ਵਿਆਹ ਪਾਰਟੀ ਵਿੱਚ ਡੀ.ਜੇ ਨੂੰ ਲੈ ਕੇ ਨਜ਼ਦੀਕੀ ਰਿਸ਼ਤੇਦਾਰ ਆਪਸ ਵਿੱਚ ਉਲਝੇ
ਹਮਲਾਵਰਾਂ ਨੇ ਇੰਡਗੋ ਕਾਰ ਦੇ ਸ਼ੀਸ਼ੇ ਭੰਨੇ ਅਤੇ ਮਕਾਨ ਦੀ ਵੀ ਕੀਤੀ ਭੰਨਤੋੜ, ਪੁਲੀਸ ਵੱਲੋਂ ਜਾਂਚ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਇੱਥੋਂ ਦੇ ਨੇੜਲੇ ਪਿੰਡ ਕੰਬਾਲਾ ਬੀਤੇ ਦਿਨੀਂ ਇੱਕ ਵਿਆਹ ਪਾਰਟੀ ਦੌਰਾਨ ਡੀ.ਜੇ. ਨੂੰ ਲੈ ਕੇ ਨਜ਼ਦੀਕੀ ਰਿਸ਼ਤੇਦਾਰ ਹੀ ਆਪਸ ਵਿੱਚ ਉਲਝ ਗਏ ਅਤੇ ਸ਼ਾਮ ਨੂੰ ਘਰ ਪਹੁੰਚ ਕੇ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਇਸ ਦੌਰਾਨ ਇੱਕ ਬਜ਼ੁਰਗ ਰਿਸ਼ਤੇਦਾਰ ਮਹਿੰਦਰ ਸਿੰਘ (60) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ਵਿੱਚ 7-8 ਟਾਂਕੇ ਲੱਗੇ ਹਨ। ਇਸ ਸਬੰਧੀ ਸੋਹਾਣਾ ਥਾਣੇ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਤਾ ਲੱਗਾ ਕਿ ਸ਼ੁੱਕਰਵਾਰ ਨੂੰ ਮਹਿੰਦਰ ਸਿੰਘ ਦੇ ਇੱਕ ਭਰਾ ਦੇ ਬੇਟੇ ਦਾ ਵਿਆਹ ਸੀ ਅਤੇ ਪੈਲੇਸ ਵਿੱਚ ਡੀਜੇ ਨੂੰ ਲੈ ਕੇ ਨਜ਼ਦੀਕੀ ਰਿਸਤੇਦਾਰਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਜਦੋਂ ਕਿ ਮੁੰਡਾ ਵਿਆਹ ਕੇ ਬਰਾਤ ਪਿੰਡ ਪਹੁੰਚ ਗਈ ਤਾਂ ਸ਼ਾਮ ਨੂੰ ਦੋਵੇਂ ਪਰਿਵਾਰ ਹੱਥੋਪਾਈ ਹੋ ਗਏ।
ਉਧਰ, ਪੀੜਤ ਬਜ਼ੁਰਗ ਨੇ ਪੁਲੀਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਬੀਤੇ ਕੱਲ੍ਹ ਵਿਆਹ ਪਾਰਟੀ ਦੌਰਾਨ ਡੀਜੇ ਚਲਾਉਣ ਲੈ ਕੇ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਝਗੜਾ ਹੋ ਗਿਆ ਅਤੇ ਸ਼ਾਮ ਨੂੰ ਉਹ ਆਪਣੇ ਘਰ ਆ ਗਏ ਸੀ ਲੇਕਿਨ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਰਿਸਤੇਦਾਰਾਂ ਨੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਉਸ ਦੀ ਕਾਰ ਅਤੇ ਘਰ ਦੀ ਕਾਫੀ ਭੰਨਤੋੜ ਕੀਤੀ ਗਈ। ਜਿਵੇਂ ਹੀ ਉਹ ਕੁੰਡੀ ਖੋਲ ਕੇ ਬਾਹਰ ਆਇਆ ਤਾਂ ਹਮਲਾਵਰਾਂ ਨੇ ਉਸ ਦੇ ਸਿਰ ਵਿੱਚ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਬਾਅਦ ਵਿੱਚ ਲਲਕਾਰੇ ਮਾਰਦੇ ਹੋਏ ਉਥੇ ਫਰਾਰ ਹੋ ਗਏ। ਉਸ ਦੇ ਰਿਸ਼ਤੇਦਾਰਾਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਸਿਰ ਫਾੜ ਦਿੱਤਾ ਹੈ ਅਤੇ ਉਸ ਦੇ ਸਿਰ ਵਿੱਚ 7-8 ਟਾਂਕੇ ਲੱਗੇ ਹਨ।
ਉਧਰ, ਇਸ ਸਬੰਧੀ ਸੋਹਾਣਾ ਥਾਣੇ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਪੀੜਤ ਬਜ਼ੁਰਗ ਦੇ ਬਿਆਨ ਦਰਜ ਕਰ ਲਏ ਹਨ ਅਤੇ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਕੋਈ ਵੀ ਕਸੂਰਵਾਰ ਪਾਇਆ ਗਿਆ। ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।