ਪੁਨਰਵਾਸ ਕੇਂਦਰ ਦੇ ਡਾਇਰੈਕਟਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ’ਤੇ ਰਿਸ਼ਵਤ ਮੰਗਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਏਕਮ ਫਾਉਂਡੇਸ਼ਨ ਖਰੜ (ਪੁਨਰਵਾਸ ਕੇਂਦਰ) ਦੇ ਪ੍ਰਾਜੈਕਟ ਡਾਇਰੈਕਟਰ ਬਲਵਿੰਦਰ ਸਿੰਘ ਨੇ ਸਿਹਤ ਵਿਭਾਗ ਦੇ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏਕਮ ਫਾਉਂਡੇਸ਼ਨ ਦੇ ਪ੍ਰਾਜੈਕਟ ਡਾਇਰੈਕਟਰ ਬਲਵਿੰਦਰ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਹ ਪਿਛਲੇ ਕੁੱਝ ਸਾਲਾਂ ਤੋਂ ਖਰੜ ਵਿੱਚ ਏਕਮ ਫਾਉਂਡੇਸ਼ਨ ਦੇ ਬੈਨਰ ਹੇਠ ਨਿਯਮਾਂ ਮੁਤਾਬਕ ਸਿਹਤ ਵਿਭਾਗ ਤੋਂ ਲਾਇਸੈਂਸ ਲੈ ਕੇ ਪੁਨਰਵਾਸ ਕੇਂਦਰ ਚਲਾ ਰਿਹਾ ਸੀ ਕਿ 19 ਨਵੰਬਰ 2016 ਨੂੰ ਸਿਹਤ ਵਿਭਾਗ ਦੇ ਇੱਕ ਕਲਰਕ ਅਤੇ ਡਿਪਟੀ ਡਾਇਰੈਕਟਰ ਵੱਲੋਂ ਸੰਸਥਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਕੁੱਝ ਦਿਨਾਂ ਬਾਅਦ ਕੁੱਝ ਖ਼ਾਮੀਆਂ ਦਾ ਹਵਾਲਾ ਦੇ ਕੇ ਏਕਮ ਫਾਉਂਡੇਸ਼ਨ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ। ਇਸ ਮਗਰੋਂ ਉਨ੍ਹਾਂ ਨੇ ਪ੍ਰੋਗਰਾਮ ਅਫ਼ਸਰ ਪੰਜਾਬ ਤੱਕ ਪਹੁੰਚ ਕਰਕੇ ਦੱਸਿਆ ਕਿ ਜਿਹੜੀਆਂ ਖ਼ਾਮੀਆਂ ਉਨ੍ਹਾਂ ਦੇ ਕੇਂਦਰ ਵਿੱਚ ਦੱਸੀਆਂ ਗਈਆਂ ਹਨ, ਅਜਿਹੀ ਕੋਈ ਖ਼ਾਮੀ ਨਹੀਂ ਹੈ। ਅਧਿਕਾਰੀ ਨੇ ਉਨ੍ਹਾਂ ਨੂੰ ਦੁਬਾਰਾ ਆਪਣੇ ਕਲਰਕ ਨੂੰ ਮਿਲਣ ਲਈ ਕਹਿ ਕੇ ਵਾਪਸ ਭੇਜ ਦਿੱਤਾ।
ਸ੍ਰੀ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਕਲਰਕ ਨੇ ਪੁਨਰਵਾਸ ਕੇਂਦਰ ਦਾ ਲਾਇਸੈਂਸ ਬਹਾਲ ਕਰਨ ਬਦਲੇ ਉਨ੍ਹਾਂ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਸਬੰਧੀ ਉਨ੍ਹਾਂ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਮਿਲ ਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਤਾਂ ਉਨ੍ਹਾਂ ਦੇ ਕਹਿਣ ’ਤੇ ਉਸ ਨੇ 300 ਰੁਪਏ ਦਾ ਡਰਾਫ਼ਟ ਲਗਾ ਕੇ ਅਪੀਲ ਦਾਖ਼ਲ ਕੀਤੀ ਗਈ ਤਾਂ ਜੋ ਪੰਦਰਾਂ ਕੁ ਦਿਨਾਂ ਵਿੱਚ ਉਨ੍ਹਾਂ ਦੇ ਕੇਂਦਰ ਦੀ ਮੁੜ ਚੈਕਿੰਗ ਕੀਤੀ ਜਾ ਸਕੇ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤਾਈਂ ਕੇਂਦਰ ਦੀ ਮੁੜ ਜਾਂਚ ਨਹੀਂ ਕੀਤੀ ਗਈ। ਬਲਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਕਿ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖ਼ਿਲਾਫ਼ ਵਿਰੁੱਧ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …