
ਰਿਸ਼ਤੇਦਾਰਾਂ ’ਤੇ ਬਹੁ-ਕਰੋੜੀ ਵਿਰਾਸਤੀ ਜ਼ਮੀਨ ਹੜੱਪਣ ਦਾ ਦੋਸ਼, ਪੁਲੀਸ ਜਾਂਚ ’ਚ ਉਲਝੀ ਤਾਣੀ
ਅਪਰਾਧਿਕ ਕੇਸ ਦਰਜ ਹੋਣ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਮੁਹਾਲੀ ਪੁਲੀਸ
ਮੁਲਜ਼ਮਾਂ ਵੱਲੋਂ ਸ਼ਿਕਾਇਤਕਰਤਾ ’ਤੇ ਲਗਾਤਾਰ ਪਾਇਆ ਜਾ ਰਿਹੈ ਕੇਸ ਵਾਪਸ ਲੈਣ ਦਾ ਦਬਾਅ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਪੰਜਾਬ ਵਿੱਚ ਭੂ-ਮਾਫ਼ੀਆ ਸਮੇਤ ਅਨੇਕਾਂ ਮਾਫ਼ੀਆ ਗਰੁੱਪਾਂ ਨੂੰ ਨੱਥ ਪਾਉਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਪ ਸਰਕਾਰ ਦੇ ਸ਼ਾਸਨ ਵਿੱਚ ਪੁਲੀਸ ਦੀ ਕਥਿਤ ਮਿਲੀਭੁਗਤ ਨਾਲ ਲੋਕਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਹਥਿਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਪਿੰਡ ਸੇਖਨਮਾਜਰਾ ਵਿੱਚ ਸਾਹਮਣੇ ਆਇਆ ਹੈ। ਪੀੜਤ ਮਨਜੀਤ ਸਿੰਘ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਧੋਖੇ ਨਾਲ ਜ਼ਮੀਨ ਹਥਿਆਉਣ ਦੇ ਦੋਸ਼ ਵਿੱਚ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਆਨਾਕਾਨੀ ਕਰ ਰਹੀ ਹੈ।
ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਜੀਤ ਸਿੰਘ ਵਾਸੀ ਪਿੰਡ ਛੱਤ ਅਤੇ ਮਲਕੀਤ ਸਿੰਘ ਵਾਸੀ ਪਿੰਡ ਸੇਖਨ ਮਾਜਰਾ ਕਿਹਾ ਕਿ ਉਨ੍ਹਾਂ ਦੇ ਅਣਵਿਆਹੇ (ਛੜੇ) ਚਾਚਾ ਮੇਵਾ ਸਿੰਘ ਵਾਸੀ ਪਿੰਡ ਸੇਖਨਮਾਜਰਾ ਦੇ ਹਿੱਸੇ 20 ਕਨਾਲ ਵਿਰਾਸਤੀ ਜ਼ਮੀਨ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਮੇਵਾ ਸਿੰਘ ਦਾ ਅਨਪੜ੍ਹ ਹੋਣ ਦਾ ਫਾਇਦਾ ਚੁੱਕਦਿਆਂ ਸਾਰੀ ਜ਼ਮੀਨ ਦੀ ਰਜਿਸਟਰੀ ਧੋਖੇ ਨਾਲ ਬਿਨਾਂ ਕੋਈ ਪੇਮੈਂਟ ਕੀਤਿਆਂ ਆਪਣੇ ਨਾਮ ਕਰਵਾ ਲਈ ਹੈ। ਉਂਜ ਖਾਨਾਪੂਰਤੀ ਲਈ ਉਨ੍ਹਾਂ ਨੇ ਕਾਗਜ਼ਾਂ ਵਿੱਚ 1 ਕਰੋੜ 88 ਲੱਖ ਰੁਪਏ ਵਿੱਚ ਸੌਦਾ ਤੈਅ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਦੋਂਕਿ ਜ਼ਮੀਨ ਦੀ ਕੁੱਲ ਕੀਮਤ ਕਰੀਬ 7.5 ਕਰੋੜ ਰੁਪਏ ਬਣਦੀ ਹੈ। ਇੱਥੇ ਹੀ ਬੱਸ ਨਹੀਂ ਉਨ੍ਹਾਂ ਦੀ ਮਹਿਲਾ ਰਿਸ਼ਤੇਦਾਰ ਨੇ ਇਹ ਜ਼ਮੀਨ 8 ਸਤੰਬਰ 2021 ਅਤੇ 4 ਅਕਤੂਬਰ 2021 ਨੂੰ ਨੰਬਰਦਾਰ ਨਾਲ ਕਥਿਤ ਮਿਲੀਭੁਗਤ ਕਰਕੇ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ ਹੈ। ਜਦੋਂਕਿ ਉਨ੍ਹਾਂ ਦੇ ਚਾਚਾ ਮੇਵਾ ਸਿੰਘ ਦੀ 2019 ਵਿੱਚ ਮੌਤ ਹੋ ਚੁੱਕੀ ਹੈ।
ਇਸ ਸਬੰਧੀ ਸੋਹਾਣਾ ਥਾਣੇ ਵਿੱਚ ਮੁਲਜ਼ਮਾਂ ਖ਼ਿਲਾਫ਼ 25 ਫਰਵਰੀ 2022 ਨੂੰ ਧਾਰਾ 420, 406, 120ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਹੁਣ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਉਨ੍ਹਾਂ (ਸ਼ਿਕਾਇਤ ਕਰਤਾਵਾਂ) ’ਤੇ ਕੇਸ ਵਾਪਸ ਲੈਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ, ਡੀਜੀਪੀ ਅਤੇ ਐੱਸਐੱਸਪੀ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੁਹਾਰ ਲਗਾਈ ਹੈ।
ਉਧਰ, ਇਸ ਸਬੰਧੀ ਸੋਹਾਣਾ ਥਾਣਾ ਦੇ ਐੱਸਐੱਚਓ ਇੰਸਪੈਕਟਰ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜ਼ਿਲ੍ਹਾ ਪੁਲੀਸ ਦੇ ਈਓ ਵਿੰਗ ਵੱਲੋਂ ਕੀਤੀ ਜਾ ਰਹੀ ਹੈ। ਜਿਸ ਕਾਰਨ ਇਸ ਸਮੇਂ ਉਨ੍ਹਾਂ ਕੋਲ ਮੌਜੂਦਾ ਸਟੇਟਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਇਸ ਸਬੰਧੀ ਈਓ ਵਿੰਗ ਦੇ ਸਬੰਧਤ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਹੀਂ ਹੋ ਸਕਿਆ। ਅਧਿਕਾਰੀ ਨੂੰ ਫੋਨ ਕਰਨ ’ਤੇ ਕੰਪਿਊਟਰਰਾਈਡਜ਼ ਸੁਨੇਹਾ ਲਾਇਆ ਗਿਆ ਕਿ ਇਸ ਨੰਬਰ ’ਤੇ ਇਨਕਮਿੰਗ ਕਾਲ ਦੀ ਸੁਵਿਧਾ ਉਪਲਬਧ ਨਹੀਂ ਹੈ।