ਦੇ ਕਰਮਚਾਰੀ ਵੀ ਵਿਹਲੇ ਬੈਠੇ ਸਨ।
ਇਸ ਸਬੰਧੀ ਤਹਿਸੀਲਦਾਰ ਜਸਪਾਲ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਵੱਲੋਂ ਹੁਣ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ। ਜਿਸ ਕਾਰਨ ਸਟਾਂਪ ਡਿਊਟੀ ਵਿਚ ਕਟੌਤੀ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਉਹ ਇੱਕ ਸਰਕਾਰੀ ਕੰਮ ਦੇ ਸਿਲਸਿਲੇ ਵਿਚ ਹਾਈਕੋਰਟ ਗਏ ਸਨ। ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਉਹਨਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਪ੍ਰੰਤੂ ਅੱਜ ਰਜਿਸਟਰੀਆਂ ਦਾ ਕੰਮ ਸੰਭਵ ਨਹੀਂ ਹੋ ਪਾਏਗਾ ਅਤੇ ਕੱਲ੍ਹ ਸਰਕਾਰੀ ਛੁੱਟੀ ਹੋਣ ਕਾਰਨ ਹੁਣ ਘਟੀ ਹੋਈ ਸਟਾਂਪ ਡਿਊਟੀ ਤੇ ਰਜਿਸਟਰੀਆਂ ਕਰਨ ਦਾ ਕੰਮ 31 ਅਗਸਤ (ਵੀਰਵਾਰ) ਨੂੰ ਸ਼ੁਰੂ ਹੋਵੇਗਾ।
ਇਸ ਮੌਕੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਤੇਜਿੰਦਰ ਸਿੰਘ ਪੂਨੀਆ, ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਧਵਨ ਅਤੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਸਰਕਾਰ ਵੱਲੋੱ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦਾ ਸੁਆਗਤ ਕਰਦਿਆਂ ਕਿਹਾ ਕਿ ਸਟਾਂਪ ਡਿਊਟੀ ਵਿੱਚ ਕਟੌਤੀ ਲਾਗੂ ਹੋਣ ਨਾਲ ਸੰਸਥਾ ਦੀ ਲੰਬੇ ਸਮੇੱ ਤੋੱ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ। ਉਹਨਾਂ ਕਿਹਾ ਕਿ ਇਸ ਕਟੌਤੀ ਦੇ ਲਾਗੂ ਹੋਣ ਨਾਲ ਜਿੱਥੇ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਆਈ ਖੜੌਂਤ ਖਤਮ ਹੋਵੇਗੀ ਉੱਥੇ ਰਜਿਸਟ੍ਰੀ ਉੱਪਰ ਹੋਣ ਵਾਲੇ ਖਰਚੇ ਵਿੱਚ ਕਟੌਤੀ ਹੋਣ ਨਾਲ ਜਾਇਦਾਦ ਦੇ ਸੌਦੇ ਵੱਧ ਹੋਣਗੇ ਅਤੇ ਅਜਿਹਾ ਹੋਣ ਨਾਲ ਸਰਕਾਰ ਦਾ ਮਾਲੀਆ ਵੀ ਵਧੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…